Patiala DC Sakshi Sawhney inspects flow of water in Ghaggar
September 27, 2022 - PatialaPolitics
Patiala DC Sakshi Sawhney inspects flow of water in Ghaggar
ਡਿਪਟੀ ਕਮਿਸ਼ਨਰ ਵੱਲੋਂ ਘੱਗਰ ਦਾ ਜਾਇਜ਼ਾ, ਕਿਹਾ, ‘ਜ਼ਿਲ੍ਹਾ ਪ੍ਰਸ਼ਾਸਨ ਪੂਰਾ ਚੌਕਸ’
ਪਟਿਆਲਾ, 27 ਸਤੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਘੱਗਰ ਅਤੇ ਹੋਰ ਨਦੀਆਂ ਦੇ ਕੈਚਮੈਂਟ ਇਲਾਕਿਆਂ ਵਿੱਚ ਪਏ ਭਾਰੀ ਮੀਂਹ ਕਰਕੇ ਇਨ੍ਹਾਂ ਨਦੀਆਂ ਵਿੱਚ ਵਧੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਡਿਪਟੀ ਕਮਿਸ਼ਨਰ ਨੇ ਧਰਮੇੜੀ ਡਰੇਨ, ਮਹਿਮੂਦਪੁਰ, ਪਿੰਡ ਜੱਲਾ ਖੇੜੀ ਆਦਿ ਇਲਾਕਿਆਂ ਦਾ ਦੌਰਾ ਕਰਕੇ ਪਿੰਡਾਂ ਦੇ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ।
ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਕਿਉਂਕਿ ਜੇਕਰ ਕੈਚਮੈਟ ਏਰੀਆ ਵਿੱਚ ਹੋਰ ਬਰਸਾਤ ਨਾ ਹੋਈ ਤਾਂ ਕੱਲ੍ਹ ਸਵੇਰ ਜਾਂ ਦੁਪਹਿਰ ਤੱਕ ਘੱਗਰ ਦਾ ਪਾਣੀ ਘਟਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸਥਿਤੀ ਉਪਰ ਤਿੱਖੀ ਨਜ਼ਰ ਬਣਾਈ ਰੱਖਣ ਦੇ ਆਦੇਸ਼ ਦਿੱਤੇ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲ ਵੀਰ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਚੌਕਸ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀਆਂ ਪੂਰੀਆਂ ਤਿਆਰੀਆਂ ਹਨ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਦੀਪ ਸਿੰਘ ਬੈਂਸ ਨੂੰ ਇਲਾਕੇ ਦੇ ਲੋਕਾਂ ਸਮੇਤ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਰੱਖਣ ਆਦਿ ਦੇ ਲੋੜੀਂਦੇ ਨਿਰਦੇਸ਼ ਦਿੱਤੇ।