Young Khalsa Marathon Patiala 2022

October 2, 2022 - PatialaPolitics

Young Khalsa Marathon Patiala 2022

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ।
ਹਰਜੋਤ ਸਿੰਘ ਬੈਂਸ ਨੇ ਰਵਾਨਾ ਕੀਤੀ ਤੀਜੀ ਯੰਗ ਖ਼ਾਲਸਾ ਮੈਰਾਥਨ
-ਪੰਜਾਬ ਮੁੜ ਤੋਂ ਬਣੇਗਾ ਰੰਗਲਾ ਪੰਜਾਬ-ਹਰਜੋਤ ਸਿੰਘ ਬੈਂਸ
-ਵਿਧਾਇਕ ਅਜੀਤਪਾਲ ਕੋਹਲੀ, ਦੇਵ ਮਾਨ ਤੇ ਬਲੇਡ ਰਨਰ ਮੇਜਰ ਡੀ.ਪੀ. ਸਿੰਘ, ਕਲਾਕਾਰ ਜਰਨੈਲ ਸਿੰਘ, ਐਸ.ਐਸ.ਪੀ. ਸਿੱਧੂ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ
ਪਟਿਆਲਾ, 2 ਅਕੂਤਬਰ:
ਪੰਜਾਬ ਦੇ ਜੇਲਾਂ ਤੇ ਸਕੂਲ ਸਿੱਖਿਆ ਵਿਭਾਗਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਯੰਗ ਖ਼ਾਲਸਾ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕਰਵਾਈ ਤੀਸਰੀ ਯੰਗ ਖ਼ਾਲਸਾ ਮੈਰਾਥਨ ਨੂੰ ਝੰਡੀ ਦੇਕੇ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਗੁਰਦੇਵ ਸਿੰਘ ਦੇਵ ਮਾਨ, ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ, ਯੰਗ ਖ਼ਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨਪੁਨੀਤ ਸਿੰਘ, ਬਲੇਡ ਰਨਰ ਮੇਜਰ ਡੀ.ਪੀ. ਸਿੰਘ, ਪੰਜਾਬੀ ਫ਼ਿਲਮ ਕਲਾਕਾਰ ਜਰਨੈਲ ਸਿੰਘ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਿਤਪਾਲ ਸਿੰਘ ਤੇ ਗਿਆਨੀ ਪ੍ਰਣਾਮ ਸਿੰਘ, ਗਿਆਨੀ ਫੂਲਾ ਸਿੰਘ ਤੇ ਗਿਆਨੀ ਹਰਵਿੰਦਰ ਸਿੰਘ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿੱਚ ਦੁਬਾਰਾ ਹਾਸੇ-ਖੇੜੇ ਅਤੇ ਖੇਡਾਂ ਮੁੜ ਪਰਤ ਆਈਆਂ ਹਨ ਜਿਸ ਤੋਂ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਡਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਕੇ ਅਤੇ ਖੇਡਾਂ ਨਾਲ ਜੋੜਨ ਵਾਸਤੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਹਨ ਅਤੇ ਸਕੂਲਾਂ-ਕਾਲਜਾਂ ਵਿੱਚ ਵੀ ਖੇਡ ਸੱਭਿਆਚਾਰ ਪ੍ਰਫ਼ੁਲਤ ਹੋ ਰਿਹਾ ਹੈ, ਜੋ ਕਿ ਸ਼ੁਭ ਸ਼ਗਨ ਹੈ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਜੇਲ ਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਯੰਗ ਖ਼ਾਲਸਾ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ, ਜਿਸ ਲਈ ਸਭ ਨੂੰ ਕਸਰਤ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਪਟਿਆਲਾ ਤੇ ਸਾਡਾ ਪੰਜਾਬ ਹੱਸਦਾ, ਵੱਸਦਾ, ਤੰਦਰੁਸਤ ਅਤੇ ਖ਼ੁਸ਼ਹਾਲ ਰਹੇ।
ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਭਵਨਪੁਨੀਤ ਸਿੰਘ ਅਤੇ ਯੰਗ ਖ਼ਾਲਸਾ ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋਂ ਕਰਵਾਈ ਤੀਸਰੀ ਯੰਗ ਖ਼ਾਲਸਾ ਮੈਰਾਥਨ ਇਕੱਲੇ ਪਟਿਆਲਾ ਸ਼ਹਿਰ ਦਾ ਹੀ ਨਹੀਂ ਬਲਕਿ ਰਾਜ ਪੱਧਰੀ ਈਵੈਂਟ ਹੋ ਨਿਬੜਿਆ ਹੈ, ਕਿਉਂਕਿ ਇਸ ਵਿੱਚ ਹਰ ਉਮਰ ਵਰਗ ਦੇ 5000 ਦੇ ਕਰੀਬ ਲੋਕਾਂ ਨੇ ਸ਼ਿਰਕਤ ਕਰਕੇ ਇਸ ਨੂੰ ਕਾਮਯਾਬ ਬਣਾਇਆ ਹੈ।
ਮੇਜਰ ਡੀ.ਪੀ. ਸਿੰਘ ਨੇ ਆਪਣੀ ਜਿੰਦਗੀ ਦਾ ਮੰਤਰ ਦੱਸਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਗੁੱਸਾ ਆਉਣ ‘ਤੇ ਖੇਡੋ-ਕੁੱਦੋ ਅਤੇ ਪਿਆਰ ਆਉਣ ‘ਤੇ ਇਸਨੂੰ ਵੰਡੋ, ਰੁਕੋ ਨਾ ਸਗੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਅੱਗੇ ਵੱਧਦੇ ਰਹੋ। ਪੰਜਾਬੀ ਫ਼ਿਲਮੀ ਕਲਾਕਾਰ ਜਰਨੈਲ ਸਿੰਘ ਨੇ ਵੀ ਸਮੂਹ ਪੰਜਾਬੀਆਂ ਨੂੰ ਸਿਹਤਮੰਦ ਰਹਿਣ ਲਈ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਤੇ ਕੁਦਰਤ ਨਾਲ ਪਿਆਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ।
ਇਸ ਦੌਰਾਨ ਮੁੱਖ ਮੰਤਰੀ ਦਫ਼ਤਰ ਦੇ ਡਾਇਰੈਕਟਰ ਮੀਡੀਆ ਰਿਲੇਸ਼ਨਜ਼ ਬਲਤੇਜ ਪੰਨੂ, ਤਰਲੋਕ ਸਿੰਘ, ਮੁੱਖ ਮੰਤਰੀ ਦੇ ਓ.ਐਸ.ਡੀ. ਡਾ. ਉਂਕਾਰ ਸਿੰਘ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਐਸ.ਪੀ. ਸਥਾਨਕ ਹਰਬੰਤ ਕੌਰ, ਐਸ.ਪੀ. ਰਾਕੇਸ਼ ਕੁਮਾਰ, ਡੀ.ਐਸ.ਪੀ. ਹਰਦੀਪ ਸਿੰਘ ਬਡੂੰਗਰ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਧੀਕ ਮੈਨੇਜਰ ਕਰਨੈਲ ਸਿੰਘ ਵਿਰਕ, ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਮੈਨੇਜਰ ਇੰਦਰਜੀਤ ਸਿੰਘ, ਯੰਗ ਖ਼ਾਲਸਾ ਫਾਊਂਡੇਸ਼ਨ ਤੋਂ ਗੁਰਮੀਤ ਸਿੰਘ ਸਡਾਣਾ, ਸਿਮਰਨ ਸਿੰਘ ਗਰੇਵਾਲ, ਐਡਵੋਕੇਟ ਪਰਮਵੀਰ ਸਿੰਘ, ਸਮਾਰਟੀ ਜਸਲੀਨ ਸਿੰਘ, ਸੁਖਵਿੰਦਰ ਸਿੰਘ ਸੇਠੀ ਤੇ ਰਾਜਦੀਪ ਸਿੰਘ ਧਾਲੀਵਾਲ, ਪਰਮਿੰਦਰਬੀਰ ਸਿੰਘ, ਡਾ. ਪ੍ਰਭਲੀਨ ਸਿੰਘ, ਗੁਰੂ ਤੇਗ਼ ਬਹਾਦਰ ਸੇਵਕ ਜਥੇ ਤੋਂ ਤਰਲੋਕ ਸਿੰਘ ਤੋਰਾ ਸਮੇਤ ਵੱਡੀ ਗਿਣਤੀ ਸਿਵਲ ਪ੍ਰਸ਼ਾਸਨ, ਪਟਿਆਲਾ ਅਤੇ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਪੰਜਾਬ ਭਰ ਤੋਂ ਪੁੱਜੇ ਲੋਕਾਂ ਨੇ ਉਤਸ਼ਾਹ ਨਾਲ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਦੌੜ ਵਿੱਚ ਹਿੱਸਾ ਲਿਆ।

Click Here to See Pics and Videos of Marathon