New orders by Patiala DC 16 June

June 16, 2021 - PatialaPolitics

 

ਕੋਵਿਡ-19 ਬਾਰੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਤੇ ਛੋਟਾਂ ਦੇ ਨਵੇਂ ਹੁਕਮ ਜਾਰੀ
-ਕੈਫ਼ੇ, ਕੌਫ਼ੀ ਸ਼ਾਪਸ, ਫਾਸਟ ਫੂਡ ਆਊਟਲੈਟਸ, ਢਾਬੇ, ਸਿਨੇਮਾ, ਜਿੰਮ, ਮਿਊਜੀਅਮਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ
-ਸਿੱਖਿਆ ਸੰਸਥਾਵਾਂ, ਸਕੂਲ ਤੇ ਕਾਲਜਾਂ ਸਣੇ ਬਾਰ, ਪੱਬਜ ਤੇ ਅਹਾਤੇ ਬੰਦ ਰਹਿਣਗੇ
-ਵਿਆਹਾਂ ਤੇ ਹੋਰ ਸਮਾਗਮਾਂ ‘ਚ 50 ਜਣਿਆਂ ਤੋਂ ਵਧੇਰੇ ਲੋਕਾਂ ਦੇ ਇਕੱਠ ਦੀ ਨਹੀਂ ਹੋਵੇਗੀ ਆਗਿਆ
-ਨਾਨ ਏ.ਸੀ. ਬੱਸਾਂ ‘ਚ ਪੂਰੀ ਸਮਰੱਥਾ ਨਾਲ ਬੈਠ ਸਕਣਗੀਆਂ ਸਵਾਰੀਆਂ ਪਰ ਖੜ੍ਹੇ ਹੋਕੇ ਸਫ਼ਰ ਦੀ ਆਗਿਆ ਨਹੀਂ, ਏ.ਸੀ. ਬੱਸਾਂ ਵੀ ਸਵਾਰੀਆਂ ਦੀ 50 ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ
-ਰੋਜ਼ਾਨਾ ਰਾਤ ਦਾ ਕਰਫਿਊ ਲਾਗੂ, ਹਫ਼ਤਾਵਾਰੀ ਕਰਫਿਊ ਰਾਤ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ
ਪਟਿਆਲਾ, 16 ਜੂਨ:
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕੋਵਿਡ-19 ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਆਪਣੇ ਪੁਰਾਣੇ ਹੁਕਮਾਂ ‘ਚ ਤਬਦੀਲੀ ਕਰਕੇ ਜ਼ਿਲ੍ਹੇ ਅੰਦਰ ਹੁਣ ਕੈਫ਼ੇ, ਕੌਫ਼ੀ ਸ਼ਾਪਸ, ਫਾਸਟ ਫੂਡ ਆਊਟਲੈਟਸ, ਢਾਬੇ, ਸਿਨੇਮਾ, ਜਿੰਮ, ਮਿਊਜੀਅਮਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਹੈ।
ਇਸ ਤੋਂ ਬਿਨ੍ਹਾਂ ਸਿੱਖਿਆ ਸੰਸਥਾਵਾਂ, ਸਕੂਲ ਤੇ ਕਾਲਜਾਂ ਸਣੇ ਬਾਰ, ਪੱਬਜ ਤੇ ਅਹਾਤੇ ਬੰਦ ਰਹਿਣਗੇ, ਵਿਆਹਾਂ ਤੇ ਹੋਰ ਸਮਾਗਮਾਂ ‘ਚ 50 ਜਣਿਆਂ ਤੋਂ ਵਧੇਰੇ ਲੋਕਾਂ ਦੇ ਇਕੱਠ ਦੀ ਨਹੀਂ ਹੋਵੇਗੀ ਆਗਿਆ। ਨਾਨ ਏ.ਸੀ. ਬੱਸਾਂ ‘ਚ ਸਵਾਰੀਆਂ ਪੂਰੀ ਸਮਰੱਥਾ ਨਾਲ ਬੈਠ ਸਕਣਗੀਆਂ ਪਰ ਇਨ੍ਹਾਂ ਬੱਸਾਂ ‘ਚ ਸਵਾਰੀਆਂ ਨੂੰ ਖੜ੍ਹੇ ਹੋਕੇ ਸਫ਼ਰ ਕਰਨ ਦੀ ਆਗਿਆ ਨਹੀਂ ਹੋਵੇਗੀ ਜਦਕਿ ਏ.ਸੀ. ਬੱਸਾਂ ਵੀ ਸਵਾਰੀਆਂ ਦੀ 50 ਫ਼ੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਹੁਕਮਾਂ ‘ਚ ਜ਼ਿਲ੍ਹੇ ਅੰਦਰ ਹਫ਼ਤਾਵਾਰੀ ਕਰਫਿਊ ਦੇ ਸਮੇਂ ‘ਚ ਤਬਦੀਲੀ ਕਰਦਿਆਂ ਇਸ ਨੂੰ ਰੋਜ਼ਾਨਾ ਰਾਤ 8 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ ਤੱਕ ਅਤੇ ਸ਼ਨੀਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ, ਅਗਲੇ ਹੁਕਮਾਂ ਤੱਕ ਲਾਗੂ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਜਰੂਰੀ ਸੇਵਾਵਾਂ ਤੇ ਵਸਤਾਂ ਦੀ ਆਵਾਜਾਈ ਅਤੇ ਮੈਡੀਕਲ ਮੰਤਵ ਤੋਂ ਇਲਾਵਾ ਬਾਕੀ ਗ਼ੈਰ ਜਰੂਰੀ ਆਵਾਜਾਈ ਬੰਦ ਰਹੇਗੀ।
ਛੋਟਾਂ ਦਾ ਜ਼ਿਕਰ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਕੋਵਿਡ ਸਬੰਧੀ ਵਿਵਹਾਰ ਦੀ ਪਾਲਣਾ ਕਰਦਿਆਂ ਹਸਪਤਾਲ, ਨਰਸਿੰਗ ਹੋਮਜ, ਵੈਟਰਨਰੀ ਹਸਪਤਾਲ, ਲੈਬਾਰਟਰੀਜ, ਫਾਰਮੇਸੀ, ਮੈਡੀਕਲ ਅਦਾਰੇ (ਜਨ ਔਸ਼ਧੀ ਕੇਂਦਰ) ਤੇ ਸਾਰੇ ਨਿਜੀ ਤੇ ਸਰਕਾਰੀ ਖੇਤਰ ਦੇ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਦੇ ਅਦਾਰੇ ਤੇ ਇਨ੍ਹਾਂ ਨਾਲ ਸਬੰਧਤ ਆਵਾਜਾਈ ਤੇ ਐਂਬੂਲੈਂਸਾਂ ਨੂੰ ਲੋੜੀਂਦੇ ਦਸਤਾਵੇਜ ਦਿਖਾ ਕੇ ਚਲਣ ਦੀ ਛੋਟ ਹੈ।
ਜ਼ਰੂਰੀ ਸਾਮਾਨ ਜਿਵੇ ਕਿ ਦੁੱਧ, ਡੇਅਰੀ ਉਤਪਾਤ, ਪੋਲਟਰੀ ਉਤਪਾਦ (ਆਂਡੇ, ਮੀਟ), ਬ੍ਰੈਡ, ਸਬਜੀਆਂ ਤੇ ਫਲਾਂ ਵਾਲਿਆਂ ਨੂੰ ਛੋਟ ਜਾਰੀ ਰਹੇਗੀ ਉਦਯੋਗਿਕ ਸਾਜੋ-ਸਮਾਨ ਵੇਚਣ ਵਾਲੀਆਂ ਦੁਕਾਨਾਂ ਤੇ ਹੋਰ ਅਦਾਰੇ, ਨਿਰਯਾਤ-ਆਯਾਤ ਨਾਲ ਜੁੜੇ ਅਦਾਰੇ, ਮੱਛੀ ਪਾਲਣ ਨਾਲ ਸਬੰਧਤ ਸੇਵਾਵਾਂ ਜਿਸ ਮੱਛੀ, ਮੀਟ ਅਤੇ ਫ਼ਿਸ ਸੀਡ ਨੂੰ ਵੀ ਪਾਬੰਦੀ ਦੌਰਾਨ ਛੋਟ ਦਿੱਤੀ ਗਈ ਹੈ।
ਯਾਤਰੀਆਂ ਨੂੰ ਜਹਾਜ਼ਾਂ, ਰੇਲਾਂ, ਬੱਸਾਂ ਰਾਹੀਂ ਯਾਤਰਾ ਦੇ ਦਸਤਾਵੇਜਾਂ ਨਾਲ ਯਾਤਰਾ ਦੀ ਆਗਿਆ ਅਤੇ ਅੰਤਰ-ਰਾਜੀ ਆਵਾਜਾਈ, ਜਰੂਰੀ ਤੇ ਗ਼ੈਰਜਰੂਰੀ ਵਸਤਾਂ ਦੀ ਢੋਆ-ਢੋਆਈ ਅਤੇ ਈ-ਕਾਮਰਸ ਰਾਹੀਂ ਸਾਰੀਆਂ ਜਰੂਰੀ ਵਸਤਾਂ, ਜਿਨ੍ਹਾਂ ‘ਚ ਭੋਜਨ, ਫਾਰਮਾਸਿਊਟੀਕਲਜ, ਮੈਡੀਕਲ ਸਾਜੋ-ਸਮਾਨ ਦੀ ਢੋਆ-ਢੋਆਈ ਨੂੰ ਵੀ ਛੋਟ ਹੈ। ਪਿੰਡਾਂ ਤੇ ਸ਼ਹਿਰਾਂ ‘ਚ ਉਸਾਰੀ ਗਤੀਵਿਧੀਆਂ ਤੇ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ ਸੇਵਾਵਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਛੋਟ ਰਹੇਗੀ, ਵੈਕਸੀਨੇਸ਼ਨ ਕੈਂਪ ਲੱਗਣਗੇ।
ਉਤਪਾਦਨ ਉਦਯੋਗ ਤੇ ਸੇਵਾ ਖੇਤਰ ਦੀ ਇੰਡਸਟਰੀ ਤੇ ਇਨ੍ਹਾਂ ਨਾਲ ਸਬੰਧਤ ਮੁਲਾਜਮਾਂ ਦੀ ਆਵਾਜਾਈ ਨੂੰ ਵੀ ਛੋਟ ਹੈ, ਪੈਟਰੋਲ ਪੰਪਾਂ, ਗੈਸ ਸਟੇਸ਼ਨਾਂ, ਆਈ.ਟੀ. ਟੈਲੀਕਮਿਉਨੀਕੇਸ਼ਨ, ਇੰਟਰਨੈਟ ਬਰਾਡਕਾਸਟਿੰਗ ਤੇ ਕੇਬਲ ਸੇਵਾਵਾਂ, ਬਿਜਲੀ ਨਾਲ ਸਬੰਧਤ ਸੇਵਾਵਾਂ, ਕੋਲਡ ਤੇ ਵੇਅਰਹਾਊਸ ਸੇਵਾਵਾਂ, ਆਰ.ਬੀ.ਆਈ., ਬੈਂਕਾਂ, ਏ.ਟੀ.ਐਮ. ਕੈੇਸ਼ ਵੈਨਾਂ, ਨਿਜੀ ਸੁਰੱਖਿਆ ਸੇਵਾ ਆਦਿ ਨੂੰ ਵੀ ਛੋਟ ਰਹੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ‘ਚ ਕਿਹਾ ਹੈ ਕਿ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਕੋਵਿਡ-19 ਦੇ ਨੇਮਾਂ ‘ਤੇ ਪਹਿਰਾ ਦੇਣਾ ਲਾਜਮੀ ਹੈ, ਜਨਤਕ ਟਰਾਂਸਪੋਰਟ, ਬਾਜ਼ਾਰਾਂ, ਭੀੜ ਵਾਲੀਆਂ ਥਾਵਾਂ ‘ਚ ਦੋ ਗਜ ਦੀ ਸਮਾਜਿਕ ਵਿੱਥ ਕਾਇਮ ਰੱਖੀ ਜਾਵੇ, ਮਾਸਕ ਲਾਉਣਾ ਲਾਜਮੀ ਤੇ ਜਨਤਕ ਥਾਵਾਂ ‘ਤੇ ਥੁੱਕਣ ਦੀ ਪਾਬੰਦੀ ਹੈ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡੀਜਾਸਟਰ ਮੈਨੇਜਮੈਂਟ ਐਕਟ 2005 ਦੀਆਂ 51 ਤੋਂ 60 ਤੱਕ ਧਾਰਾਵਾਂ ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।