5 children caught while begging in Patiala
February 9, 2018 - PatialaPolitics
ਪਟਿਆਲਾ ਜ਼ਿਲ੍ਹੇ ਅੰਦਰ ਬੱਚਿਆਂ ਤੋਂ ਭੀਖ ਮੰਗਵਾਏ ਜਾਣ ਦੀ ਲਾਹਨਤ ਦੇ ਖ਼ਾਤਮੇ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੀ ਟੀਮ ਨੇ ਅੱਜ ਪਟਿਆਲਾ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਭੀਖ ਮੰਗਦੇ 5 ਬੱਚਿਆਂ ਨੂੰ ਮੌਕੇ ‘ਤੇ ਫੜਕੇ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਨੇ ਪੁਲਿਸ ਨੂੰ ਨਾਲ ਲੈ ਕੇ ਇਥੇ 22 ਨੰਬਰ ਫਾਟਕ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਕਾਲੀ ਮਾਤਾ ਮੰਦਿਰ, ਸਰਹੰਦੀ ਗੇਟ, ਬੱਸ ਅੱਡਾ, ਰੇਲਵੇ ਸਟੇਸ਼ਨ, ਅਰਬਨ ਅਸਟੇਟ-ਫੇਜ 2 ਵਿਖੇ ਛਾਪਾਮਾਰੀ ਕੀਤੀ ਤੇ ਇਨ੍ਹਾਂ ਥਾਂਵਾਂ ਤੋਂ 5 ਬੱਚਿਆਂ ਨੂੰ ਭੀਖ ਮੰਗਦੇ ਹੋਏ ਫੜਿਆ ਗਿਆ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਭੀਖ ਮੰਗਦੇ ਬਾਲਾਂ ਨੂੰ ਇਸ ਲਾਹਨਤ ਤੋਂ ਛੁਡਾਉਣ ਲਈ ਛਾਪਾਮਾਰੀ ਲਗਾਤਾਰ ਕੀਤੀ ਜਾਵੇਗੀ ਅਤੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਕੇਸ ਦਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਾਨੂੰਨ ਮੁਤਾਬਕ ਬਾਲਾਂ ਤੋਂ ਭੀਖ ਮੰਗਵਾਉਣਾ ਸਜਾਯੋਗ ਅਪਰਾਧ ਹੈ, ਜਿਸ ਤਹਿਤ 5 ਸਾਲਾਂ ਤੱਕ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਨੂੰ ਬਾਲਾਂ ਵੱਲੋਂ ਭੀਖ ਮੰਗਣ ਤੋਂ ਮੁਕਤ ਕਰਵਾਇਆ ਜਾਵੇਗਾ।
ਸ੍ਰੀਮਤੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਅੱਜ ਫੜੇ ਗਏ ਇਨ੍ਹਾਂ ਬੱਚਿਆਂ ਤੋਂ ਭੀਖ, ਇਨ੍ਹਾਂ ਦੇ ਮਾਪੇ ਹੀ ਮੰਗਵਾ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਮੈਡੀਕਲ ਕਰਵਾ ਕੇ ਅਤੇ ਨੁਆ ਧੁਆ ਕੇ ਸਾਫ਼ ਕੱਪੜੇ ਪੁਆ ਕੇ, ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਹੈ ਅਤੇ ਇਨ੍ਹਾਂ ਬਾਰੇ ਹੁਣ ਅਗਲਾ ਫੈਸਲਾ ਜ਼ਿਲ੍ਹਾ ਬਾਲ ਸੁਰੱਖਿਆ ਕਮੇਟੀ, ਜਿਸ ਕੋਲ ਮੈਜਿਸਟ੍ਰੇਟੀ ਤਾਕਤਾਂ ਹੁੰਦੀਆਂ ਹਨ, ਦੀ ਅਗਲੇ ਹਫ਼ਤੇ ਹੋਣ ਵਾਲੀ ਮੀਟਿੰਗ ‘ਚ ਲਿਆ ਜਾਵੇਗਾ, ਕਿ ਇਨ੍ਹਾਂ ਬੱਚਿਆਂ ਨੂੰ ਮੁੜ ਇਨ੍ਹਾਂ ਦੇ ਮਾਪਿਆਂ ਕੋਲ ਭੇਜਣਾਂ ਹੈ ਜਾਂ ਬਾਲ ਘਰ ‘ਚ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਇਸ ਛਾਪਾਮਾਰੀ ਟੀਮ ‘ਚ ਬਾਲ ਸੁਰੱਖਿਆ ਅਫ਼ਸਰ ਮਿਸ ਓਮਨਾ ਸਿੰਘ, ਗੁਰਮੀਤ ਸਿੰਘ, ਪੁਨੀਤ ਸਿੰਗਲਾ, ਜਸਵਿੰਦਰ ਕੌਰ, ਪਰਮਜੀਤ ਕੌਰ, ਪੁਲਿਸ ਦੇ ਏ.ਐਸ.ਆਈ. ਗੁਰਚੈਨ ਸਿੰਘ, ਰੁਪਿੰਦਰ ਕੌਰ, ਮਨਪ੍ਰੀਤ ਕੌਰ ਅਤੇ ਕਿਰਤ ਇੰਸਪੈਕਟਰ ਪਟਿਆਲਾ ਅਰੁਣ ਕੁਮਾਰ ਸ਼ਾਮਲ ਸਨ।