Certificates of Ownership handed over to 2097 beneficiaries living in slums under Basera Scheme in Patiala District – Brahm Mahindra

November 14, 2021 - PatialaPolitics

ਬਸੇਰਾ ਸਕੀਮ ਅਧੀਨ ਝੁੱਗੀ ਝੌਂਪੜੀਆਂ ‘ਚ ਜੀਵਨ ਬਸਰ ਕਰ ਰਹੇ 2097 ਲਾਭਪਾਤਰੀਆਂ ਨੂੰ ਪਟਿਆਲਾ ਜ਼ਿਲੇ ‘ਚ ਮਾਲਕਾਨਾ ਹੱਕ ਦੇ ਸਰਟੀਫਿਕੇਟ ਸੌਂਪੇ-ਬ੍ਰਹਮ ਮਹਿੰਦਰਾ
-ਜ਼ਿਲੇ ਦੀਆਂ 12 ਬਸਤੀਆਂ ‘ਚ 2543 ਲਾਭਪਾਤਰੀਆਂ ਦੀ ਹੋਈ ਪਛਾਣ
-ਲਾਭਪਾਤਰੀ ਪਰਿਵਾਰਾਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ
ਪਟਿਆਲਾ, 13 ਨਵੰਬਰ:
ਪੰਜਾਬ ਸਰਕਾਰ ਵੱਲੋਂ ਝੁੱਗੀ ਝੌਂਪੜੀਆਂ ਵਿਚ ਜੀਵਨ ਬਸਰ ਕਰ ਰਹੇ ਵਿਅਕਤੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਲਾਗੂ ਕੀਤੀ ਅਹਿਮ ਸਕੀਮ ‘ਬਸੇਰਾ’ ਨੇ ਇਸ ਸਕੀਮ ਦਾ ਲਾਭ ਲੈਣ ਵਾਲੇ ਪਰਿਵਾਰਾਂ ਦਾ ਜੀਵਨ ਬਦਲ ਦਿੱਤਾ ਹੈ। ਇਸ ਸਕੀਮ ਤਹਿਤ ਸੰਨਦਾਂ ਹਾਸਲ ਕਰਨ ਵਾਲੇ ਲਾਭਪਾਤਰੀ ਪਰਿਵਾਰਾਂ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਬਸੇਰਾ ਸਕੀਮ ਬਾਰੇ ਹੋਰ ਵੇਰਵੇ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪਟਿਆਲਾ ਜ਼ਿਲੇ ‘ਚ ਇਸ ਤਹਿਤ ਹੁਣ ਤੱਕ 12 ਬਸਤੀਆਂ ਦੇ 2543 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ ਜਦੋਂਕਿ 2097 ਲਾਭਪਾਤਰੀਆਂ ਨੂੰ ਸੰਨਦਾਂ ਸੌਂਪੀਆਂ ਜਾ ਚੁੱਕੀਆਂ ਹਨ।
ਸ੍ਰੀ ਮਹਿੰਦਰਾ ਨੇ ਅੱਗੇ ਦੱਸਿਆ ਕਿ ਘਨੌਰ ਵਿਖੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ 1 ਬਸਤੀ ਦੇ 226 ਲਾਭਪਾਤਰੀਆਂ ਅਤੇ ਰਾਜਪੁਰਾ ‘ਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ 4 ਬਸਤੀਆਂ ਦੇ 1096 ਲਾਭਪਾਤਰੀਆਂ ਨੂੰ ਸੰਨਦਾਂ ਵੰਡੀਆਂ ਜਾ ਚੁੱਕੀਆਂ ਹਨ। ਪਟਿਆਲਾ ਨਗਰ ਨਿਗਮ ਅਧੀਨ 5 ਬਸਤੀਆਂ ਦੇ 936 ਪਰਿਵਾਰਾਂ ਦੀ ਸਟੀਅਰਿੰਗ ਕਮੇਟੀ ਵੱਲੋਂ ਪਛਾਣ ਕੀਤੀ ਗਈ ਸੀ। ਜਦੋਂਕਿ ਨਾਭਾ ‘ਚ ਵਿਧਾਇਕ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ 2 ਬਸਤੀਆਂ ਦੇ 285 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ। ਇਨਾਂ ‘ਚ 45 ਵਰਗ ਗਜ ਥਾਂ ਵਾਲੇ 1353 ਅਤੇ 45 ਵਰਗ ਗਜ ਤੋਂ ਵਧ ਥਾਂ ਵਾਲੇ 1175 ਪਰਿਵਾਰ ਸ਼ਾਮਲ ਹਨ।
ਸ੍ਰੀ ਬ੍ਰਹਮ ਮਹਿੰਦਰਾ ਨੇ ਹੋਰ ਦੱਸਿਆ ਕਿ ਇਸ ਸਕੀਮ ਦਾ ਲਾਭ ਅਸਲ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਲਈ ਉਨਾਂ ਦਾ ਵਿਭਾਗ ਲਗਾਤਾਰ ਉਪਰਾਲੇ ਕਰ ਰਿਹਾ ਹੈ। ਉਨਾਂ ਦੱਸਿਆ ਕਿ ਦੀਵਾਲੀ ਦੇ ਮੌਕੇ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ੁਦ ‘ਬਸੇਰਾ ਸਕੀਮ’ ਦੇ ਲਾਭਪਾਤਰੀ ਪਰਿਵਾਰਾਂ ਨੂੰ ਆਰਜ਼ੀ ਰਿਹਾਇਸ਼ ਦੇ ਪੱਕੇ ਮਾਲਕਾਨਾ ਹੱਕ ਦੇਣ ਲਈ ਉਨਾਂ ਦੇ ਘਰਾਂ ਤੱਕ ਗਏ ਸਨ।
ਸ਼ਹਿਰੀ ਖੇਤਰਾਂ ‘ਚ ਰਾਜ ਸਰਕਾਰ ਦੀ ਜਮੀਨ ‘ਤੇ ਝੁੱਗੀ ਝੌਂਪੜੀਆਂ ‘ਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਬਸੇਰਾ ਸਕੀਮ ਨਾਲ ਲੋੜਵੰਦ ਲੋਕਾਂ ਦਾ ਆਪਣਾ ਘਰ ਹੋਣ ਦਾ ਸੁਪਨਾ ਪੂਰਾ ਹੋ ਰਿਹਾ ਹੈ, ਜਿਨਾਂ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਨਾਂ ਲੋਕਾਂ ਦਾ ਕਹਿਣਾ ਹੈ ਕਿ ਉਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨਾਂ ਨੂੰ ਵੀ ਕਦੇ ਪੱਕੀ ਛੱਤ ਨਸੀਬ ਹੋ ਜਾਵੇਗੀ। ਉਨਾਂ ਨੇ ਕਿਹਾ ਕਿ ਉਨਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਪੰਜਾਬ ਸਰਕਾਰ ਦੀਆਂ ਸਦਾ ਰਿਣੀ ਰਹਿਣਗੀਆਂ।
****