Patiala to get Rs 50 crore on Republic Day 2018
January 26, 2018 - PatialaPolitics
ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ। ਮੁੱਖ ਮੰਤਰੀ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਆਗ਼ਾਜ ਕਰਦਿਆਂ ਪੰਜਾਬ ਦੇ ਲੋੜਵੰਦਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਦੇਣ ਦੀ ਸ਼ੁਰੂਆਤ ਕੀਤੀ।
ਇਸੇ ਦੌਰਾਨ ਉਨ੍ਹਾਂ ਨੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਦੀ ਪੁਰਾਣੀ ਆਟਾ ਦਾਲ ਸਕੀਮ ਲਈ ਨੀਲੇ ਕਾਰਡਾਂ ਨੂੰ ਰੱਦ ਕਰਦਿਆਂ ਇਨ੍ਹਾਂ ਦੀ ਥਾਂ ‘ਤੇ ਸਮਾਰਟ ਕਾਰਡ ਜਾਰੀ ਕੀਤੇ। ਮੁੱਖ ਮੰਤਰੀ ਨੇ ਪਿਛਲੇ 10 ਸਾਲਾਂ ਤੋਂ ਵਿਕਾਸ ਪੱਖੋਂ ਅੱਖੋਂ ਪਰੋਖੇ ਕੀਤੇ ਗਏ ਵਿਰਾਸਤੀ ਸ਼ਹਿਰ ਪਟਿਆਲਾ ਅਤੇ ਜ਼ਿਲ੍ਹੇ ਦੇ ਬਾਕੀ ਦਿਹਾਤੀ ਖੇਤਰ ਦੇ ਵਿਕਾਸ ਲਈ ਵੀ 50 ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। ਜਦੋਂਕਿ ਇਸ ਤੋਂ ਪਹਿਲਾਂ ਵੀ ਉਹ ਇਥੇ ਦੇ ਵਿਕਾਸ ਲਈ 100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਪਹਿਲਾਂ ਹੀ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਪੰਜਾਬ ਵਾਸੀਆਂ ਦੇ ਨਾਮ ਆਪਣੇ ਸੰਦੇਸ਼ ‘ਚ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਪੰਜਾਬ ਸਰਕਾਰ ਮਾੜੀ ਮਾਲੀ ਹਾਲਤ ਦੇ ਬਾਵਜੂਦ ਨਵੰਬਰ 2018 ਤੱਕ ਸਾਰੇ 17 ਲੱਖ ਕਿਸਾਨਾਂ ਨੂੰ ਸਰਕਾਰ ਦੀ ਕਰਜਾ ਮੁਆਫ਼ੀ ਸਕੀਮ ਦਾ ਲਾਭ ਦੇਵੇਗੀ ਜਦੋਂ ਕਿ ਹੁਣ ਤੱਕ 10 ਲੱਖ 25 ਹਜ਼ਾਰ ਕਿਸਾਨਾਂ ਨੂੰ ਦੋ ਲੱਖ ਰੁਪਏ ਤੱਕ ਦੇ ਕਰਜ ਮੁਆਫ਼ੀ ਦਾ ਲਾਭ ਦੇ ਦਿੱਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪਿਛਲੇ ਸਾਲ 16 ਮਾਰਚ ਨੂੰ ਉਨ੍ਹਾਂ ਨੇ ਸਰਕਾਰ ਸੰਭਾਲੀ ਤਾਂ ਉਸ ਵੇਲੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ 10 ਸਾਲਾਂ ਦੀ ਮਾੜੀ ਕਾਰਗੁਜ਼ਾਰੀ ਦੇ ਚਲਦਿਆਂ 2 ਲੱਖ 8 ਹਜ਼ਾਰ ਕਰੋੜ ਰੁਪਏ ਦਾ ਕਰਜਾ ਸੀ। ਉਨ੍ਹਾਂ ਦੱਸਿਆ ਕਿ ਇਸਦੇ ਬਾਵਜੂਦ ਪੰਜਾਬ ਸਰਕਾਰ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਦੋ ਲੱਖ ਰੁਪਏ ਦੀ ਕਰਜਾ ਮੁਆਫ਼ੀ ਦਾ ਲਾਭ ਦੇ ਰਹੀ ਹੈ ਅਤੇ ਉਹ ਹੋਰ ਵੀ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਆਪਣੀ ਵਚਨਬੱਧਤਾ ‘ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਹਰ ਹਾਲਤ ‘ਚ ਪੂਰੇ ਕਰੇਗੀ ਭਾਵੇਂਕਿ ਇਸਨੂੰ ਕੁਝ ਸਮਾਂ ਲੱਗ ਜਾਵੇ, ਕਿਉਂਕਿ ਉਨ੍ਹਾਂ ਕੋਲ ਅਜੇ ਚਾਰ ਸਾਲਾਂ ਤੋਂ ਵੱਧ ਦਾ ਸਮਾਂ ਹੈ।
ਇਸ ਮੌਕੇ ਮੁੱਖ ਮੰਤਰੀ ਨੇ ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਨੂੰ ਲਾਗੂ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਮਹਾਤਮਾਂ ਗਾਂਧੀ ਦੇ ਕਥਨ ਮੁਤਾਬਕ ‘ਹਰ ਅੱਖ ‘ਚੋਂ ਹਰ ਅੱਥਰੂ’ ਪੂੰਝਣ ਲਈ ਵਚਨਬੱਧ ਹੈ ਅਤੇ ਇਸ ਯੋਜਨਾ ਤਹਿਤ ਸਮਾਜ ਦੇ ਹਰ ਤਬਕੇ ਦੇ ਦੱਬੇ ਕੁਚਲੇ ਅਤੇ ਲੋੜਵੰਦ ਨਾਗਰਿਕਾਂ ਦੀ ਮਦਦ ਕਰਨ ਲਈ ਇਨ੍ਹਾਂ ਦੀ ਵੱਡੀ ਗਿਣਤੀ ‘ਚ ਪਛਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਸਰਕਾਰ ਦੀਆਂ ਵੱਖ-ਵੱਖ 20 ਸਕੀਮਾਂ ਦਾ ਲਾਭ ਅੱਜ ਤੋਂ ਕਰੀਬ ਦੋ ਲੱਖ ਲੋਕਾਂ ਨੂੰ ਮਿਲਣ ਲੱਗ ਪਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ 69ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ 1950 ਦੇ ਉਸ ਇਤਿਹਾਸਕ ਦਿਨ ਨੂੰ ਯਾਦ ਕੀਤਾ ਜਦੋਂ ਦੇਸ਼ ਦੇ ਲੱਖਾਂ ਲੋਕਾਂ ਨੂੰ ਤਾਕਤਾਂ ਦੇਣ ਲਈ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਉਨ੍ਹਾਂ ਨੇ ਦੇਸ਼ ਦੇ ਸੰਵਿਧਾਨ ਪ੍ਰਤੀ ਪੰਜਾਬੀਆਂ ਦੀ ਸ਼ਰਧਾ ਅਤੇ ਸਮਰਪਣ ਭਾਵਨਾਂ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਆਪਣਾ ਹਰ ਪੱਖੋਂ ਯੋਗਦਾਨ ਪਾਇਆ ਹੈ।
ਪੰਜਾਬ ਦੇ ਹਰ ਵਰਗ ਦੀ ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਵਰਗ ਦੀਆਂ ਇਛਾਵਾਂ ‘ਤੇ ਖਰ੍ਹੀ ਉਤਰੇਗੀ। ਉਨ੍ਹਾਂ ਨੇ ਕਿਹਾ ਕਿ ਜੋ ਕੁਝ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਮਹੀਨਿਆਂ ‘ਚ ਕਰ ਵਿਖਾਇਆ ਹੈ, ਉਹ ਅਕਾਲੀ-ਭਾਜਪਾ ਸਰਕਾਰ ਪਿਛਲੇ 10 ਸਾਲਾਂ ਦੇ ਲੰਮੇ ਅਰਸੇ ‘ਚ ਨਹੀਂ ਕਰ ਸਕੀ। ਉਨ੍ਹਾਂ ਨੇ ਅਕਾਲੀ ਦਲ ਨੂੰ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ 2007 ‘ਚ ਸਰਕਾਰ ਛੱਡੀ ਸੀ ਤਾਂ ਉਸ ਸਮੇਂ ਸੂਬੇ ‘ਤੇ ਕੇਵਲ 46000 ਕਰੋੜ ਰੁਪਏ ਦਾ ਕਰਜਾ ਸੀ ਪਰੰਤੂ ਅਕਾਲੀ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਇਹ ਕਰਜਾ ਵਧਕੇ 208000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਬਾਬਤ ਦਸਦਿਆਂ ਕਿਹਾ ਕਿ ਅਕਾਲੀ ਦਲ ਨੇ ਸੂਬੇ ਨੂੰ ਬੁਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਸੀ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਦਿਹਾਤੀ ਖੇਤਰਾਂ ਦੀਆਂ 16000 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਨੂੰ ਮੁਰੰਮਤ ਕਰਨ ਲਈ 2000 ਕਰੋੜ ਰੁਪਏ ਖਰਚ ਰਹੀ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਬੈਂਕਫਿੰਕੋ ਕੋਲੋਂ ਲਏ ਗਏ ਕਰਜਿਆਂ ਵਿੱਚੋਂ 50-50 ਹਜਾਰ ਰੁਪਏ ਮੁਆਫ਼ ਕੀਤੇ ਜਾਣਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਆਟਾ ਦਾਲ ਸਕੀਮ ਲਈ ਪੁਰਾਣੇ ਨੀਲੇ ਕਾਰਡਾਂ ਨੂੰ ਰੱਦ ਕਰਦਿਆਂ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਮਾਰਟ ਕਾਰਡਾਂ ਬਾਰੇ ਦੱਸਿਆ ਕਿ ਇਨ੍ਹਾਂ ਨਾਲ ਰਾਸ਼ਨ ਦੀ ਵੰਡ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਆਵੇਗੀ ਤੇ ਸਰਕਾਰ ਨੇ ‘ਟੀਚੇ ਮਿੱਥੀ ਲੋਕ ਵੰਡ ਪ੍ਰਣਾਲੀ’ ਤਹਿਤ ਸਾਰੀ ਕਾਰਜਵਿਧੀ ਦਾ ਮੁਕੰਮਲ ਕੰਪਿਊਟਰੀਕਰਨ ਕਰਕੇ, ਰਾਸ਼ਨ ਕੇਵਲ ‘ਸਮਾਰਟ ਕਾਰਡ’ ਰਾਹੀਂ ਹੀ ਵੰਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 36 ਲੱਖ ਲਾਭਪਾਤਰੀ ਪਰਿਵਾਰਾਂ ਨੂੰ 16738 ਰਾਸ਼ਨ ਡਿਪੂਆਂ ਰਾਹੀਂ ਸਸਤੇ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਦੀ ਵੈਬਸਾਈਟ ਤੇ ਸਾਰੇ ਲਾਭਤਾਰੀਆਂ ਦੇ ਵੇਰਵੇ ਅਪਲੋਡ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸਮਾਰਟ ਕਾਰਡ ਰਾਹੀਂ ਹੁਣ ਰਾਸ਼ਨ ਡਿਪੂਆਂ ਉਪਰ ਖਪਤਕਾਰਾਂ ਦੀ ਬਾਇਓ-ਮੀਟ੍ਰਿਕ ਪਹਿਚਾਣ ਕਰਨ ਦੇ ਨਾਲ ਰਾਸ਼ਨ ਦੀ ਵੰਡ ਨੂੰ ਦਰਜ ਕਰਨ ਲਈ ਈ-ਪੌਸ ਮਸ਼ੀਨਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਨਾਲ ਭਾਰ ਤੋਲਣ ਵਾਲੀਆਂ ਮਸ਼ੀਨਾਂ ਤੇ ਅੱਖਾਂ ਦੀ ਪੁਤਲੀ ਨੂੰ ਸਕੈਨ ਕਰਨ ਵਾਲੀਆਂ ਮਸ਼ੀਨਾਂ ਜੋੜੀਆਂ ਜਾਣਗੀਆਂ। ਇਸ ਨਾਲ ਲਾਭਪਾਤਰੀਆਂ ਦੇ ਵੇਰਵਿਆਂ ਦੀ ਡਿਜੀਟਾਈਜ਼ੇਸ਼ਨ ਕਰਨ ਨਾਲ ਜਾਅਲੀ ਰਾਸ਼ਨ ਕਾਰਡਾਂ ਨੂੰ ਪਹਿਚਾਣ ਕੇ ਰੱਦ ਕਰਨ ਅਤੇ ਸਬਸਿਡੀਆਂ ਨੂੰ ਬੇਹਤਰ ਢੰਗ ਨਾਲ ਪਹੁੰਚਾਉਣ ਵਿਚ ਮੱਦਦ ਮਿਲੇਗੀ।ਜਦੋਂਕਿ ਸਪਲਾਈ ਚੇਨ ਦੀ ਕੰਪਿਊਟਰਾਈਜ਼ੇਸ਼ਨ ਨਾਲ ਮੰਡੀ ਤੋਂ ਗੁਦਾਮਾਂ ਤੱਕ ਅਤੇ ਗੁਦਾਮਾਂ ਤੋਂ ਰਾਸ਼ਨ ਡਿਪੂ ਤੱਕ ਰਾਸ਼ਨ ਦੀ ਪਹੁੰਚ ਨੂੰ ਬੇਹਤਰ ਢੰਗ ਨਾਲ ਟਰੈਕ ਕੀਤਾ ਜਾ ਸਕਦਾ ਹੈ ਜਿਸ ਨਾਲ ਘਪਲੇ ਅਤੇ ਚੋਰੀ ਦੀ ਸ਼ਿਕਾਇਤ ਦੂਰ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਉਦਯੋਗਾਂ ਲਈ ਸਾਰੇ ਸੂਬਿਆਂ ਤੋਂ ਸਸਤੀ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇ ਰਹੀ ਹੈ ਤੇ ਸੂਬੇ ਦੇ ਉਦਯੋਗਿਕ ਵਿਕਾਸ ਲਈ ਨਵੀਂ ਉਦਯੋਗਿਕ ਨੀਤੀ ਨਿਵੇਸ਼ ਨੂੰ ਉਤਸ਼ਾਹਤ ਕਰਨ ਵਾਲੀ ਹੈ ਜਿਸ ਨਾਲ ਸੂਬੇ ‘ਚ ਨੌਜਵਾਨਾਂ ਨੂੰ ਰੋਜਗਾਰ ਦੇ ਹੋਰ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਉਦਯੋਗੀਕਰਨ ਹੀ ਆਰਥਿਕਤਾ ਨੂੰ ਥਾਂ ਸਿਰ ਕਰਨ ਦਾ ਇਕੋ ਇਕ ਰਾਹ ਹੈ ਇਸ ਲਈ ਉਹ ਦੋ ਵਾਰ ਮੁੰਬਈ ਵਿਖੇ ਵੱਡੇ ਉਦਯੋਗਪਤੀਆਂ ਨੂੰ ਮਿਲਕੇ ਆਏ ਹਨ ਕਿਉਂ ਖੇਤੀਬਾੜੀ ਪਹਿਲਾਂ ਹੀ ਘਾਟੇ ਦਾ ਸੌਦਾ ਬਣ ਕੇ ਰਹਿ ਗਈ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਇਸ ਦੌਰਾਨ ਨੇਤਰਹੀਣ ਬੱਚਿਆਂ ਵਲੋਂ ਪਰੇਡ ‘ਚ ਹਿੱਸਾ ਲੈਣ ਅਤੇ ਗੁੰਗੇ-ਬੋਲੇ ਬੱਚਿਆਂ ਵੱਲੋਂ ਤਾਇਕਵਾਂਡੋ ਦੀ ਪ੍ਰਦਰਸ਼ਨੀ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਨੇ ਸੱਭਿਆਚਾਰਕ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਸਾਰੇ ਸਕੂਲਾਂ, ਕਾਲਜਾਂ ਨੂੰ ਆਪਣੇ ਅਖ਼ਤਿਆਰੀ ਕੋਟੇ ‘ਚੋਂ ਇੱਕ-ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਆਪਣੇ ਸੰਦੇਸ਼ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਇਨ੍ਹਾਂ ਸ਼ਬਦਾਂ ਕਿ ”ਪਹਿਲਾਂ ਤੇ ਅਖੀਰ ‘ਚ ਅਸੀਂ ਸਾਰੇ ਭਾਰਤੀ ਹਾਂ” ਨਾਲ ਸਪਾਪਤ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਹ ਵਾਦਾ ਕਰਨ ਕਿ ‘ਇਹ ਮੁਲਕ ਸਾਡਾ ਹੈ ਅਤੇ ਅਸੀਂ ਸਾਰੇ ਹਿੰਦੁਸਤਾਨੀ ਹਾਂ ਤੇ ਇਸ ਮੁਲਕ ‘ਚ ਸਾਡਾ ਸੂਬਾ ਹੈ ਅਤੇ ਪਰਮਾਤਮਾਂ ਇਸ ਮੁਲਕ ਅਤੇ ਇਸ ਸੂਬੇ ਨੂੰ ਚੜ੍ਹਦੀਕਲਾਂ ‘ਚ ਰੱਖੇ ਅਤੇ ਅਸੀਂ ਸਾਰੇ ਆਪਸੀ ਭਾਈਚਾਰਕ ਸਾਂਝ ਨੂੰ ਹਰ ਹਾਲ ਬਰਕਰਾਰ ਰੱਖਾਂਗੇ।
ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਵਿਧਾਇਕ ਰਾਜਪੁਰਾ ਸ੍ਰੀ ਹਰਦਿਆਲ ਸਿੰਘ ਕੰਬੋਜ, ਵਿਧਾਇਕ ਘਨੌਰ ਸ੍ਰੀ ਮਦਨ ਲਾਲ ਜਲਾਲਪੁਰ, ਵਿਧਾਇਕ ਸਮਾਣਾ ਸ੍ਰੀ ਰਜਿੰਦਰ ਸਿੰਘ, ਵਿਧਾਇਕ ਸਨੌਰ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੀ.ਪੀ.ਐਸ.ਸੀ. ਦੇ ਚੇਅਰਮੈਨ ਲੈਫਟੀਨੈਟ ਜਨਰਲ ਐਨ.ਪੀ.ਐਸ. ਹੀਰਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਕਰਨਲ ਕਰਮਿੰਦਰਾ ਸਿੰਘ, ਮੁੱਖ ਮੰਤਰੀ ਦੇ ਦੋਹਤੇ ਸ. ਨਿਰਵਾਣ ਸਿੰਘ, ਸ. ਬਲਵਿੰਦਰ ਸਿੰਘ ਕੋਹਲੀ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਬਿਕਰਮਜੀਤ ਇੰਦਰ ਸਿੰਘ ਚਾਹਲ, ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਸ੍ਰੀ ਖੂਬੀ ਰਾਮ, ਏ.ਡੀ.ਜੀ.ਪੀ. ਰਕੇਸ਼ ਚੰਦਰ, ਖੁਰਾਕ ਤੇ ਸਪਲਾਈਜ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ੍ਰੀ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਤੇ ਡਾਇਰੈਕਟਰ ਲੋਕ ਸੂਚਨਾ ਤੇ ਲੋਕ ਸੰਪਰਕ ਸ. ਗੁਰਕਿਰਤ ਕਿਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸੰਜੀਵ ਬੇਰੀ, ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. ਬੀ.ਐਸ. ਘੁੰਮਣ, ਆਈ.ਜੀ. ਪਟਿਆਲਾ ਸ੍ਰੀ ਏ.ਐਸ. ਰਾਏ, ਆਈ.ਜੀ. ਜਿਤੇਂਦਰ ਜੈਨ, ਆਈ.ਜੀ. ਗੁਰਿੰਦਰ ਸਿੰਘ ਢਿੱਲੋਂ, ਆਈ.ਜੀ. ਅਮਰ ਸਿੰਘ ਚਾਹਲ, ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ, ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਡਵੀਜਨਲ ਕਮਿਸ਼ਨਰ ਸ੍ਰੀ ਵੀ.ਕੇ. ਮੀਣਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੂਪਤੀ, ਏ.ਡੀ.ਸੀ. (ਵਿਕਾਸ) ਸ੍ਰੀ ਸ਼ੌਕਤ ਅਹਿਮਦ ਪਰੇ, ਨਗਰ ਨਿਗਮ ਦੇ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਏ.ਡੀ.ਸੀ. (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਜੇਸ਼ ਕੁਮਾਰ, ਖੁਰਾਕ ਸਪਲਾਈ ਵਿਭਾਗ ਦੇ ਜੁਆਇੰਟ ਸਕੱਤਰ ਸ੍ਰੀਮਤੀ ਸਿਮਰਜੋਤ ਕੌਰ, ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਸ੍ਰੀ ਸੂਬਾ ਸਿੰਘ, ਡਿਪਟੀ ਡਾਇਰੈਕਟਰ ਫੂਡ ਸਪਲਾਈ ਸ. ਅਜੇਵੀਰ ਸਿੰਘ ਸਰਾਓ ਸਮੇਤ ਆਜਾਦੀ ਘੁਲਾਟੀਏ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਿਵਲ ਪ੍ਰਸ਼ਾਸ਼ਨ, ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਸਮੇਤ ਨਗਰ ਨਿਗਮ ਦੇ ਕੌਂਸਲਰ, ਪੰਚ-ਸਰਪੰਚ, ਸਕੂਲਾਂ, ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ, ਹੋਰ ਪਤਵੰਤੇ ਅਤੇ ਸਥਾਨਕ ਸ਼ਹਿਰੀ ਵੀ ਮੌਜੂਦ ਸਨ। ਇਸੇ ਦੌਰਾਨ ਸਬ ਡਵੀਜਨ ਪਾਤੜਾਂ, ਸਮਾਣਾ, ਰਾਜਪੁਰਾ, ਨਾਭਾ ਤੇ ਦੂਧਨ ਸਾਧਾਂ ਵਿਖੇ ਵੀ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ।