Sonia Mann joins Jat Mahasabha

September 13, 2022 - PatialaPolitics

Sonia Mann joins Jat Mahasabha

Sonia Mann joins Jat Mahasabha

 

ਕਿਸਾਨ ਅੰਦੋਲਨ ਦੌਰਾਨ ਨਵੀਂ ਭੂਮਿਕਾ ਵਿਚ ਸਾਹਮਣੇ ਆਈ ਪੰਜਾਬੀ ਕਲਾਕਾਰ, ਗਾਇਕਾ ਤੇ ਅਦਾਕਾਰ ਸੋਨੀਆ ਮਾਨ ਮੰਲਗਵਾਰ ਨੂੰ ਆਲ ਇੰਡੀਆ ਜਾਟ ਮਹਾਂਸਭਾ ਵਿਚ ਸ਼ਾਮਲ ਹੋ ਗਈ। ਚੰਡੀਗੜ੍ਹ ਪ੍ਰੈਸ ਕਲੱਬ ਵਿਚ ਮਹਾਂ ਸਭਾ ਦੇ ਪ੍ਰਧਾਨ ਹਰਪਾਲ ਸਿੰਘ ਨੇ ਉਨ੍ਹਾਂ ਨੂੰ ਸ਼ਾਮਲ ਕਰਵਾਇਆ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੀ।

ਇਸ ਮੌਕੇ ਸੋਨੀਆ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਟੀ. ਵੀ. ਪਰਦੇ ਦੇ ਨਾਲ ਨਾਲ ਹਮੇਸ਼ਾ ਕਿਸਾਨਾਂ ਅਤੇ ਸਮਾਜ ਦੇ ਲੋਕਾਂ ਦੀ ਲੜਾਈ ਲੜਨ ਦਾ ਯਤਨ ਕੀਤਾ ਹੈ। ਆਲ ਇੰਡੀਆ ਜਾਟ ਮਹਾਂ ਸਭਾ ਦੇ ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਦੇ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਨੇ ਸੋਨੀਆ ਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਗਠਨ ਨੂੰ ਮਜਬੂਤ ਕਰਨ ਦੀ ਪ੍ਰਕ੍ਰਿਆ ਤਹਿਤ ਸੋਨੀਆ ਮਾਨ ਨੂੰ ਆਲ ਇੰਡੀਆ ਜਾਟ ਮਹਾਂਸਭਾ ਦੇ ਯੁਵਾ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਸੋਨੀਆ ਮਾਨ ਦੀਆਂ ਹੋਰਨਾਂ ਸੰਠਗਨਾਂੲ ਦੀਆਂ ਜਿੰਮੇਵਾਰੀਆਂ ਨਾਲ ਯੁਵਾ ਮਹਿਲਾ ਵਿੰਗ ਨੂੰ ਪੰਜਾਬ ਵਿਚ ਪਿੰਡ ਪੱਧਰ ਤੱਕ ਮਜਬੂਤ ਕਰਨ ਦੀ ਜਿੰਮੇਵਾਰੀ ਰਹੇਗੀ।

ਹਰਪੁਰਾ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਅਤੇ ਜੱਟਾਂ ਦੀਆਂ ਮੰਗਾਂ ਅਤੇ ਹੋਰਨਾਂ ਸਮੱਸਿਆਵਾਂ ਲਈ ਸੰਘਰਸ਼ ਲਈ ਅਕਤੂਬਰ ਵਿਚ ਜਿਲ੍ਹਾ ਪੱਧਰੀ ਮੀਟਿੰਗ ਕਰਕੇ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਲੰਪ ਸਕਿਨ ਦੇ ਚਲਦਿਆਂ ਹਜਾਰਾਂ ਗਊਆਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਿਮਾਰੀ ਨੂੰ ਮਹਾਂਮਾਰੀ ਐਲਾਨੇ ਅਤੇ ਗਊਆਂ ਦੀ ਮੌਤ ’ਤੇ ਹਰ ਪਸ਼ੂ ਪਾਲਕ ਨੂੰ ਘੱਟੋ ਘੱਟ 60,000 ਰੁਪਏ, ਬਿਮਾਰੀ ਦਾ ਸ਼ਿਕਾਰ ਗਊ ਦੇ ਮਾਲਕ ਨੂੰ 10,000 ਰੁਪਏ ਪ੍ਰਤੀ ਪਸ਼ੂ ਮੁਆਵਜਾ ਦਿੱਤਾ ਜਾਵੇ।

ਹਰਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਬਿਨ੍ਹਾਂ ਸ਼ਰਤ ਤੋਂ ਪੂਰੇ ਕਰਨੇ ਚਾਹੀਦੇ ਹਨ, ਜਿਸਦੇ ਤਹਿਤ ਦੋ ਮਹੀਨੇ ਦਾ 600 ਯੂਨਿਟ ਬਿਜਲੀ ਦਾ ਬਿੱਲ ਬਿਨ੍ਹਾਂ ਸ਼ਰਤ ਹਰ ਵਿਅਕਤੀ ਨੂੰ ਮਾਫ ਕੀਤਾ ਜਾਵੇ।

ਪੰਜਾਬ ਵਿਚ ਜਾਟ ਸਮਾਜ ਨੂੰ ਬਣਦੀ ਹਰ ਖੇਤਰ ਵਿਚ ਪ੍ਰਤੀਨਿਧਤਾ ਦਿੱਤੀ ਜਾਵੇ ਅਤੇ ਓ. ਬੀ. ਸੀ. ਤਹਿਤ ਰਾਖਵਾਕਰਣ ਦਿੱਤਾ ਜਾਵੇ। ਕਿਉਂਕਿ ਜਾਟ ਸਮਾਜ ਦੇ ਕੋਲ ਅੱਜ ਜਮੀਨ ਬਹੁਤ ਘੱਟ ਰਹਿ ਗਈ ਹੈ, ਜਿਸ ਕਾਰਨ ਊਨ੍ਹਾਂ ਦੀ ਆਰਥਿਕ ਹਾਲਤ ਦਿਨ ਬ ਦਿਨ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਟ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇ ਤਾਂ ਕਿ ਜਾਟ ਸਮਾਜ ਦੀਆਂ ਸਮੱਸਿਆਵਾਂ ਤੇ ਮੰਗਾਂ ਨੂੰ ਸਹੀ ਢੰਗ ਨਾਲ ਹੱਲ ਕੀਤੇ ਜਾਣ ਲਈ ਇਕ ਫਲੇਟਫਾਰਮ ਉਪਲੱਬਧ ਹੋ ਸਕੇ।

ਕਿਸਾਨਾਂ ਨੂੰ ਚੰਗੀ ਕਿਸਮ ਦੇ ਬੀਜ, ਕੀਟਨਾਸ਼ਕ ਅਤੇ ਖਾਦ ਸਰਕਾਰ ਨੂੰ ਉਪਲੱਬਧ ਕਰਵਾਉਣ ਲਈ ਯੋਜਨਾ ਬਣਾਉਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਹਰ ਸਾਲ ਹੋ ਰਹੇ ਨੁਕਸਾਨ ਨਾਲ ਕਰਜ ਵਿਚ ਡੁੱਬਣ ਤੋਂ ਵਚਾਇਆ ਜਾ ਸਕੇ। ਪੰਜਾਬ ਸਰਕਾਰ ਨੂੰ ਸਹਿਕਾਰੀ ਸਭਾਵਾਂ ਦੇ ਸਿਸਟਮ ਨੂੰ ਮਜਬੂਤ ਕਰਨਾ ਚਾਹੀਦਾ ਹੈ ਅਤੇ ਸਹਿਕਾਰੀ ਸਭਾਵਾਂ ਵਿਚ ਸਰਕਾਰ ਬੀਜ, ਕੀਟਨਾਸ਼ਕ ਅਤੇ ਖਾਦ ਵੇਚਣ ਦਾ ਪ੍ਰਬੰਧ ਕਰੇ।

ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਜੈਇੰਦਰ ਕੌਰ ਨੇ ਦੱਸਿਆ ਕਿ ਜਾਟ ਸਮਾਜ ਦੀਆਂ ਔਰਤਾਂ ਦੇ ਸਸ਼ਕਤੀਕਰਨ ਲਈ ਆਲ ਇੰਡੀਆ ਜਾਟ ਮਹਾਸਭਾ ਦੀ ਮਹਿਲਾ ਵਿੰਗ ਪੰਜਾਬ ਵੱਲੋਂ ਪੰਜਾਬ ਭਰ ਦੀਆਂ ਲੜਕੀਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਲੜਕੀ ਦੇ ਵਿਆਹ ਵਿੱਚ ਦਾਜ ਦੇਣ ਦੀ ਪ੍ਰਥਾ ਨੂੰ ਰੋਕਣ ਲਈ ਸਮੁੱਚੇ ਜਾਟ ਸਮਾਜ ਨੂੰ ਜੋੜਿਆ ਜਾਵੇਗਾ ਤਾਂ ਜੋ ਸਾਡੇ ਸਮਾਜ ਨੂੰ ਇਸ ਬੁਰਾਈ ਤੋਂ ਛੁਟਕਾਰਾ ਮਿਲ ਸਕੇ।

ਜਾਟ ਸਮਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸਤਰੀ ਵਿੰਗ ਵੱਲੋਂ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਬੁਰਾਈਆਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਨੌਜਵਾਨਾਂ ਨੂੰ ਫੜਨ ਦਾ ਪ੍ਰਬੰਧ ਕੀਤਾ ਜਾਵੇਗਾ।

ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਯੂਥ ਇਸਤਰੀ ਵਿੰਗ ਸੋਨੀਆ ਮਾਨ, ਆਲ ਇੰਡੀਆ ਜਾਟ ਮਹਾਂਸਭਾ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਜਨਰਲ ਸਕੱਤਰ ਚੌਧਰੀ ਯੁਧਵੀਰ ਸਿੰਘ, ਪੰਜਾਬ ਦੇ ਪ੍ਰਧਾਨ ਤੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਅਤੇ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਯੂਥ ਵੀ ਸ਼ਾਮਲ ਸਨ। ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਨਿਯੁਕਤ ਹੋਣ ‘ਤੇ ਧੰਨਵਾਦ ਪ੍ਰਗਟ ਕੀਤਾ।

ਇਸ ਮੌਕੇ ਕੌਮੀ ਮੀਤ ਪ੍ਰਧਾਨ ਦੁਨੀ ਚੰਦ, ਪੰਜਾਬ ਜਨਰਲ ਸਕੱਤਰ ਅਜੈਬ ਸਿੰਘ ਬੋਪਾਰਾਏ, ਯੂਥ ਵਿੰਗ ਪੰਜਾਬ ਦੇ ਪ੍ਰਧਾਨ ਕੰਵਰ ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਸਾਲਾ, ਪੰਜਾਬ ਸਕੱਤਰ ਰਸ਼ਮੀ ਚੌਧਰੀ, ਖੁਸ਼ਬੂ ਚੌਧਰੀ ਅਤੇ ਜਨਰਲ ਸਕੱਤਰ ਮਨਪ੍ਰੀਤ ਕੌਰ ਸਮੇਤ ਕਈ ਪਤਵੰਤੇ ਹਾਜ਼ਰ ਸਨ।