Harpal Cheema out raid at Delhi-Amritsar national Highway

January 21, 2023 - PatialaPolitics

Harpal Cheema out raid at Delhi-Amritsar national Highway

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

 

*ਚੀਮਾ ਦੀ ਅਗਵਾਈ ਹੇਠ ਕਰ ਵਿਭਾਗ ਦੀ ਟੀਮ ਵੱਲੋਂ ਰਾਜਪੁਰਾ ਨੇੜੇ ਮਾਲ ਵਾਹਨਾਂ ਦੀ ਅਚਨਚੇਤ ਚੈਕਿੰਗ*

 

*ਲਗਭਗ 150 ਵਾਹਨਾਂ ਦੀ ਕੀਤੀ ਜਾਂਚ, 38 ਨੂੰ ਤਸਦੀਕ ਲਈ ਗ੍ਰਿਫਤ ਵਿੱਚ ਲਿਆ*

 

* ਗ੍ਰਿਫਤ ਵਿੱਚ ਲਏ ਵਾਹਨਾਂ ‘ਤੇ ਲੱਗੇਗਾ ਸੰਭਾਵਤ 60 ਲੱਖ ਰੁਪਏ ਦਾ ਜੁਰਮਾਨਾ*

 

*ਸੂਬੇ ‘ਚ ਟੈਕਸ ਦੀ ਚੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਚੀਮਾ*

 

ਰਾਜਪੁਰਾ/ਪਟਿਆਲਾ, 21 ਜਨਵਰੀ

 

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਅੱਜ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਰਾਜਪੁਰਾ-ਸਰਹਿੰਦ ਜੀ.ਟੀ. ਰੋਡ ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਲੋਹੇ ਦਾ ਕਬਾੜ, ਮਿਸ਼ਰਤ ਸਮਾਨ, ਫਰਨੀਚਰ, ਪਾਰਸਲ, ਕਾਲੀ ਸੁਆਹ, ਸਟੀਲ ਦੀਆਂ ਪਾਈਪਾਂ, ਚਾਵਲ, ਇੱਟਾਂ ਆਦਿ ਲੈ ਕੇ ਜਾਣ ਵਾਲੇ 150 ਦੇ ਕਰੀਬ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਹਨਾਂ ਵਿੱਚੋਂ 38 ਵਾਹਨਾਂ ਨੂੰ ਤਸਦੀਕ ਲਈ ਗ੍ਰਿਫਤ ਵਿੱਚ ਲਿਆ ਗਿਆ ਕਿਉਂਕਿ ਇੰਨ੍ਹਾਂ ਵਿੱਚੋਂ ਬਹੁਤਿਆਂ ਕੋਲ ਜਾਂ ਤਾਂ ਅਸਲ ਦਸਤਾਵੇਜ਼/ਈ-ਵੇਅ ਬਿੱਲਾਂ ਨਹੀਂ ਸਨ ਜਾਂ ਡਾਟਾ ਮਾਇਨਿੰਗ ਦੌਰਾਨ ਬਿੱਲ ਵਿੱਚ ਬੇਨਿਯਮੀਆਂ ਪਾਈਆਂ ਗਈਆਂ। ਇਨ੍ਹਾਂ ਵਾਹਨਾਂ ‘ਤੇ ਸੰਭਾਵਤ 60 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।

 

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਪ੍ਰਗਟਾਵਾ ਕਰਦਿਆਂ ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵੱਖ-ਵੱਖ ਸਰੋਤਾਂ ਤੋਂ ਵਾਰ-ਵਾਰ ਸੂਚਨਾਵਾਂ ਮਿਲ ਰਹੀਆਂ ਸਨ ਕਿ ਕੁਝ ਟਰੱਕਾਂ ਅਤੇ ਹੋਰ ਵਾਹਨਾਂ ਰਾਹੀਂ ਢੋਆ-ਢੁਆਈ ਕੀਤੇ ਜਾ ਰਹੇ ਮਾਲ ‘ਤੇ ਜੀ.ਐਸ.ਟੀ. ਦੀ ਚੋਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੂਚਨਾ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਟੈਕਸ ਵਿਭਾਗ ਦੀ ਟੀਮ ਨਾਲ ਰਾਜਪੁਰਾ ਨੇੜੇ ਕੌਮੀ ਮਾਰਗ ’ਤੇ ਵਾਹਨਾਂ ਦੀ ਚੈਕਿੰਗ ਕੀਤੀ।

 

ਸ. ਚੀਮਾ ਨੇ ਕਿਹਾ ਕਿ ਅਜਿਹੇ ਸਾਰੇ ਟੈਕਸ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਸਹੀ ਬਿੱਲਾਂ ਨਾਲ ਮਾਲ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਲੰਘਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਟੈਕਸ ਚੋਰੀ ਕਰਨ ਵਾਲਿਆਂ ਨੂੰ ਨੱਥ ਪਾਉਣਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਮਾਨਦਾਰ ਕਰਦਾਤਾਵਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਰ ਵਿਭਾਗ ਵੱਲੋਂ ਇਮਾਨਦਾਰ ਕਰਦਾਤਿਆਂ ਦੀ ਸਹਾਇਤਾ ਲਈ ਇੰਗਲਿਸ਼ ਅਤੇ ਪੰਜਾਬੀ ਵਿੱਚ ਦੋਭਾਸ਼ੀ ਵਟਸਐਪ ਚੈਟਬੋਟ-ਕਮ-ਹੈਲਪਲਾਈਨ ਨੰਬਰ 9160500033 ਵੀ ਪ੍ਰਦਾਨ ਕੀਤਾ ਗਿਆ ਹੈ।

 

ਇਸ ਗੱਲ ਨੂੰ ਦੁਹਰਾਉਂਦਿਆਂ ਕਿ ਸੂਬੇ ਵਿੱਚ ਟੈਕਸ ਚੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸ. ਚੀਮਾ ਨੇ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਈ.ਟੀ.ਟੀ.ਐਸ.ਏ (ਵਿਭਾਗਾਂ ਦੀ ਆਪਣੀ ਤਕਨੀਕੀ ਸੇਵਾ ਏਜੰਸੀ) ਅਤੇ ਵੱਖ-ਵੱਖ ਪਲੇਟਫਾਰਮਾਂ ਦੀ ਮਦਦ ਨਾਲ ਟੈਕਸ ਚੋਰੀ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਡੇਟਾ ਮਾਈਨਿੰਗ ਵਿੰਗ ਜੀ.ਐਸ.ਟੀ.ਐਨ ਅਤੇ ਈ.ਟੀ.ਟੀ.ਐਸ.ਏ ਦੁਆਰਾ ਪ੍ਰਦਾਨ ਕੀਤੇ ਗਏ ਡੇਟਾ ਵਿੱਚ ਪਾਈਆਂ ਗਈਆਂ ਬੇਨਿਯਮੀਆਂ ਅਤੇ ਖਾਮੀਆਂ ਦੇ ਅਧਾਰ ‘ਤੇ ਰਿਪੋਰਟਾਂ ਤਿਆਰ ਕਰਦਾ ਹੈ ਅਤੇ ਇਹ ਰਿਪੋਰਟਾਂ ਵਿਭਾਗ ਦੇ ਸਬੰਧਤ ਵਿੰਗਾਂ ਨਾਲ ਲੋੜੀਂਦੀ ਕਾਰਵਾਈ ਲਈ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਟੈਕਸ ਵਿਭਾਗ ਨੇ ਰਾਜ ਜੀ.ਐਸ.ਟੀ ਕਮਿਸ਼ਨਰੇਟ ਵਿੱਚ ਇੱਕ ਨਵੀਂ ਟੈਕਸ ਇੰਟੈਲੀਜੈਂਸ ਯੂਨਿਟ (ਟੀਆਈਯੂ) ਦੀ ਸਥਾਪਨਾ ਵੀ ਕੀਤੀ ਹੈ ਤਾਂ ਜੋ ਜੀਐਸਟੀਐਨ ਪਲੇਟਫਾਰਮ ਉੱਤੇ ਉਪਲਬਧ ਡਿਜੀਟਲ ਡੇਟਾ ਦਾ ਬਿਹਤਰ ਵਿਸ਼ਲੇਸ਼ਣ ਅਤੇ ਨਿਗਰਾਨੀ ਕੀਤੀ ਜਾ ਸਕੇ।

ਅੱਜ ਦੀ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਚ ਕਰ ਕਮਿਸ਼ਨਰ ਕੇ.ਕੇ. ਯਾਦਵ, ਐਡੀਸ਼ਨਲ ਕਮਿਸ਼ਨਰ-1 ਵਿਰਾਜ ਐਸ. ਤਿਡਕੇ, ਡਾਇਰੈਕਟਰ ਇਨਵੈਸਟੀਗੇਸ਼ਨ ਐਚ.ਪੀ.ਐਸ. ਘੋਤੜਾ, ਏ.ਸੀ.ਐਸ.ਟੀ ਐਮ. ਡਬਲਿਊ ਜਲੰਧਰ ਕਮਲਪ੍ਰੀਤ ਸਿੰਘ ਵੀ ਆਬਕਾਰੀ ਤੇ ਕਰ ਮੰਤਰੀ ਦੇ ਨਾਲ ਹਾਜਿਰ ਸਨ।