Punjab VB Arrested Lal Chand Bansal for blackmailing govt official

January 31, 2023 - PatialaPolitics

Punjab VB Arrested Lal Chand Bansal for blackmailing govt official

ਚੰਡੀਗੜ੍ਹ, 31 ਜਨਵਰੀ, 2023 – ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਈਵੇਟ ਵਿਅਕਤੀ ਲਾਲ ਚੰਦ ਬਾਂਸਲ, ਵਾਸੀ ਗੁੱਗਾ ਮਾੜੀ ਕਲੋਨੀ, ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਪਟਿਆਲਾ ਦੇ ਮਿਊਂਸਿਪਲ ਇੰਜੀਨੀਅਰ ਬਲਦੇਵ ਰਾਜ ਵਰਮਾ ਤੋਂ ਵਿਜੀਲੈਂਸ ਬਿਉਰੋ ਨੂੰ ਸ਼ਿਕਾਇਤ ਕਰਨ ਦੀ ਧਮਕੀ ਦੇ ਕੇ ਜ਼ਬਰੀ ਪੈਸੇ ਵਸੂਲਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਅਧਿਕਾਰੀ ਨੇ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਪ੍ਰਾਈਵੇਟ ਵਿਅਕਤੀ ਉਸ ਨੂੰ ਬਿਊਰੋ ਕੋਲ ਸ਼ਿਕਾਇਤ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਕਤ ਕਥਿਤ ਬਲੈਕਮੇਲਰ ਸ਼ਿਕਾਇਤ ਵਾਪਸ ਲੈਣ ਬਦਲੇ ਉਸ ਕੋਲੋਂ 2 ਕਰੋੜ ਰੁਪਏ ਮੰਗ ਕਰ ਰਿਹਾ ਹੈ ਜਿਸ ਵਿੱਚੋਂ 50 ਲੱਖ ਰੁਪਏ ਨਕਦ ਅਤੇ 1.50 ਕਰੋੜ ਰੁਪਏ ਦੀ ਜਾਇਦਾਦ ਦੇਣ ਲਈ ਕਹਿ ਰਿਹਾ ਹੈ। ਸ਼ਿਕਾਇਤਕਰਤਾ ਅਧਿਕਾਰੀ ਨੇ ਇਸ ਸਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਕਿਉਂਕਿ ਉਹ ਜ਼ਬਰੀ ਵਸੂਲੀ ਦੀ ਰਕਮ ਨਹੀਂ ਦੇਣਾ ਚਾਹੁੰਦਾ ਸੀ ਪਰ ਉਸ ਨੇ ਦੋਸ਼ੀ ਨੂੰ ਟੋਕਨ ਮਨੀ ਵਜੋਂ 5 ਲੱਖ ਰੁਪਏ ਦੇਣ ਦਾ ਝੂਠਾ ਵਾਅਦਾ ਕੀਤਾ ਹੈ।

ਸ਼ਿਕਾਇਤਕਰਤਾ ਨੂੰ ਇਹ ਵੀ ਦੋਸ਼ ਲਾਇਆ ਹੈ ਕਿ ਇਸ ਤੋਂ ਪਹਿਲਾਂ ਮੁਲਜ਼ਮ ਲਾਲ ਚੰਦ ਬਾਂਸਲ ਨੇ ਉਸ ਖ਼ਿਲਾਫ਼ ਸਾਲ 2015 ਅਤੇ 2017 ਵਿੱਚ ਵੀ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਵਿਜੀਲੈਂਸ ਬਿਊਰੋ ਨੇ ਪੜਤਾਲ ਮਗਰੋਂ ਦੋਵੇਂ ਸ਼ਿਕਾਇਤਾਂ ਦਫਤਰ ਦਾਖਲ ਕਰ ਦਿੱਤੀਆਂ ਸਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਲਾਲ ਚੰਦ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5 ਲੱਖ ਰੁਪਏ ਲੈਂਦਿਆਂ ਟੀ.ਡੀ.ਆਈ. ਕਾਲੋਨੀ ਖਰੜ ਨੇੜਿਓ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਉਡਣ ਦਸਤਾ-1, ਪੰਜਾਬ, ਐਸ.ਏ.ਐਸ. ਨਗਰ ਵਿਖੇ ਆਈ.ਪੀ.ਸੀ. ਦੀ ਧਾਰਾ 419, 420, 384 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਉਹਨਾਂ ਅੱਗੇ ਦੱਸਿਆ ਕਿ ਉਪਰੋਕਤ ਦੋਸ਼ੀ ਦੀ ਗ੍ਰਿਫ਼ਤਾਰੀ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸਦੇ ਘਰ ਦੀ ਤਲਾਸ਼ੀ ਲਈ ਜਿਸ ਦੌਰਾਨ 70 ਦੇ ਕਰੀਬ ਫਾਈਲਾਂ, ਵੱਖ-ਵੱਖ ਦਸਤਾਵੇਜ਼ ਅਤੇ ਨੋਟ ਗਿਣਤੀ ਕਰਨ ਵਾਲੀ ਮਸ਼ੀਨ ਤੋਂ ਇਲਾਵਾ ਇੱਕ ਲੈਪਟਾਪ ਵੀ ਬਰਾਮਦ ਕੀਤਾ ਜਿਸ ਵਿੱਚ ਵੱਖ-ਵੱਖ ਸਰਕਾਰੀ ਅਧਿਕਾਰੀਆਂ ਖਿਲਾਫ਼ ਦਰਜ ਸ਼ਿਕਾਇਤਾਂ ਸਬੰਧੀ ਡਿਜੀਟਲ ਫਾਈਲਾਂ ਹਨ। ਪੁਲਿਸ ਵੱਲੋਂ ਪਹਿਲਾਂ ਵੀ ਉਸ ਵਿਰੁੱਧ ਧੋਖਾਧੜੀ ਦੇ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਸਨ।

ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਪਰੋਕਤ ਦੋਸ਼ੀ ਸਰਕਾਰੀ ਮੁਲਾਜ਼ਮਾਂ ਵਿਰੁੱਧ ਆਰ.ਟੀ.ਆਈ. ਅਤੇ ਸ਼ਿਕਾਇਤਾਂ ਦਰਜ ਕਰਵਾਉਂਦਾ ਸੀ ਅਤੇ ਬਾਅਦ ਵਿੱਚ ਉਹ ਸਬੰਧਤ ਅਧਿਕਾਰੀਆਂ ਵਿਰੁੱਧ ਕੋਈ ਜਾਂਚ/ਸ਼ਿਕਾਇਤ ਨਾ ਕਰਵਾਉਣ ਬਾਰੇ ਘੋਸ਼ਣਾ ਪੱਤਰ ਦੇ ਕੇ ਅਜਿਹੀਆਂ ਦਰਖਾਸਤਾਂ/ਸ਼ਿਕਾਇਤਾਂ ਵਾਪਸ ਲੈ ਲੈਂਦਾ ਸੀ। ਪਹਿਲਾਂ ਵੀ ਉਕਤ ਮੁਲਜ਼ਮ ਨੇ ਨਗਰ ਕੌਂਸਲ, ਖਰੜ ਵਿਖੇ ਘੋਸ਼ਣਾ-ਪੱਤਰ ਦਿੱਤਾ ਸੀ ਕਿ ਉਹ ਸ਼ਿਕਾਇਤਕਰਤਾ ਬਲਦੇਵ ਰਾਜ ਵਰਮਾ ਖ਼ਿਲਾਫ਼ ਆਰ.ਟੀ.ਆਈ. ਤਹਿਤ ਕੋਈ ਜਾਣਕਾਰੀ ਨਹੀਂ ਚਾਹੁੰਦਾ।