Every Block in Patiala District to have 10 Model School

January 18, 2018 - PatialaPolitics

ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਹਰ ਬਲਾਕ ਪੱਧਰ ’ਤੇ 10 ਮਾਡਲ ਸਕੂਲ ਬਣਾਏ ਜਾਣ ਅਤੇ ਜਿਹੜੇ ਸਕੂਲਾਂ ਨੂੰ ਮਾਡਲ ਸਕੂਲ ਵਿੱਚ ਤਬਦੀਲ ਕਰਨਾ ਹੈ ਉਹਨਾਂ ਦੀ ਸੂਚੀ 5 ਫਰਵਰੀ ਤੱਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹਰ ਹਾਲਤ ਵਿੱਚ ਪਹੁੰਚਦੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਅੱਜ ਮਿੰਨੀ ਸਕੱਤਰੇਤ ਵਿਖੇ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਦੀ ਮਹੀਨਾਵਾਰ ਮੀਟਿੰਗ ਦੌਰਾਨ ਉਹਨਾਂ ਦੇ ਕੰਮ ਦੀ ਸਮੀਖਿਆ ਕਰ ਰਹੇ ਸਨ।
ਸ਼੍ਰੀ ਕੁਮਾਰ ਅਮਿਤ ਨੇ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਧਿਆਪਕ ਰਵਾਇਤੀ ਤਕਨੀਕਾਂ ਤੋਂ ਹਟਕੇ ਨਵੀਨਤਮ ਤਕਨੀਕਾਂ ਨੂੰ ਅਪਣਾਉਣ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਉਹਨਾਂ ਕਿਹਾ ਬੱਚਿਆਂ ਨੂੰ ਸਿੱਖਿਅਤ ਕਰਨਾ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਅਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ। ਉਹਨਾਂ ਕਿਹਾ ਕਿ ਹੁਣ ਸਿੱਖਿਆ ਅਧਿਕਾਰੀਆਂ ਨੂੰ ਤਿੰਨ ਟੀਚੇ ਦਿੱਤੇ ਜਾ ਰਹੇ ਹਨ ਜਿਸ ਵਿੱਚ ਪਹਿਲਾ ਟੀਚਾ ਸਕੂਲ ਸਿਹਤ ਪ੍ਰੋਗਰਾਮ ਜਿਸ ਤਹਿਤ ਵਿਦਿਆਰਥੀਆਂ ਦੀ ਸਿਹਤ ਅਤੇ ਖ਼ੂਨ ਦੀ ਜਾਚ ਕੀਤੀ ਜਾਵੇਗੀ ਤਾਂ ਕਿ ਬੱਚੇ ਦਾ ਹੀਮੋਗਲੋਬਿਨ ਪਤਾ ਲੱਗ ਸਕੇ, ਦੂਸਰੇ ਟੀਚੇ ਵਿੱਚ ਬੱਚਿਆਂ ਦੇ ਸਕੂਲ ਛੱਡਣ ਦੀ ਦਰ ਨੂੰ ਘੱਟ ਕਰਨਾ ਅਤੇ ਤੀਸਰੇ ਟੀਚੇ ਵਿਚ ਹਰ ਬਲਾਕ ਸਿੱਖਿਆਂ ਅਧਿਕਾਰੀ ਆਪਣੇ ਬਲਾਕ ਵਿੱਚ 10 ਮਾਡਲ ਸਕੂਲ ਜੂਨ ਮਹੀਨੇ ਤੋਂ ਪਹਿਲਾ-ਪਹਿਲਾ ਸ਼ੁਰੂ ਕਰਨ ਲਈ ਸਾਰੀ ਪ੍ਰਕਿਰਿਆ ਮੁਕੰਮਲ ਕਰੇ।
ਡਿਪਟੀ ਕਮਿਸ਼ਨਰ ਨੇ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਸਕੂਲ ਵਿੱਚ ਜੇਕਰ ਸਾਰੀਆਂ ਸਹੂਲਤਾਂ ਉਪਲਬਧ ਹਨ ਤਾਂ ਸਾਨੂੰ ਉਹਨਾਂ ਦੇ ਨਤੀਜਿਆਂ ਦੀ ਵੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਸਹੂਲਤਾਂ ਦਾ ਪੂਰਾ ਲਾਭ ਉਠਾ ਰਹੇ ਹਾਂ ਜਾ ਨਹੀਂ। ਇਸ ਤੋਂ ਬਿਨਾਂ ਹਰ ਸਕੂਲ ਵਿੱਚ ਰੰਗ ਰੋਗਨ, ਬੱਚਿਆਂ ਦੇ ਬੈਠਣ ਲਈ ਬੈਚ ਅਤੇ ਪਖਾਨਿਆਂ ਦਾ ਉਚਿੱਤ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਏ.ਡੀ.ਸੀ. (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਨਾਭਾ ਸ਼੍ਰੀ ਅਮਿਤ ਕੁਮਾਰ, ਐਸ.ਡੀ.ਐਮ. ਸਮਾਣਾ ਸ਼੍ਰੀ ਅਰਵਿੰਦ ਕੁਮਾਰ ਗੁਪਤਾ, ਐਸ.ਡੀ.ਐਮ. ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਕੰਵਲ ਕੁਮਾਰੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਦਰਸ਼ਨ ਲਾਲ ਅਤੇ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।
ਨੰ:ਲਸਪ(ਪ੍ਰੈ.ਰੀ.)-2018/53