Patiala Rozgaar Mela 2018

March 7, 2018 - PatialaPolitics

ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ, ਜ਼ਿਲ੍ਹਾ ਰੋਜ਼ਗਾਰ ਬਿਊਰੋ ਪਟਿਆਲਾ ਅਤੇ ਬੋਰਡ ਆਫ਼ ਐਪਰੇਂਟਸ਼ਿਪ ਟਰੇਨਿੰਗ ਨਵੀਂ ਦਿੱਲੀ ਦੇ ਸਹਿਯੋਗ ਨਾਲ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਸ੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਹਿਮਾਂਸ਼ੂ ਰਾਜਨ, ਅਸਿਸਟੈਂਟ ਸੈਂਟਰਲ ਐਂਪਰੇਟਸ਼ਿਪ ਐਡਵਾਈਜ਼ਰ ਬੋਰਡ ਆਫ ਐਂਪਰੇਂਟਸ਼ਿਪ ਟਰੇਨਿੰਗ ਨਵੀ ਦਿੱਲੀ ਪਹੁੰਚੇ।
ਇਸ ਮੌਕੇ ਬੋਲਦਿਆਂ ਸ੍ਰੀ ਕੁਮਾਰ ਅਮਿਤ ਡਿਪਟੀ ਕਮਿਸ਼ਨਰ ਪਟਿਆਲਾ ਨੇ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਪਟਿਆਲਾ ਦੇ ਇਸ ਉਦਮ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਰੋਜ਼ਗਾਰ ਮੇਲੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਨ। ਪੰਜਾਬ ਦੇ ਪਿੰਡਾਂ ਦੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਇੱਕ ਮੰਚ ਉਪਰ ਕੌਮੀ ਪੱਧਰ ਦੀਆਂ ਕੰਪਨੀਆਂ ਦਾ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਆਰਥਿਕ ਤੌਰ ਉਪਰ ਕਮਜ਼ੋਰ ਹੋ ਚੁੱਕੀ ਪੰਜਾਬ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਦੇ ਬੱਚਿਆ ਲਈ ਨਵੀਂ ਆਸ ਦੀ ਕਿਰਨ ਪੈਦਾ ਹੋਈ ਹੈ।
ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਦੇ ਮੇਲੇ ਦੌਰਾਨ 3 ਸਾਲਾ ਡਿਪਲੋਮਾ ਪਾਸ ਅਤੇ ਆਖ਼ਰੀ ਵਰ੍ਹੇ ਦੇ 750 ਉਮੀਦਵਾਰਾਂ ਨੇ ਭਾਗ ਲਿਆ ਅਤੇ 19 ਕੌਮੀ ਪੱਧਰ ਦੀਆਂ ਨਾਮੀ ਕੰਪਨੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਿਚ ਸਵਰਾਜ ਟਰੈਕਟਰਜ ਲਿਮ:ਸਵਰਾਜ ਇੰਜਣ ਮੋਹਾਲੀ, ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੋਦਗਿਲ, ਜ਼ੋਹਨਡੀਅਰ ਟਰੈਕਟਰਜ, ਟੀ.ਵੀ.ਐਸ ਮੋਟਰਜ, ਜਿੰਦਲ ਇਲੈਕਟ੍ਰੀਕਲਜ, ਗੈਬਰੀਅਲ ਇੰਡੀਆ ਲਿਮ:, ਰੈਪ ਆਈ ਐਕ, ਕੋਡਰਿਬੋਰਨ, ਐਮਸਨ ਗੀਅਰਜ ਆਦਿ ਨਾਮੀ ਕੌਮੀ ਕੰਪਨੀਆਂ ਨੇ ਹਾਜ਼ਰੀ ਭਰੀ।
ਕਾਲਜ ਦੇ ਮੀਡੀਆ ਇੰਚਾਰਜ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ 28 ਫਰਵਰੀ, ਇੱਕ ਮਾਰਚ ਅਤੇ ਅੱਜ ਇਸ ਮੇਲੇ ਵਿਚ 2800 ਤੋ ਵਧੇਰੇ ਉਮੀਦਵਾਰਾਂ ਨੇ ਸ਼ਿਰਕਤ ਕੀਤੀ , ਜਿਸ ਵਿੱਚ ਹੁਣ ਤੱਕ 700 ਤੋ ਵਧੇਰੇ ਉਮੀਦਵਾਰ ਨੌਕਰੀ ਲਈ ਸੂਚੀਬੱਧ ਕੀਤੇ ਗਏ ਅਤੇ 100 ਤੋ ਵਧੇਰੇ ਉਮੀਦਵਾਰ ਮੌਕੇ ਉਪਰ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ।ਮੇਲੇ ਵਿਚ ਮੋਗਾ, ਫਿਰੋਜਪੁਰ, ਮੋਹਾਲੀ, ਸੰਗਰੂਰ, ਬਰਨਾਲਾ ਪਟਿਆਲਾ ਅਤੇ ਫਤਿਹਗੜ ਸਾਹਿਬ ਤੱਕ ਦੇ ਸਮੂਹ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਸ੍ਰੀ ਹਿਮਾਂਸ਼ੂ ਰਾਜਨ ਨੇ ਕਿਹਾ ਕਿ ਇਸ ਵਿੱਤੀ ਸਾਲ ਵਿਚ ਸਰਕਾਰੀ ਬਹੁ-ਤਕਨੀਕੀ ਕਾਲਜ ਦਾ ਇਹ ਦੂਸਰਾ ਨੌਕਰੀ ਮੇਲਾ ਹੈ ਉਹਨਾਂ ਕਿਹਾ ਕਿ ਇਸ ਕਾਲਜ ਦੇ ਵਿਸ਼ੇਸ਼ ਉਦਮ ਨੂੰ ਦੇਖਦੇ ਹੋਏ ਬੋਰਡ ਆਫ਼ ਐਂਪਰੇਟਸ਼ਿਪ ਨਿਉਂ ਦਿੱਲੀ ਵੱਲੋ ਤਰਜੀਹ ਦੇ ਤੌਰ ਉਪਰ ਮਦਦ ਕੀਤੀ ਜਾਵੇਗੀ ਅਤੇ ਕਾਲਜ ਦੇ ਵਿਦਿਆਰਥੀਆ ਨੂੰ ਉਦਯੋਗ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਟਰੇਨਿੰਗ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਗੁਰਮੀਤ ਕੌਰ ਸ਼ੇਰਗਿਲ ਜ਼ਿਲ੍ਹਾ ਬਿਊਰੋ ਰੋਜ਼ਗਾਰ ਜਨਰੇਸਨ, ਨਵਪ੍ਰੀਤ ਕੌਰ ਬੇਦੀ ਜ਼ਿਲ੍ਹਾ ਫੰਕਸਨਲ ਮੈਨੇਜਰ ਉਦਯੋਗ ਕੇਂਦਰ ਪਟਿਆਲਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪ੍ਰਿੰਸੀਪਲ ਰਵਿੰਦਰ ਸਿੰਘ ਨੇ ਸਹਿਯੋਗੀ ਵਿਭਾਗਾਂ, ਕਾਲਜ ਦੇ ਸਮੂਹ ਸਟਾਫ਼ ਅਤੇ ਰਾਸਟਰੀ ਸੇਵਾ ਯੋਜਨਾਂ ਦੇ ਵਲੰਅਟੀਅਰਜ ਦਾ ਵਿਸੇਸ਼ ਧੰਨਵਾਦ ਕੀਤਾ।