Patiala Heritage Festival 2022 begins

December 16, 2022 - PatialaPolitics

Patiala Heritage Festival 2022 begins

 

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ

 

 

 

ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਕਰਵਾਈ

-ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਕੇ ਫ਼ਸਲ ਮੰਡੀ ‘ਚ ਸੁੱਟਣ ਦੀ ਥਾਂ ਫ਼ਸਲ ਵੇਚਣ ਦੀ ਧਾਰਨਾ ਬਣਾਈ-ਸਰਾਰੀ

-ਬਾਰਾਂਦਰੀ ਬਾਗ ‘ਚ ਲੱਗੇ ਅਮਰੂਦ ਮੇਲੇ ਤੇ ਗੁਲਦਾਉਦੀ ਸ਼ੋਅ ਨੇ ਮੋਹੇ ਪਟਿਆਲਵੀ

-ਬਾਗਬਾਨਾਂ ਵਲੋਂ ਮੁਕਾਬਲੇ ‘ਚ ਲਿਆਂਦੀਆਂ ਗੁਲਦਾਉਦੀ ਦੀਆਂ 192 ਐਂਟਰੀਆਂ ‘ਚੋਂ ਉਤਮ ਫੁੱਲਾਂ ਦੇ 34 ਜੇਤੂਆਂ ਨੂੰ ਮਿਲੇ ਇਨਾਮ

-ਅਮਰੂਦ ਮੇਲੇ ‘ਚ ਅਮਰੂਦ ਦੀਆਂ ਵੱਖੋ-ਵੱਖ ਕਿਸਮਾਂ ਦੇ ਫ਼ਲਾਂ ਦੀ ਨੁਮਾਇਸ਼ ਨੇ ਦਰਸ਼ਕ ਕੀਲੇ

-ਫੁੱਲਾਂ, ਫ਼ਲਾਂ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਤੇ ਪਰਾਲੀ ਨਾ ਸਾੜਨ ਵਾਲੇ 45 ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਪਟਿਆਲਾ, 16 ਦਸੰਬਰ:

ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਪੰਜਾਬ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਇੱਥੇ ਪੁਰਾਤਨ ਬਾਰਾਂਦਰੀ ਬਾਗ ਵਿਖੇ ਅਮਰੂਦ ਮੇਲੇ ਅਤੇ ਗੁਲਦਾਉਦੀ ਸ਼ੋਅ ਦੇ ਆਗ਼ਾਜ਼ ਨਾਲ ਕਰਵਾਈ।

ਇਸ ਮੌਕੇ ਸੰਬੋਧਨ ਕਰਦਿਆਂ ਫ਼ੌਜਾ ਸਿੰਘ ਸਰਾਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲੋਕ ਕਲਾਵਾਂ, ਲੋਕ ਮੇਲਿਆਂ ਅਤੇ ਪੰਜਾਬ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਅਰੰਭੇ ਹਨ, ਇਸ ਤਹਿਤ ਪਟਿਆਲਾ ਵਿਖੇ ਇਹ ਮੇਲਾ ਕਰਵਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੀ ਹੈ, ਜਿਸ ਤਹਿਤ ਫ਼ਸਲ ਮੰਡੀ ‘ਚ ਸੁੱਟਣ ਦੀ ਬਣੀ ਧਾਰਨਾ ਨੂੰ ਬਦਲਕੇ ਫ਼ਸਲ ਵੇਚਣ ਦੀ ਧਾਰਨਾ ਨੂੰ ਮੁੱਖ ਰੱਖਦਿਆਂ ਬਾਗਬਾਨੀ ਕਿੱਤੇ ਨੂੰ ਉਤਸ਼ਾਹਤ ਕਰਕੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਯਤਨ ਅਰੰਭੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਨੇ ਪਹਿਲਾਂ ਹਰੀ ਕਰਾਂਤੀ ਲਿਆਂਦੀ, ਫੇਰ ਦੁੱਧ ਉਤਪਾਦਨ ਨਾਲ ਚਿੱਟੀ ਕਰਾਂਤੀ ਅਤੇ ਹੁਣ ਫ਼ਲ ਪੈਦਾਵਾਰ ਨਾਲ ਫ਼ਲਾਂ ਦੀ ਕਰਾਂਤੀ ਲਿਆਂਦੀ ਜਾ ਰਹੀ ਹੈ।

ਇਸ ਗੁਲਦਾਉਦੀ ਸ਼ੋਅ ਦੀ ਪ੍ਰਸ਼ੰਸਾ ਕਰਦਿਆਂ ਫੂਡ ਪ੍ਰੋਸੈਸਿੰਗ, ਬਾਗਬਾਨੀ, ਰੱਖਿਆ ਸੇਵਾਵਾਂ ਤੇ ਸੁਤੰਤਰਤਾ ਸੰਗਰਾਮੀ ਵਿਭਾਗਾਂ ਦੇ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਸਾਡੇ ਬਾਗਬਾਨਾਂ ਨੇ ਇੱਥੇ ਫੁੱਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ‘ਚ 192 ਐਂਟਰੀਆਂ ਲਿਆਂਦੀਆਂ ਜਿਨ੍ਹਾਂ ‘ਚੋਂ ਉਤਮ ਕਿਸਮ ਦੇ ਫੁੱਲਾਂ ਦੇ 34 ਜੇਤੂਆਂ ਨੂੰ ਇਨਾਮ ਦਿੱਤੇ ਗਏ ਹਨ। ਜਦੋਂਕਿ ਅਮਰੂਦ ਮੇਲੇ ‘ਚ ਬਾਗਬਾਨਾਂ ਨੇ ਅਮਰੂਦ ਦੀਆਂ ਵੱਖ-ਵੱਖ ਕਿਸਮਾਂ ਸਮੇਤ ਅਮਰੂਦ ਤੋਂ ਬਣੇ ਪਦਾਰਥਾਂ ਦੀ ਦਿਲਕਸ਼ ਨੁਮਾਇਸ਼ ਲਗਾਈ ਹੈ।

ਕੈਬਨਿਟ ਮੰਤਰੀ ਨੇ ਇਸ ਮੌਕੇ ਬਾਗਬਾਨੀ ਅਤੇ ਖੇਡੀਬਾੜੀ ਵਿਭਾਗ ਵੱਲੋਂ ਫੁੱਲਾਂ, ਫ਼ਲਾਂ ਤੇ ਸਬਜ਼ੀਆਂ ਦੇ ਕਾਸ਼ਤਕਾਰਾਂ ਸਮੇਤ ਪਰਾਲੀ ਨਾ ਸਾੜਨ ਵਾਲੇ 45 ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ ਅਤੇ ਸੰਕੇਤ ਭਾਸ਼ਾ ਸਿੱਖਣ ਵਾਲੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ। ਇਸ ਮੇਲੇ ‘ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਸਟਾਲਾਂ ਸਮੇਤ ਵੱਖ-ਵੱਖ ਖੇਤੀ ਤੇ ਬਾਗਬਾਨੀ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਬੱਚਿਆਂ ਲਈ ਵਿਸ਼ੇਸ਼ ਕੋਨਾ ਤਿਆਰ ਕੀਤਾ ਗਿਆ ਸੀ, ਇਸ ਤਰ੍ਹਾਂ ਇਸ ਮੇਲੇ ਨੇ ਪਟਿਆਲਵੀ ਦਰਸ਼ਕ ਕੀਲ ਲਏ।

ਇਸ ਤੋਂ ਪਹਿਲਾਂ ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਏ ਸੁਪਨੇ ਨੂੰ ਸਾਕਾਰ ਕਰਨ ਲਈ ਸਾਡੇ ਕਿਸਾਨ ਤੇ ਬਾਗਬਾਨ ਹੀ ਅਸਲ ਹੀਰੋ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਦਲਵੀਂ ਖੇਤੀ ਕਰਨ ਨਾਲ ਜਿੱਥੇ ਕਿਸਾਨਾਂ ਦੀ ਆਮਦਨ ‘ਚ ਵਾਧਾ ਹੁੰਦਾ ਹੈ, ਉਥੇ ਹੀ ਵਾਤਾਵਰਣ ਵੀ ਬਚਦਾ ਹੈ, ਇਸ ਲਈ ਸਾਡੇ ਕਿਸਾਨਾਂ ਨੂੰ ਹੁਣ ਖੇਤਾਂ ‘ਚ ਖ਼ੁਦ ਮਿਹਨਤ ਕਰਨੀ ਪਵੇਗੀ ਤਾਂ ਹੀ ਪ੍ਰਦੂਸ਼ਣ ਸਮੇਤ ਘੱਟਦੇ ਜਾ ਰਹੇ ਪਾਣੀ ਆਦਿ ਵਰਗੀਆਂ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਹੋ ਸਕੇਗਾ।

ਡਾਇਰੈਕਟਰ ਬਾਗਬਾਨੀ-ਕਮ-ਮਿਸ਼ਨ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਵਾਗਤ ਕਰਦਿਆਂ ਦੱਸਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ ਅੱਜ ਸ਼ੁਰੂ ਹੋਏ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਜਨਵਰੀ ਤੇ ਫਰਵਰੀ 2023 ‘ਚ ਵੀ ਅਹਿਮ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਕਿ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਕੇ ਵਿਰਾਸਤੀ ਸ਼ਹਿਰ ਨੂੰ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕੇ।

ਇਸ ਦੌਰਾਨ ਕ੍ਰੀਮਿਕਾ ਤੋਂ ਡਾ. ਸੰਜੇ ਪਰਮਾਰ, ਏ.ਆਈ.ਐਫ. ਤੋਂ ਰਵਦੀਪ ਕੌਰ, ਡਾ. ਰਚਨਾ ਸਿੰਗਲਾ, ਡਾ. ਦਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ, ਬਾਗਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ। ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਭੈਣ ਬੀਬਾ ਮਨਪ੍ਰੀਤ ਕੌਰ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਇੰਪਰੂਵਮੈਂਟ ਟਰੱਸਟ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਲੋਕ ਸਭਾ ਇੰਚਾਰਜ ਇੰਦਰਜੀਤ ਸਿੰਘ ਸੰਧੂ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਅੰਗਰੇਜ ਸਿੰਘ ਰਾਮਗੜ੍ਹ, ਜਗਜੀਤ ਸਿੰਘ ਨਨਾਨਸੂ, ਏ.ਡੀ.ਸੀ ਦਿਹਾਤੀ ਵਿਕਾਸ ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡਾ. ਅਕਸ਼ਿਤਾ ਗੁਪਤਾ, ਐਸ.ਪੀ. ਰਕੇਸ਼ ਕੁਮਾਰ, ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ, ਡਿਪਟੀ ਡਾਇਰੈਕਟਰ ਡਾ. ਨਰਿੰਦਰਬੀਰ ਸਿੰਘ ਮਾਨ, ਡਾ. ਹਰਮੇਲ ਸਿੰਘ, ਡਾ. ਨਿਰਵੰਤ ਸਿੰਘ ਤੇ ਡਾ. ਜਗਦੀਸ਼ ਸਿੰਘ, ਸਹਾਇਕ ਡਾਇਰੈਕਟਰ ਦਲਬੀਰ ਸਿੰਘ, ਬਲਵਿੰਦਰਜੀਤ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਸਿੰਘ, ਪ੍ਰਭਜੋਤ ਕੌਰ, ਸਮੂਹ ਬਾਗਬਾਨੀ ਵਿਕਾਸ ਅਫਸਰ ਤੇ ਰਵੀਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਪਟਿਆਲਵੀ ਹਾਜ਼ਰ ਸਨ।

**********