ADC Patiala Showkat Ahmed Parray addressing meeting of Saras Mela preparations

February 15, 2018 - PatialaPolitics

ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ‘ਚ 21 ਫਰਵਰੀ ਤੋਂ 4 ਮਾਰਚ ਤੱਕ ਲੱਗਣ ਜਾ ਰਹੇ ਖੇਤਰੀ ਸਰਸ ਮੇਲੇ ਦੇ ਨੋਡਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਮੇਲੇ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਬਾਬਤ ਅੱਜ ਇਥੇ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਸ੍ਰੀ ਪਰੇ ਨੇ ਇਸ ਮੇਲੇ ਨੂੰ ਕਰਵਾਉਣ ਲਈ ਗਠਿਤ ਕਮੇਟੀਆਂ ਦੇ ਮੈਂਬਰ ਅਧਿਕਾਰੀਆਂ ਨੂੰ ਸੌਂਪੀਆਂ ਜਿੰਮੇਵਾਰੀਆਂ ਦਾ ਜਾਇਜਾ ਲਿਆ ਅਤੇ ਹਦਾਇਤ ਕੀਤੀ ਕਿ ਤਿਆਰੀਆਂ ‘ਚ ਕਿਸੇ ਕਿਸਮ ਦੀ ਕੋਈ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਸਾਰੇ ਪ੍ਰਬੰਧ 19 ਫਰਵਰੀ ਤੱਕ ਹਰ ਹਾਲ ‘ਚ ਮੁਕੰਮਲ ਕਰ ਲਏ ਜਾਣ।

ਸ੍ਰੀ ਪਰੇ ਨੇ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਹਰ ਅਧਿਕਾਰੀ ਅਤੇ ਕਰਮਚਾਰੀ ਆਪਣੀ ਜਿੰਮੇਵਾਰੀ ਤੇ ਤਨਦੇਹੀ ਅਤੇ ਆਪਸੀ ਤਾਲਮੇਲ ਨਾਲ ਨਿਭਾਵੇ ਤਾਂ ਕਿ ਸਰਸ ਮੇਲੇ ਨੂੰ ਨਿਰਵਿਘਨਤਾ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਸ੍ਰੀ ਪਰੇ ਨੇ ਦੱਸਿਆ ਕਿ ਸ਼ੀਸ਼ ਮਹਿਲ ਵਿਖੇ ਲੱਗਣ ਵਾਲੇ ਇਸ ਸਰਸ ਮੇਲੇ ‘ਚ ਪੁੱਜਣ ਵਾਲੇ ਦਰਸ਼ਕਾਂ ਦਾ ਸਵਾਗਤ ਪੰਜਾਬੀ ਪਹਿਰਾਵੇ ‘ਚ ਮਸਕਟ ‘ਚੰਨਾ’ ਅਤੇ ਮਹਿਲਾ ਪਹਿਰਾਵੇ ‘ਚ ‘ਪਰੀਤੋ’ ਹਾਜਰ ਰਹਿਣਗੇ। ਜਦੋਂ ਕਿ ਇਥੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ 17 ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰ ਆਪਣੀਆਂ ਵੰਨਗੀਆਂ ਪੇਸ਼ ਕਰਨਗੇ ਅਤੇ 20 ਰਾਜਾਂ ਦੇ ਸ਼ਿਲਪਕਾਰਾਂ ਦੀਆਂ ਦਸਤਕਾਰੀ ਵਸਤਾਂ ਦਰਸ਼ਕਾਂ ਦੇ ਖਰੀਦਣ ਲਈ ਲਗਭਗ 200 ਸਟਾਲਾਂ ‘ਤੇ ਸਜਾਈਆਂ ਜਾਣਗੀਆਂ।

ਸ੍ਰੀ ਪਰੇ ਨੇ ਦੱਸਿਆ ਕਿ ਇਸ ਮੇਲੇ ‘ਚ ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਉਤਰ ਪ੍ਰਦੇਸ਼ ਤੋਂ ਬਰਸਾਨਾਂ ਕੀ ਹੋਲੀ ਨਾਚ, ਹਰਿਾਆਣਾ ਦਾ ਘੂਮਰ, ਫਾਗ, ਰਾਗਨੀ, ਰਾਜਸਥਾਨ ਦਾ ਕਾਲਬੇਲੀਆ, ਗੁਜਰਾਤ ਦਾ ਸਿੱਧੀ ਧਮਾਲ ਤੇ ਰਠਵਾ, ਝਾਰਖੰਡ ਦਾ ਛੱਟ, ਅਸਾਮ ਦਾ ਬੀਹੂ, ਮਨੀਪੁਰ ਦਾ ਢੋਲ ਚਲਾਹ, ਪੁੰਗ, ਥਾਂਗ, ਉਡੀਸ਼ਾ ਦਾ ਗੋਟੀਪੁਆ, ਛਤੀਸ਼ਗੜ੍ਹ ਦਾ ਪੰਥੀ, ਹਿਮਾਚਲ ਪ੍ਰਦੇਸ਼ ਦਾ ਨਾਟੀ, ਉਤਰਾਖੰਡ ਦਾ ਢਪੇਲੀ, ਜੰਮੂ ਕਸ਼ਮੀਰ ਦਾ ਰਫੀ, ਧਮਾਲੀ, ਰਾਜਸਥਾਨ ਦਾ ਮੁਰਲੀ ਗਰੁੱਪ ਆਪਣੀਆਂ ਵੰਨਗੀਆਂ ਪੇਸ਼ ਕਰਨਗੇ। ਦਰਸ਼ਕਾਂ ਦੇ ਖਾਣ ਪੀਣ ਲਈ ਲਜ਼ੀਜ਼ ਪਕਵਾਨਾਂ ਦੀਆਂ 20 ਸਟਾਲਾਂ ਅਤੇ ਬੱਚਿਆਂ ਲਈ ਝੂਲੇ ਤੇ ਖਿਡੌਣੇ ਵੀ ਮੌਜੂਦ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਲਈ ਉਮੀਦ ਹੈ ਕਿ ਇਹ ਮੇਲਾ ਦਰਸ਼ਕਾਂ ਦੀ ਖਿੱਚ ਦਾ ਵੱਡਾ ਕੇਂਦਰ ਬਣੇਗਾ।

ਇਸ ਮੌਕੇ ਸ੍ਰੀਮਤੀ ਗੀਤਿਕਾ ਸਿੰਘ ਲੈਂਡ ਐਕੁਜੀਸ਼ਨ ਅਫ਼ਸਰ ਲੋਕ ਨਿਰਮਾਣ ਤੇ ਬੀ.ਐਂਡ ਆਰ., ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀ ਅੰਕੁਰ ਮਹਿੰਦਰੂ, ਇਸਮਤ ਕੌਰ ਪੀ.ਸੀ.ਐਸ. ਈ.ਏ.ਸੀ. ਜਨਰਲ (ਸਿਖਲਾਈ ਅਧੀਨ), ਡੀ.ਐਸ.ਪੀ. ਸਤਪਾਲ ਸ਼ਰਮਾ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਮਾਲ ਅਫ਼ਸਰ ਹਰਸ਼ਰਨਜੀਤ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਇੰਚਾਰਜ ਟ੍ਰੈਫਿਕ ਪੁਲਿਸ ਇੰਸਪੈਕਟਰ ਕਰਨੈਲ ਸਿੰਘ, ਐਨ.ਜੈਡ.ਸੀ.ਸੀ. ਤੋਂ ਰਵਿੰਦਰ ਸ਼ਰਮਾ ਤੇ ਭੁਪਿੰਦਰ ਸਿੰਘ, ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਸਮੇਤ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ।