ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ ਸਾਹਿਬ ਵਿਖੇ ਅੰਤਰ-ਰਾਸ਼ਟਰੀ ਕਾਨਫਰੰਸਾਂ ਦੀ ਲੜੀ ਹੋਵੇਗੀ ਸ਼ੁਰੂ : ਡਾ. ਪ੍ਰਿਤਪਾਲ ਸਿੰਘ

December 7, 2022 - PatialaPolitics

 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ ਸਾਹਿਬ ਵਿਖੇ ਅੰਤਰ-ਰਾਸ਼ਟਰੀ ਕਾਨਫਰੰਸਾਂ ਦੀ ਲੜੀ ਹੋਵੇਗੀ ਸ਼ੁਰੂ : ਡਾ. ਪ੍ਰਿਤਪਾਲ ਸਿੰਘ

ਫਤਿਹਗੜ੍ਹ ਸਾਹਿਬ, 7 ਦਸੰਬਰ ( ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਅੰਤਰਰਾਸ਼ਟਰੀ ਕਾਨਫਰੰਸਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਕਾਲੀ ਸਰੋਕਾਰ ਵਿਸ਼ੇ ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ 2 ਅਤੇ 3 ਮਾਰਚ 2023 ਨੂੰ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਯੂਨੀਵਰਸਿਟੀ ਵੱਲੋਂ ਅਰੰਭ ਕਰ ਦਿੱਤੀਆਂ ਗਈਆਂ ਹਨ। ਇਸ ਨੂੰ ਸਫ਼ਲ ਬਣਾਉਣ ਲਈ ਯੂਨੀਵਰਸਿਟੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਅਜਾਇਬ ਸਿੰਘ ਬਰਾੜ ਅਤੇ ਡਾ. ਅਵਤਾਰ ਸਿੰਘ ਪ੍ਰੋਫੈਸਰ ਯੂਨੀਵਰਸਿਟੀ ਆਫ ਕੈਲੇਫੋਰਨੀਆ ਸੈਨ ਹੋਜ਼ੇ ਅਮਰੀਕਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਹ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹਰ ਸਾਲ ਫਰਵਰੀ ਜਾਂ ਮਾਰਚ ਦੇ ਮਹੀਨੇ ਵਿਚ ਕਾਨਫਰੰਸ ਆਯੋਜਿਤ ਕੀਤੀ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨਫਰੰਸਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਪੂਰੀ ਦੁਨੀਆਂ ਤਕ ਪਹੁੰਚਾਉਣ ਲਈ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ ਜਿਸ ਦੌਰਾਨ ਪਹਿਲੇ ਸੈਸ਼ਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਬਾਣੀ ਤੇ ਦਰਸ਼ਨ, ਦੂਜੇ ਸੈਕਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਸ਼ਾ ਅਤੇ ਵਿਆਕਰਨ, ਤੀਸਰੇ ਸੈਕਸ਼ਨ ਵਿੱਚ
ਸਮਾਜ ਵਿਗਿਆਨ ਤੇ ਇਤਿਹਾਸ ਸਬੰਧੀ ਹੋਰ ਵਿਸ਼ਿਆਂ ਜਿਸ ਤੋਂ ਸਾਨੂੰ ਸੇਧ ਮਿਲਦੀ ਹੈ, ਚੌਥੇ ਸੈਕਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਨਜਮੈਂਟ, ਇਕਨੌਮਿਕਸ, ਵਾਤਾਵਰਣ ਅਤੇ ਵਿਗਿਆਨ ਬਾਰੇ ਜੋ ਵਿਚਾਰ ਮਿਲਦੇ ਹਨ ਦੇ ਸਬੰਧੀ ਕਾਨਫਰੰਸ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਜਾਣਗੇ।

ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਦੋ ਤਰੀਕਿਆਂ ਨਾਲ ਆਯੋਜਿਤ ਕੀਤੀ ਜਾ ਸਕੇਗੀ ਜਿਸ ਵਿਚ ਪੰਜਾਬ ਅਤੇ ਬਾਹਰਲੇ ਰਾਜਾਂ ਦੇ ਨਾਲ-ਨਾਲ ਦੇਸ਼-ਵਿਦੇਸ਼ਾਂ ਤੋਂ ਵੀ ਵਿਦਵਾਨ ਸ਼ਾਮਲ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਨਾਲ ਸਬੰਧਤ ਵਿਦਵਾਨਾਂ ਲਈ ਆਫ ਲਾਈਨ ਅਤੇ ਬਾਹਰਲੇ ਰਾਜਾਂ ਅਤੇ ਬਾਹਰਲੇ ਦੇਸ਼ਾਂ ਤੋਂ ਭਾਗ ਲੈਣ ਵਾਲੇ ਵਿਦਵਾਨਾਂ ਲਈ ਆਨਲਾਈਨ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ ਇਹ ਅੰਤਰ ਰਾਸ਼ਟਰੀ ਕਾਨਫਰੰਸ ਸਫਲ ਸਿੱਧ ਹੋਵੇਗੀ।
ਫ਼ੋਟੋ ਕੈਪਸ਼ਨ:
ਮੀਟਿੰਗ ਵਿੱਚ ਸ਼ਾਮਲ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਅਜਾਇਬ ਸਿੰਘ ਬਰਾੜ ਪ੍ਰੋ ਚਾਂਸਲਰ, ਡਾ. ਅਵਤਾਰ ਸਿੰਘ ਅਮਰੀਕਾ ਅਤੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ।