Kisan Mela Patiala 2022

September 16, 2022 - PatialaPolitics

Kisan Mela Patiala 2022

Kisan Mela Patiala 2022

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਬਦੌਲਤ ਕਿਸਾਨ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ, ਸਗੋਂ ਇਸ ਤੋਂ ਮੁਨਾਫ਼ਾ ਕਮਾਉਣਗੇ। ਵਿੱਤ ਮੰਤਰੀ ਅੱਜ ਇੱਥੇ ਰੌਣੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਕਿਸਾਨ ਮੇਲੇ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐਸ.ਐਸ. ਗੋਸਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਸਾਬਕਾ ਉਪ ਕੁਲਪਤੀ ਡਾ. ਐਮ.ਐਸ. ਕੰਗ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਾਅਦਾ ਕਰਦਿਆਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਅਹਿਦ ਕੀਤਾ ਹੈ, ਇਸ ਲਈ ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਦੇਣ ਦੇ ਨਾਲ-ਨਾਲ ਨਵੇਂ ਲੱਗੇ ਕਾਰਖਾਨਿਆਂ ਦੇ ਬੁਆਇਲਰਾਂ ਵਿੱਚ ਵਰਤਣ ਲਈ ਪਰਾਲੀ ਨੂੰ ਖੇਤਾਂ ਵਿੱਚੋਂ ਹੀ ਚੁਕਵਾਉਣ ਦੇ ਅਗੇਤੇ ਪ੍ਰਬੰਧ ਵੀ ਕੀਤੇ ਹਨ।
ਵਿੱਤ, ਯੋਜਨਾ ਅਤੇ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨ ਮੇਲੇ ‘ਚ ਫ਼ਸਲਾਂ ਦੇ ਪ੍ਰਦਰਸ਼ਨੀ ਪਲਾਂਟ ਦੇਖਣ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਦਾ ਜਾਇਜ਼ਾ ਲੈਣ ਮਗਰੋਂ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੱਦਾ ਦਿੱਤਾ ਕਿ ਉਹ ਗੁਰੂਆਂ ਦੇ ਸੁਨੇਹੇ ਮੁਤਾਬਕ ਪੌਣ-ਪਾਣੀ ਤੇ ਧਰਤੀ ਨੂੰ ਬਚਾਉਣ ਲਈ ਕੁਦਰਤੀ ਖੇਤੀ ਨੂੰ ਤਰਜ਼ੀਹ ਦੇਣ। ਸੂਬੇ ਅੰਦਰ ਧਰਤੀ ਹੇਠਲੇ ਪਾਣੀ ਪੱਖੋਂ ਡਾਰਕ ਜ਼ੋਨ ਬਣਨ ‘ਤੇ ਚਿੰਤਾ ਪ੍ਰਗਟਾਉਂਦਿਆਂ ਸ. ਚੀਮਾ ਨੇ ਕਿਹਾ ਕਿ ਕਿਸਾਨ ਨਵੀਂਆਂ ਤਕਨੀਕਾਂ ਦੇ ਆਸਰੇ ਰਵਾਇਤੀ ਫ਼ਸਲੀ ਚੱਕਰ ਨੂੰ ਤੋੜਕੇ ਸਹਾਇਕ ਧੰਦਿਆਂ ਨਾਲ ਜੁੜਨ, ਤਾਂ ਕਿ ਖੇਤੀ ਨੂੰ ਲਾਹੇਵੰਦਾ ਧੰਦਾ ਬਣਾਇਆ ਜਾ ਸਕੇ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਚਾਈਨੀਜ਼ ਵਾਇਰਸ ਦੇ ਹਮਲੇ ਤੋਂ ਝੋਨੇ ਦੀ ਫ਼ਸਲ ਦੇ ਬਚਾਅ ਲਈ ਖੇਤੀ ਮਾਹਰਾਂ ਨੂੰ ਲੋੜੀਂਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਸੂਬੇ ‘ਚ ਇਸ ਵਾਰ ਮੂੰਗੀ ਦੀ ਫ਼ਸਲ ਨੂੰ ਕਿਸਾਨਾਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਲਈ ਕਿਸਾਨਾਂ ਦਾ ਧੰਨਵਾਦ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨ ਅਜਿਹੇ ਕਿਸਾਨ ਮੇਲਿਆਂ ਦਾ ਲਾਭ ਜਰੂਰ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਚਾਲੂ ਤਾਂ ਰਹਿਣਗੀਆਂ ਹੀ, ਸਗੋਂ ਇਹ ਸਬਸਿਡੀਆਂ ਹੁਣ ਸਿੱਧੀਆਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਾਣਗੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ‘ਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦਾ ‘ਓਪਰੇਸ਼ਨ ਲੋਟਸ’ ਪਹਿਲਾਂ ਦਿੱਲੀ ਵਿੱਚ ਫੇਲ੍ਹ ਹੋਇਆ ਅਤੇ ਹੁਣ ਪੰਜਾਬ ਦੇ ਵਿਧਾਇਕਾਂ ਨੇ ਆਪਣੀ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਦਿਆਂ ਇਸ ਨੂੰ ਫੇਲ੍ਹ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਭਾਜਪਾ ਨਾਲ ਰਲੇਂਵੇ ਬਾਰੇ ਵਿੱਤ ਮੰਤਰੀ ਨੇ ਕਿਹਾ ਉਹ ਤਾਂ ਪਿਛਲੇ ਪੰਜ ਸਾਲ ਤੋਂ ਹੀ ਭਾਜਪਾ ਨਾਲ ਮਿਲਕੇ ਚੱਲ ਰਹੇ ਸਨ।
ਕਿਸਾਨ ਮੇਲੇ ਦੌਰਾਨ ਵੱਖ-ਵੱਖ ਖੇਤੀ ਮਾਹਰਾਂ ਦਾ ਸਨਮਾਨ ਵੀ ਕੀਤਾ ਗਿਆ ਜਦਕਿ ਕਿਸਾਨਾਂ ਨੂੰ ਸੁਧਰੀਆਂ ਨਵੀਆਂ ਕਿਸਮਾਂ ਦੇ ਬੀਜ ਵੀ ਵੰਡੇ ਗਏ। ਮੇਲੇ ਮੌਕੇ ਕੇ.ਵੀ.ਕੇ. ਰੌਣੀ ਦੇ ਇੰਚਾਰਜ ਡਿਪਟੀ ਡਾਇਰੈਕਟਰ ਡਾ. ਵਿਪਨ ਕੁਮਾਰ ਰਾਮਪਾਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਆਪ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਸ.ਪੀ. ਵਜ਼ੀਰ ਸਿੰਘ ਖਹਿਰਾ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਤੋਂ ਇਲਾਵਾ ਵੱਡੀ ਗਿਣਤੀ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ।