Covid:New orders by Patiala DC 16 April

April 16, 2022 - PatialaPolitics

Covid:New orders by Patiala DC 16 April

ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਇਹਤਿਆਤ ਵਰਤਣ ’ਤੇ ਜ਼ੋਰ

-ਕਰੋਨਾ ਵੈਕਸੀਨੇਸ਼ਨ ਕਰਵਾਏ ਹਰ ਨਾਗਰਿਕ ਤੇ ਮਾਸਕ ਦੀ ਵਰਤੋੱ ਵੀ ਲਾਜਮੀ ਕੀਤੀ ਜਾਵੇ-ਸਾਕਸ਼ੀ ਸਾਹਨੀ

ਪਟਿਆਲਾ, 16 ਅਪ੍ਰੈਲ:

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਵਿਡ ਤੋਂ ਬਚਾਅ ਲਈ ਹਰ ਤਰ੍ਹਾਂ ਦੇ ਬਚਾਓ ਸਾਧਨ,ਜਿਵੇਂ ਕਿ ਜਨਤਕ ਥਾਵਾਂ ’ਤੇ ਮਾਸਕ ਦੀ ਵਰਤੋਂ ਅਤੇ ਕੋਵਿਡ ਵੈਕਸੀਨੇਸ਼ਨ ਕਰਵਾਉਣਾ ਲਾਜਮੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਹਾਲਾਂਕ‌ਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਬੀਤੇ ਸਮੇਂ ਦੌਰਾਨ ਭਾਰੀ ਕਮੀ ਆਈ ਹੈ ਪਰੰਤੂ ਇਸ ਦੇ ਬਾਅਦ ਵੀ ਦੇਸ਼ ਦੇ ਕੁਝ ਰਾਜਾਂ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਦੁਬਾਰਾ ਮਾਮੂਲੀ ਵਾਧਾ ਦੇਖਿਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ, ’’ਅਸੀਂ ਆਪਣੇ ਜ਼ਿਲ੍ਹੇ ਪਟਿਆਲਾ ਨੂੰ ਕਿਸੇ ਵੀ ਹੋਰ ਕੋਵਿਡ ਲਹਿਰ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਪਰੰਤੂ ਇਸ ਲਈ ਸਾਨੂੰ ਸਹਿਯੋਗ ਕਰਨਾ ਪਵੇਗਾ।”

ਉਨ੍ਹਾਂ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਇਕ ਸਲਾਹਕਾਰੀ ਜਾਰੀ ਕਰਦਿਆਂ ਕਿਹਾ ਕਿ ਮਾਸਕ ਪਾਉਣ ਸਮੇਤ ਕੋਵਿਡ ਦੇ ਉਚਿਤ ਵਿਵਹਾਰ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਜਿਵੇਂ ਕਿ ਜਨਤਕ ਥਾਵਾਂ ’ਤੇ ਦੂਰੀ ਬਣਾਈ ਰੱਖਣਾ, ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ, ਹੱਥ ਧੋਣਾ ਅਤੇ ਵਾਰ-ਵਾਰ ਸੈਨੀਟਾਈਜ਼ਰ ਦੀ ਵਰਤੋਂ ਕਰਨਾ।

ਸਾਕਸ਼ੀ ਸਾਹਨੀ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ, ਇਮਿਊਨਿਟੀ ਲੈਵਲ ਨੂੰ ਬਣਾਈ ਰੱਖਣ ਲਈ ਕੋਵਿਡ ਵੈਕਸੀਨ ਦੀ ਢੁਕਵੀਂ ਖੁਰਾਕ ਲੈਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਨਾਗਰਿਕਾਂ ਦੀ ਕੋਵਿਡ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਬਕਾਇਆ ਹੈ, ਉਨ੍ਹਾਂ ਨੂੰ ਇਹ ਜਲਦੀ ਤੋਂ ਜਲਦੀ ਲੈਣੀ ਚਾਹੀਦੀ ਹੈ ਅਤੇ ਜਿਨ੍ਹਾਂ ਨੂੰ 9 ਮਹੀਨੇ ਪਹਿਲਾਂ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਮਿਲੀ ਹੈ, ਉਨ੍ਹਾਂ ਨੂੰ ਸਾਵਧਾਨੀ ਵਾਲੀ ਬੂਸਟਰ ਖੁਰਾਕ ਲੈਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ 12-14 ਸਾਲ ਦੇ ਬੱਚਿਆਂ ਲਈ ਕੋਰਬੇਵੈਕਸ ਅਤੇ 15-18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਦੀਆਂ ਮੁਫਤ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।