Punjabi’s got the honor of learning three languages ​​naturally: Inderbir Singh Niijar

November 1, 2022 - PatialaPolitics

Punjabi’s got the honor of learning three languages ​​naturally: Inderbir Singh Niijar

Punjabi's got the honor of learning three languages ​​naturally: Inderbir Singh Niijar

ਮਾਨ ਸਰਕਾਰ ਨੇ ਸਰਕਾਰੀ ਨੌਕਰੀ ‘ਚ ਪੰਜਾਬੀ ਭਾਸ਼ਾ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਨੌਜਵਾਨਾਂ ਨੂੰ ਹੀ ਸਰਕਾਰੀ ਨੌਕਰੀਆਂ ਦੇਣ ਦਾ ਫ਼ੈਸਲਾ ਲਿਆ : ਡਾ. ਇੰਦਰਬੀਰ ਸਿੰਘ ਨਿੱਜਰ

– ਪੰਜਾਬੀਆਂ ਨੂੰ ਤਿੰਨ ਬੋਲੀਆਂ ਕੁਦਰਤੀ ਤੌਰ ‘ਤੇ ਸਿੱਖਣ ਦਾ ਮਿਲਿਆ ਮਾਣ : ਕੈਬਨਿਟ ਮੰਤਰੀ

-ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ‘ਚ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕੀਤੀ ਸ਼ਿਰਕਤ
ਪਟਿਆਲਾ, 1 ਨਵੰਬਰ:
ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਕੰਮ ਕਾਜ ਨੂੰ ਪੰਜਾਬੀ ਵਿੱਚ ਕਰਨ ਸਮੇਤ ਸਰਕਾਰੀ ਨੌਕਰੀਆਂ ਵਿੱਚ ਭਰਤੀ ਸਮੇਂ ਪੰਜਾਬੀ ਭਾਸ਼ਾ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਨੌਕਰੀ ਲਈ ਯੋਗ ਮੰਨਣ ਦੇ ਲਏ ਇਤਿਹਾਸਕ ਫ਼ੈਸਲੇ ਨੇ ਪੰਜਾਬੀ ਭਾਸ਼ਾ ਨੂੰ ਕਿਸੇ ਕਿਸਮ ਦੇ ਖ਼ਤਰੇ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੱਤਾ ਹੈ। ਉਹ ਅੱਜ ਪੰਜਾਬੀ ਯੂਨੀਵਰਸਿਟੀ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਪੰਚਕੂਲਾ ਵੱਲੋਂ ਕਰਵਾਈ ਜਾ ਰਹੀ ਦੋ ਰੋਜ਼ਾ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣਾ ਸਾਰਾ ਸਰਕਾਰੀ ਕੰਮ ਪੰਜਾਬੀ ਭਾਸ਼ਾ ਵਿੱਚ ਕੀਤਾ ਜਾ ਰਿਹਾ ਹੈ ਅਤੇ ਕੋਰਟ ਦੇ ਕੰਮ ਨੂੰ ਪੰਜਾਬੀ ਵਿੱਚ ਕਰਨ ਲਈ ਵੀ ਸਰਕਾਰ ਵੱਲੋਂ ਯਤਨ ਅਰੰਭੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਗਰੁੱਪ ਸੀ ਦੀਆਂ ਅਸਾਮੀਆਂ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਹੀ ਸਰਕਾਰੀ ਨੌਕਰੀਆਂ ਵਿੱਚ ਲੈਣ ਦਾ ਫ਼ੈਸਲਾ ਵੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕੁਦਰਤੀ ਤੌਰ ਉਤੇ ਹੀ ਤਿੰਨ ਭਾਸ਼ਾ ਸਿੱਖਣ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ) ਦਾ ਮੌਕਾ ਮਿਲਦਾ ਹੈ ਜੋ ਕਿ ਬਹੁਤ ਹੀ ਘੱਟ ਲੋਕਾਂ ਨੂੰ ਅਜਿਹਾ ਮਾਣ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਹੋਰ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਸ ਮੌਕੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਆਪਣੇ ਕੁੰਜੀਵਤ ਭਾਸ਼ਣ ਦੌਰਾਨ ਪ੍ਰੋ. ਹਰਿਭਜਨ ਸਿੰਘ ਭਾਟੀਆ ਨੇ ਸੈਮੀਨਾਰ ਵਿੱਚ ਆਏ ਵਿਚਾਰਾਂ ਨੂੰ ਜ਼ਮੀਨੀ ਪੱਧਰ ਉਤੇ ਲਾਗੂ ਕਰਨ ਉਤੇ ਜ਼ੋਰ ਦਿੱਤਾ। ਕਾਨਫ਼ਰੰਸ ਦੇ ਕੋਆਡੀਨੇਟਰ ਡਾ. ਸਤਨਾਮ ਸਿੰਘ ਸੰਧੂ ਨੇ ਸੰਸਾਰ ਪੱਧਰ ਉਤੇ ਪੰਜਾਬੀ ਭਾਸ਼ਾ ਦੀ ਸਥਿਤੀ ਉਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਵਿੱਚ ਪੰਜਾਬੀ ਭਾਸ਼ਾ ਗਿਆਰਵੇਂ ਸਥਾਨ ਉਤੇ ਹੈ ਜਦਕਿ ਅਸਟਰੇਲੀਆ ਵਿੱਚ ਪੰਜਵੇਂ ਅਤੇ ਕੈਨੇਡਾ ਵਿੱਚ ਚੌਥੇ ਸਥਾਨ ਉਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ।
ਡਾ. ਬੂਟਾ ਸਿੰਘ ਬਰਾੜ ਨੇ ਕਿਹਾ ਕਿ ਯੂਨੇਸਕੋ ਵੱਲੋਂ 6 ਹਜ਼ਾਰ ਭਾਸ਼ਾਵਾਂ ਵਿੱਚੋਂ 2500 ਭਾਸ਼ਾਵਾਂ ਦੇ ਖਤਮ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਦੇ ਖਤਮ ਹੋਣ ਦੀ ਦਰ ਪ੍ਰਜਾਤੀਆਂ ਦੇ ਖਤਮ ਹੋਣ ਦੀ ਦਰ ਨਾਲੋਂ ਜ਼ਿਆਦਾ ਤੇਜ਼ ਹੈ ਪਰ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਜਿਸ ਨੂੰ ਤਕਰੀਬਨ 13 ਕਰੋੜ ਲੋਕ ਬੋਲਦੇ ਹਨ ਉਸ ਦੇ ਖਤਮ ਹੋਣ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਖਤਰਾ ਨਹੀਂ ਹੈ। ਜਨਾਬ ਖਾਲਿਦ ਹੁਸੈਨ ਨੇ ਕਿਹਾ ਕਿ 1947 ਵਿੱਚ ਪੰਜਾਬੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਦੋਂ ਪੰਜਾਬੀ ਭਾਸ਼ਾ ਦੋ ਦੇਸ਼ਾਂ ਵਿੱਚ ਵੰਡੀ ਗਈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਉਰਦੂ ਭਾਸ਼ਾ ਦੀ ਮਾਂ ਹੈ ਇਸ ਲਈ ਪੰਜਾਬੀ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ ਹੈ। ਇਸ ਮੌਕੇ ਗੁਰਵਿੰਦਰ ਸਿੰਘ ਧਮੀਜ ਨੇ ਕੈਨੇਡਾ ਤੋਂ ਆਨ ਲਾਈਨ ਹੋ ਕੇ ਪੰਜਾਬੀ ਦੇ ਪ੍ਰਸਾਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਉਤੇ ਗੱਲ ਕੀਤੀ।
ਡਾ. ਭੀਮ ਇੰਦਰ ਨੇ ਕਾਨਫ਼ਰੰਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਭਾਸ਼ਾਵਾਂ ਸਾਹਮਣੇ ਆਉਂਦੀਆਂ ਚਣੌਤੀਆਂ ਦੇ ਹੱਲ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਸਭ ਤੋਂ ਵੱਡੀ ਖੋਜ ਹੀ ਭਾਸ਼ਾ ਹੈ। ਸਮਾਗਮ ਦੌਰਾਨ ਕਾਨਫ਼ਰੰਸ ਦਾ ਸੋਵੀਨਰ ਅਤੇ ਵੱਖ ਵੱਖ ਵਿਦਵਾਨਾਂ ਵੱਲੋਂ ਰਚਿਤ ਪੁਸਤਕਾਂ ਨੂੰ ਰਿਲੀਜ਼ ਕੀਤਾ ਗਿਆ।