Saras Mela Patiala Pics

February 21, 2018 - PatialaPolitics

Click Here to See Pics

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਪਟਿਆਲਾ
ਖੇਤਰੀ ਸਰਸ ਮੇਲਾ-2018
ਵਿਰਾਸਤੀ ਸ਼ੀਸ਼ ਮਹਿਲ ‘ਚ ਖੇਤਰੀ ਸਰਸ ਮੇਲੇ ਦਾ ਧੂਮ ਧੜੱਕੇ ਨਾਲ ਆਗਾਜ਼
-ਪਰਨੀਤ ਕੌਰ ਨੇ ਸਰਸ ਮੇਲੇ ਦਾ ਰਿਬਨ ਕੱਟਕੇ ਤੇ ਨਗਾੜਾ ਵਜਾਕੇ ਕੀਤਾ ਉਦਘਾਟਨ
-ਪੰਜਾਬ ਸਰਕਾਰ ਹਰ ਵਰ੍ਹੇ ਲਵਾਏਗੀ ਅਜਿਹੇ ਮੇਲੇ : ਪਰਨੀਤ ਕੌਰ
– ਪਰਨੀਤ ਕੌਰ ਵੱਲੋਂ ਪਟਿਆਲਵੀਆਂ ਨੂੰ ਮੇਲੇ ‘ਚ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ
-ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਪਾਈਆਂ ਧਮਾਲਾਂ
-ਨੌਜਵਾਨਾਂ ਸਮੇਤ ਹਰ ਵਰਗ ਦੇ ਦਰਸ਼ਕਾਂ ਨੇ ‘ਚੰਨਾ ਤੇ ਪਰੀਤੋ’ ਨਾਲ ਖਿਚਵਾਈਆਂ ਸੈਲਫ਼ੀਆਂ
-18 ਰਾਜਾਂ ਦੀਆਂ ਦਸਤਕਾਰੀ ਵਸਤਾਂ ਦੀ ਪਹਿਲੇ ਦਿਨ ਖ਼ੂਬ ਹੋਈ ਖ਼ਰੀਦੋ-ਫ਼ਰੋਖ਼ਤ
-ਖ਼ਰੀਦੋ-ਫ਼ਰੋਖ਼ਤ, ਮੰਨੋਰੰਜਨ ਅਤੇ ਖਾਣਪੀਣ ਦੇ ਸ਼ੌਕੀਨਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਸਰਸ ਮੇਲਾ
ਪਟਿਆਲਾ, 21 ਫਰਵਰੀ:
ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਖੇਤਰੀ ਸਰਸ ਮੇਲਾ-2018 ਦਾ ਆਗਾਜ਼ ਅੱਜ ਧੂਮ ਧੜੱਕੇ ਨਾਲ ਹੋ ਗਿਆ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਇਸ ਮੇਲੇ ਦਾ ਉਦਘਾਟਨ ਰਿਬਨ ਕੱਟਕੇ ਤੇ ਨਗਾੜਾ ਵਜਾ ਕੇ ਕੀਤਾ। ਇਸ ਸਮੇਂ ਮੇਲੇ ‘ਚ ਪੁੱਜਣ ‘ਤੇ ਉਨ੍ਹਾਂ ਦਾ ਬੀਨ ਵਾਜੇ ਤੇ ਰਵਾਇਤੀ ਲੋਕ ਨਾਚਾਂ ਦੇ ਕਲਾਕਾਰਾਂ ਨੇ ਕੀਤਾ।
ਇਸ ਦੌਰਾਨ ਆਪਣੇ ਸੰਬੋਧਨ ‘ਚ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ ਕੇਂਦਰੀ ਦਿਹਾਤੀ ਵਿਕਾਸ ਮੰਤਰਾਲਾ, ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਖੇਤਰੀ ਸਰਸ ਮੇਲੇ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਸ਼ਿਲਪਕਾਰਾਂ ਸਮੇਤ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ, ਫ਼ੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ ਤੇ ਖਾਣਪੀਣ ਦਾ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਅੱਜ ਮਾਤ ਭਾਸ਼ਾ ਦਿਵਸ ਮੌਕੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਮੇਲੇ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਮੇਲੇ ਹਰ ਵਰ੍ਹੇ ਲਾਏ ਜਾਣਗੇ। ਉਨ੍ਹਾਂ ਨੇ ਪਟਿਆਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਖ਼ੂਬ ਲਾਭ ਲੈਣ ਤਾਂ ਕਿ ਇਥੇ ਪੁੱਜੇ ਕਲਾਕਾਰਾਂ ਸਮੇਤ ਸ਼ਿਲਪਕਾਰਾਂ ਨੂੰ ਉਤਸ਼ਾਹ ਮਿਲੇ। ਇਸ ਮੌਕੇ ਆਈ.ਟੀ.ਆਰ.ਐਚ.ਡੀ ਦੇ ਚੇਅਰਮੈਨ ਤੇ ਸਾਬਕਾ ਆਈ.ਏ.ਐਸ. ਸ੍ਰੀ ਐਸ.ਕੇ. ਮਿਸ਼ਰਾ ਨੇ ਕਿਹਾ ਕਿ ਅਜਿਹੇ ਮੇਲੇ ਦਿਹਾਤੀ ਖੇਤਰਾਂ ਦੇ ਸ਼ਿਲਪਕਾਰਾਂ ਨੂੰ ਆਪਣੀਆਂ ਵਸਤਾਂ ਬਗੈਰ ਕਿਸੇ ਵਿਚੋਲੇ ਦੇ ਆਮ ਲੋਕਾਂ ਨੂੰ ਵੇਚਣ ਦਾ ਮੰਚ ਮਿਲਦਾ ਹੈ।
ਖੇਤਰੀ ਸਰਸ ਮੇਲੇ ‘ਚ ਪੁੱਜੇ ਵੱਡੀ ਗਿਣਤੀ ਦਰਸ਼ਕਾਂ ਦਾ ਸਵਾਗਤ ਪੰਜਾਬੀ ਪਹਿਰਾਵੇ ‘ਚ ਸਜੇ ਮਸਕਟ ‘ਚੰਨਾ’ ਅਤੇ ‘ਪਰੀਤੋ’ ਨੇ ਕੀਤਾ ਅਤੇ ਬੱਚਿਆਂ, ਨੌਜਵਾਨਾਂ ਸਮੇਤ ਹਰ ਵਰਗ ਦੇ ਦਰਸ਼ਕਾਂ ਨੇ ਚੰਨਾ ਤੇ ਪਰੀਤੋ ਨਾਲ ਖੁਸ਼ੀ-ਖੁਸ਼ੀ ਸੈਲਫ਼ੀਆਂ ਕਰਵਾਈਆਂ। ਜਦੋਂ ਕਿ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਪੰਜਾਬ ਪੁਲਿਸ ਸੱਭਿਚਾਰਕ ਗਰੁੱਪ ਵੱਲੋਂ ਪੇਸ਼ ਕੀਤੀ ਗਈ ਰੰਗਾ-ਰੰਗ ਪੇਸ਼ਕਾਰੀ ਦੌਰਾਨ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਖ਼ੂਬ ਧਮਾਂਲਾਂ ਪਾਈਆਂ।
ਇਸ ‘ਚ ਖਾਸ ਤੌਰ ‘ਤੇ ਪੰਜਾਬ ਦੇ ਲੋਕ ਨਾਚਾਂ, ਮੁਰਲੀ ਰਾਜਸਥਾਨੀ ਦੀ ਪੰਜਾਬੀ ਲੋਕ ਗਾਇਕੀ, ਰਾਜਸਥਾਨ ਦਾ ਤੇਰਾਤਾਲ, ਹਰਿਆਣਾ ਦਾ ਘੂਮਰ, ਗੁਜਰਾਤ ਦਾ ਸਿੱਧੀ ਧਮਾਲ, ਉਤਰਾਖੰਡ ਦੇ ਛਪੇਲੀ, ਹਿਮਾਚਲ ਪ੍ਰਦੇਸ਼ ਦੇ ਨਾਟੀ, ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਅਸਾਮ ਦੇ ਬੀਹੂ, ਛਤੀਸ਼ਗੜ੍ਹ ਦੇ ਪੰਥੀ, ਉਡੀਸ਼ਾ ਦੇ ਗੋਟੀਪੁਆ, ਜੰਮੂ ਕਸ਼ਮੀਰ ਦੀ ਧਮਾਲੀ, ਪੰਜਾਬ ਪੁਲਿਸ ਦੀ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਸਮੇਤ ਰਣਜੀਤ ਬਾਵਾ ਦੀ ਗਾਇਕੀ ਨੇ ਦਰਸ਼ਕਾਂ ਨੂੰ ਕੀਲਿਆ। ਜਦੋਂਕਿ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਬੰਚਾਰੀ ਦਾ ਨਗਾੜਾ, ਬਹਿਰੂਪੀਏ, ਕੱਚੀ ਘੋੜੀ, ਪੌੜੀ ‘ਤੇ ਤੁਰਨ ਵਾਲੇ, ਬਾਜੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਖੇਰ ਰਹੀ ਸੀ। ਇਸ ਸਮੇਂ ਪਟਿਆਲਾ ਏਵੀਏਸ਼ਨ ਕਲੱਬ ਵੱਲੋਂ ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਤੋਂ ਇਲਾਵਾ ਇਥੇ ਪੁੱਜੇ ਕਰੀਬ 20 ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਲਾਈਆਂ ਗਈਆਂ 150 ਤੋਂ ਵਧੇਰੇ ਸਟਾਲਾਂ ‘ਤੇ ਦਸਤਕਾਰੀ ਵਸਤਾਂ ਦੀ ਦਰਸ਼ਕਾਂ ਅਤੇ ਖਰੀਦਦਾਰੀ ਦੇ ਸ਼ੌਕੀਨਾਂ ਵੱਲੋਂ ਦੇ ਪਹਿਲੇ ਦਿਨ ਖ਼ੂਬ ਖ਼ਰੀਦੋ-ਫ਼ਰੋਖ਼ਤ ਕੀਤੀ ਗਈ। ਜਦੋਂਕਿ ਵੱਖ-ਵੱਖ ਰਾਜਾਂ ਦੇ ਸਟਾਲਾਂ ‘ਤੇ ਬਣੇ ਲਜ਼ੀਜ਼ ਪਕਵਾਨਾਂ, ਆਈਸ ਕਰੀਮ, ਗੁਜਰਾਤੀ ਖਾਣੇ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ ਚਾਵਲ, ਬਿਰਿਆਨੀ, ਚੀਨੀ ਭੋਜਨ ਦੀ ਮਹਿਕ ਨੇ ਖਾਣ ਪੀਣ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਬੱਚਿਆਂ ਲਈ ਝੂਲੇ, ਪੀਂਗਾਂ ਤੇ ਖਿਡੌਣਿਆਂ ਸਮੇਤ ਮੰਨੋਰੰਜਨ ਦੇ ਹੋਰ ਸਾਧਨਾਂ ਨੇ ਖ਼ੂਬ ਰੌਣਕਾਂ ਲਾਈਆਂ। ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਇਸ ਖੇਤਰੀ ਸਰਸ ਮੇਲੇ ‘ਚ 4 ਮਾਰਚ ਤੱਕ ਪੰਜਾਬ ਸਮੇਤ ਹੋਰ ਰਾਜਾਂ ਤੋਂ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ. ਹਰਿੰਦਰਪਾਲ ਸਿੰਘ ਹੈਰੀਮਾਨ, ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਡਾ. ਦਰਸ਼ਨ ਸਿੰਘ ਘੁੰਮਣ, ਕੌਂਸਲਰ ਕੇ.ਕੇ. ਮਲਹੋਤਰਾ, ਹਰਵਿੰਦਰ ਨਿੱਪੀ, ਐਡਵੋਕੇਟ ਹਰਵਿੰਦਰ ਸ਼ੁਕਲਾ, ਅਤੁਲ ਜੋਸ਼ੀ, ਚੇਅਰਮੈਨ ਜਗਜੀਤ ਨਨਾਨਸੂ, ਸਤਵੰਤ ਰਾਣੀ, ਦੀਦਾਰ ਸਿੰਘ ਦੌਣਕਲਾਂ, ਸੰਜੀਵ ਮਲਹੋਤਰਾ, ਨਿਖਲ ਬਾਤਿਸ਼, ਰੇਖਾ ਅਗਰਵਾਲ, ਰਾਜਿੰਦਰ ਰਾਜੂ, ਮਨੋਜ ਠਾਕੁਰ, ਅਮਨਦੀਪ ਸਿੰਘ, ਰਿੰਦੂ ਸੂਦ, ਜਸਪਾਲ ਜਿੰਦਲ, ਜਸਵਿੰਦਰ ਜੁਲਕਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੂਪਤੀ, ਸਰਸ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸ਼ੌਕਤ ਅਹਿਮਦ ਪਰੇ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਐਸ.ਪੀ. ਐਚ ਸ੍ਰੀਮਤੀ ਕੰਵਰਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਸ੍ਰੀਮਤੀ ਗੀਤਿਕਾ ਸਿੰਘ ਲੈਂਡ ਐਕੁਜੀਸ਼ਨ ਅਫ਼ਸਰ ਲੋਕ ਨਿਰਮਾਣ ਤੇ ਬੀ.ਐਂਡ ਆਰ., ਡਾ. ਇਸਮਤ ਵਿਜੇ ਸਿੰਘ ਪੀ.ਸੀ.ਐਸ. ਈ.ਏ.ਸੀ. ਜਨਰਲ (ਸਿਖਲਾਈ ਅਧੀਨ), ਭਾਸ਼ਾ ਵਿਭਾਗ ਦੇ ਡਾਇਰੈਕਟਰ ਗੁਰਸ਼ਰਨ ਕੌਰ, ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ. ਚਰਨਜੋਤ ਸਿੰਘ ਵਾਲੀਆ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਐਨ.ਜੈਡ.ਸੀ.ਸੀ ਦੇ ਪ੍ਰੋਗਰਾਮ ਅਫ਼ਸਰ ਸ੍ਰੀ ਭੁਪਿੰਦਰ ਸ਼ਰਮਾ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ।
ਐਨ.ਜੈਡ.ਸੀ.ਸੀ ਪ੍ਰੋਗਰਾਮ ਅਫ਼ਸਰ ਸ੍ਰੀ ਰਵਿੰਦਰ ਸ਼ਰਮਾ ਤੇ ਸੰਜੀਵ ਸ਼ਾਦ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਜਦੋਂ ਕਿ ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਹੇਠ ਆਈ.ਟੀ.ਆਈ. ਤੇ ਪੋਲੀਟੈਕਨਿਕ ਕਾਲਜ ਦੇ ਸਿਖਿਆਰਥੀਆਂ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੇ ਵੀ ਸੇਵਾਵਾਂ ਨਿਭਾਈਆਂ। ਏ.ਡੀ.ਸੀ. (ਡੀ) ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਰਸ (ਸੇਲ ਆਫ਼ ਆਰਟੀਕਲਜ ਆਫ਼ ਰੂਰਲ ਆਰਟੀਸਨਸ ਸੁਸਾਇਟੀ) ਮੇਲੇ ‘ਚ 18 ਰਾਜਾਂ ਦੇ ਸ਼ਿਲਪਕਾਰ ਅਤੇ 17 ਰਾਜਾਂ ਦੇ ਕਲਾਕਾਰ ਪੁੱਜੇ ਹਨ, ਜਿਨ੍ਹਾਂ ਦੇ ਰਹਿਣ-ਸਹਿਣ ਲਈ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ।
22 ਫਰਵਰੀ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ
ਸ੍ਰੀ ਪਰੇ ਨੇ ਦੱਸਿਆ ਕਿ 22 ਫਰਵਰੀ ਸਵੇਰੇ 11 ਤੋਂ 1 ਵਜੇ ਤੱਕ ਪੰਜਾਬ ਪੁਲਿਸ ਦਾ ਸੱਭਿਆਚਾਰਕ ਗਰੁੱਪ, ਲੋਕ ਗਾਇਕੀ, ਹਰਿਆਣਵੀ ਫਾਗ, ਘੂਮਰ ਦੀ ਪੇਸ਼ਕਾਰੀ ਹੋਵੇਗੀ ਤੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹਰਿਆਣਵੀ ਪਾਣੀਹਾਰੀ, ਰਾਜਸਥਾਨੀ ਚਾਰੀ, ਗੁਜਰਾਤ ਦੀ ਸਿੱਧੀ ਧਮਾਲ, ਹਿਮਾਚਲ ਦੀ ਨਾਟੀ, ਆਂਧਰ ਦੀ ਤੱਪੜਗੁੱਲੂ, ਜੰਮੂ ਦਾ ਦੀ ਧਮਾਲੀ, ਅਸਾਮ ਦਾ ਬੀਹੂ, ਛਤੀਸਗੜ੍ਹ ਦੀ ਪੰਥੀ ਤੇ ਉਡੀਸ਼ਾ ਦਾ ਗੋਟੀਪੁਆ ਦੀਆਂ ਪੇਸ਼ਕਾਰੀਆਂ ਹੋਣਗੀਆਂ।