Rs 38,175 cr investment in Punjab in 11 months check list of companies
February 14, 2023 - PatialaPolitics
Rs 38,175 cr investment in Punjab in 11 months check list of companies
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ ਸੱਤਾ ਸੰਭਾਲਣ ਦੇ ਮਹਿਜ਼ 11 ਮਹੀਨਿਆਂ ਦੇ ਸਮੇਂ ਵਿੱਚ ਹੁਣ ਤੱਕ 38175 ਕਰੋੜ ਰੁਪਏ ਦਾ ਨਿਵੇਸ਼ ਲਿਆਂਦਾ ਹੈ ਜਿਸ ਨਾਲ ਸੂਬੇ ਵਿੱਚ 2.43 ਲੱਖ ਨੌਕਰੀਆਂ ਪੈਦਾ ਹੋਣਗੀਆਂ।
ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਇਹ ਨਿਵੇਸ਼ ਤਾਂ ਸਿਰਫ਼ ਮੌਨਸੂਨ ਤੋਂ ਪਹਿਲਾਂ ਦੇ ਛਰਾਟੇ ਹਨ ਅਤੇ 23-24 ਫਰਵਰੀ ਨੂੰ ਮੋਹਾਲੀ ਵਿਖੇ ਹੋਣ ਜਾ ਰਹੇ ‘ਨਿਵੇਸ਼ ਪੰਜਾਬ ਸੰਮੇਲਨ’ ਦੌਰਾਨ ਸੂਬੇ ਵਿੱਚ ਛੇਤੀ ਹੀ ਵੱਡੇ ਨਿਵੇਸ਼ ਦੇ ਰੂਪ ਵਿਚ ਮੌਨਸੂਨ ਵੇਖਣ ਨੂੰ ਮਿਲੇਗੀ।”
ਮੁੱਖ ਮੰਤਰੀ ਨੇ ਕਿਹਾ ਕਿ ਉਹ ਉਦਯੋਗਪਤੀਆਂ ਨੂੰ ਸੰਮੇਲਨ ਲਈ ਸੱਦਾ ਦੇਣ ਵਾਸਤੇ ਚੇਨਈ, ਹੈਦਰਾਬਾਦ, ਮੁੰਬਈ ਅਤੇ ਜਰਮਨੀ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨਗਰਾਂ ਦੇ ਉਦਯੋਗਿਕ ਸਮੂਹ ਸੂਬੇ ਵਿੱਚ ਉਦਯੋਗਿਕ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਨੂੰ ਦੇਖ ਕੇ ਹੈਰਾਨ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇਹ ਉਦਯੋਗਪਤੀ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ 38175 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਜਿਸ ਨਾਲ ਸੂਬੇ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ 2.43 ਲੱਖ ਮੌਕੇ ਪੈਦਾ ਹੋਣਗੇ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੀਅਲ ਅਸਟੇਟ, ਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਿੱਚ ਪ੍ਰਸਤਾਵਿਤ ਨਿਵੇਸ਼ 11853 ਕਰੋੜ ਰੁਪਏ ਦਾ ਹੈ ਜਿਸ ਨਾਲ 1.22 ਲੱਖ ਨੌਕਰੀਆਂ ਪੈਦਾ ਹੋਣਗੀਆਂ। ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਮੈਨੂਫੈਕਚਰਿੰਗ ਸੈਕਟਰ ਵਿਚ 5981 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ ਅਤੇ 39952 ਨੌਕਰੀਆਂ ਪੈਦਾ ਹੋਈਆਂ ਹਨ, ਸਟੀਲ ਸੈਕਟਰ ਵਿਚ 3889 ਕਰੋੜ ਰੁਪਏ ਦਾ ਨਿਵੇਸ਼ ਆਇਆ ਜਿਸ ਨਾਲ 9257 ਨੌਕਰੀਆਂ ਪੈਦਾ ਹੋਣਗੀਆਂ, ਕੱਪੜਾ, ਟੈਕਨੀਕਲ ਟੈਕਸਟਾਈਲ, ਕੱਪੜਾ ਉਦਯੋਗ ਵਿਚ 3305 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 13753 ਨੌਕਰੀਆਂ ਪੈਦਾ ਹੋਣਗੀਆਂ, ਖੇਤੀ, ਫੂਡ ਪ੍ਰੋਸੈਸਿੰਗ ਅਤੇ ਬੈਵਰੇਜ ਸੈਕਟਰ ਨੇ 2854 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 16638 ਨੌਕਰੀਆਂ ਮਿਲਣਗੀਆਂ ਅਤੇ ਹੈਲਥਕੇਅਰ ਵਿਚ 2157 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ ਨੌਕਰੀਆਂ ਦੇ 4510 ਮੌਕੇ ਸਿਰਜੇ ਜਾਣਗੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਾਟਾ ਸਟੀਲ (ਫੌਰਚੂਨ 500) ਲੁਧਿਆਣਾ ਵਿਖੇ ਸੈਕੰਡਰੀ ਸਟੀਲ ਸੈਕਟਰ ਵਿੱਚ 2600 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਸਨਾਤਨ ਪੋਲੀਕੌਟ ਫਤਹਿਗੜ੍ਹ ਸਾਹਿਬ ਵਿਖੇ ਮੈਨ-ਮੇਡ ਫਾਈਬਰ ਸੈਕਟਰ ਵਿੱਚ 1600 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਨਾਭਾ ਪਾਵਰ (ਐਲ ਐਂਡ ਟੀ) ਪਟਿਆਲਾ ਵਿਖੇ ਪਾਵਰ ਸੈਕਟਰ ਵਿੱਚ 641 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਟੋਪਨ (ਜਾਪਾਨ) ਐਸ.ਬੀ.ਐਸ. ਨਗਰ ਵਿਖੇ ਪੈਕੇਜਿੰਗ ਸੈਕਟਰ ਵਿੱਚ 548 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਨੈਸਲੇ (ਸਵਿਟਜ਼ਰਲੈਂਡ) ਮੋਗਾ ਵਿਖੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ 423 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਵਰਧਮਾਨ ਸਪੈਸ਼ਲ ਸਟੀਲਜ਼ (ਏਚੀ ਸਟੀਲ, ਜਾਪਾਨ) ਲੁਧਿਆਣਾ ਵਿਖੇ ਹਾਈਬ੍ਰਿਡ ਸਟੀਲ ਸੈਕਟਰ ਵਿੱਚ 342 ਕਰੋੜ ਰੁਪਏ, ਫਰੂਡੇਨਬਰਗ, ਰੂਪਨਗਰ ਵਿਖੇ ਆਟੋ ਅਤੇ ਆਟੋ ਕੰਪੋਨੈਂਟਸ ਸੈਕਟਰ ਵਿੱਚ 338 ਕਰੋੜ ਰੁਪਏ ਦਾ ਨਿਵੇਸ਼ ਕਰ ਰਿਹਾ ਹੈ, ਬੇਬੋ ਟੈਕਨਾਲੋਜੀ ਐਸ.ਏ.ਐਸ. ਨਗਰ ਵਿਖੇ ਆਈ.ਟੀ. ਸੈਕਟਰ ਵਿੱਚ 300 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ, ਐਚ.ਯੂ.ਐਲ. (ਯੂ.ਕੇ.) ਪਟਿਆਲਾ ਵਿਖੇ 281 ਕਰੋੜ ਰੁਪਏ ਅਤੇ ਕਾਰਗਿਲ ਇੰਡੀਆ (ਅਮਰੀਕਾ), ਫਤਹਿਗੜ੍ਹ ਸਾਹਿਬ ਵਿਖੇ ਪਸ਼ੂ ਖੁਰਾਕ ਲਈ 160 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।
ਜ਼ਿਲ੍ਹਾਵਾਰ ਵੇਰਵੇ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿੱਚ 9794 ਕਰੋੜ ਰੁਪਏ ਦਾ ਨਿਵੇਸ਼ ਹੋਇਆ, ਜਿਸ ਨਾਲ 68061 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਲੁਧਿਆਣਾ ਵਿੱਚ 9319 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਸ ਨਾਲ 33172 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਫਤਹਿਗੜ੍ਹ ਸਾਹਿਬ ਵਿੱਚ 4246 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਸ ਨਾਲ 13840 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਅੰਮ੍ਰਿਤਸਰ ਵਿੱਚ 4079 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਿਸ ਨਾਲ 85419 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ, ਪਟਿਆਲਾ ਵਿੱਚ 2821 ਕਰੋੜ ਰੁਪਏ ਦਾ ਨਿਵੇਸ਼ ਹੋਇਆ ਜਿਸ ਨਾਲ 9927 ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਅਤੇ ਰੂਪਨਗਰ ਵਿੱਚ 1200 ਕਰੋੜ ਰੁਪਏ ਦਾ ਨਿਵੇਸ਼ ਆਇਆ ਜਿਸ ਨਾਲ 3172 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ 23-24 ਫਰਵਰੀ ਨੂੰ ਹੋਣ ਵਾਲੇ ਨਿਵੇਸ਼ ਪੰਜਾਬ ਸੰਮੇਲਨ ਦੌਰਾਨ ਹੋਰ ਨਿਵੇਸ਼ ਆਵੇਗਾ। ਉਨ੍ਹਾਂ ਕਿਹਾ ਕਿ ਸੰਮੇਲਨ ਦਾ ਉਦੇਸ਼ ਸੰਭਾਵੀ ਨਿਵੇਸ਼ ਅਤੇ ਵਪਾਰਕ ਮੌਕਿਆਂ ਨੂੰ ਆਕਰਸ਼ਿਤ ਕਰਨਾ, ਰਿਸ਼ਤੇ ਬਣਾਉਣਾ ਅਤੇ ਨਵੇਂ ਵਿਚਾਰਾਂ ਤੇ ਸਟਾਰਟਅੱਪਜ਼ ਨਾਲ ਜੁੜਨਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਵਿਸ਼ਵ ਅਤੇ ਖੇਤਰੀ ਨਿਵੇਸ਼ਕਾਂ, ਕਾਰਪੋਰੇਟ ਸੰਸਥਾਵਾਂ, ਉਦਯੋਗਪਤੀਆਂ, ਵਿਚਾਰਵਾਨ ਆਗੂਆਂ ਅਤੇ ਹੋਰਾਂ ਦੀ ਸ਼ਮੂਲੀਅਤ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਦੌਰਾਨ ਪੰਜਾਬ ਵਿਕਾਸ ਲਈ ਆਪਣੀ ਦੂਰ-ਅੰਦੇਸ਼ ਪਹੁੰਚ ਅਤੇ ਉਦਯੋਗ ਲਈ ਨਿਵੇਸ਼ ਦੇ ਮੌਕਿਆਂ ਦਾ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦਾ ਵਿਸ਼ਾ ‘ਇਨਵੈਸਟ ਇਨ ਦਾ ਬੈਸਟ’ (ਸਭ ਤੋਂ ਚੰਗੇ ਥਾਂ ਨਿਵੇਸ਼ ਕਰੋ) ਹੈ ਜਿਸ ਦਾ ਉਦੇਸ਼ ਪੰਜਾਬ ਨੂੰ ਭਾਰਤ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਦਰਸਾਉਣਾ ਹੈ। ਭਗਵੰਤ ਮਾਨ ਨੇ ਕਿਹਾ ਕਿ ਐਗਰੀ-ਫੂਡ ਪ੍ਰੋਸੈਸਿੰਗ, ਟੈਕਸਟਾਈਲ, ਹੈਲਥਕੇਅਰ, ਐਜੂਕੇਸ਼ਨ, ਟੂਰਿਜ਼ਮ, ਆਈ.ਟੀ. ਅਤੇ ਸਟਾਰਟ-ਅੱਪਜ਼, ਬਰਾਮਦ, ਜਾਪਾਨ ਦੇ ਸੈਸ਼ਨ ਅਤੇ ਯੂ.ਕੇ. ਦੇ ਸੈਸ਼ਨ ਸਮੇਤ ਮੁੱਖ ਖੇਤਰਾਂ ਵਿੱਚ ਕੁੱਲ 9 ਸੈਸ਼ਨ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਨਿਵੇਸ਼ਕਾਂ ਦੀ ਸਹੂਲਤ ਲਈ ਸੂਬਾ ਸਰਕਾਰ ਸਿੰਗਲ ਵਿੰਡੋ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ। ਭਗਵੰਤ ਮਾਨ ਨੇ ਟਿੱਪਣੀ ਕੀਤੀ ਕਿ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ਼ ਦਿਖਾਵਾ ਸੀ, ਜਿਸ ਦਾ ਕੋਈ ਮਤਲਬ ਨਹੀਂ ਸੀ। ਇਸ ਕਾਰਨ ਸੰਭਾਵੀ ਨਿਵੇਸ਼ਕਾਂ ਦਾ ਨਾ ਸਿਰਫ਼ ਮਨੋਬਲ ਡਿੱਗਿਆ, ਸਗੋਂ ਇਸ ਨਾਲ ਸੂਬੇ ਦੇ ਸਨਅਤੀ ਵਿਕਾਸ ਨੂੰ ਵੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੰਗਲ ਵਿੰਡੋ ਪ੍ਰਣਾਲੀ ਨੂੰ ਸੂਬੇ ਵਿੱਚ ਨਿਵੇਸ਼ ਦੇ ਇੱਛੁਕ ਉੱਦਮੀਆਂ ਲਈ ਅਸਲ ਮਾਇਨਿਆਂ ਵਾਲੀ ਸਹੂਲਤ ਬਣਾਉਣ ਉਤੇ ਕੰਮ ਕਰ ਰਹੀ ਹੈ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਕਿਸੇ ਵੀ ਸਨਅਤ ਨੇ ਉੱਤਰ ਪ੍ਰਦੇਸ਼ ਦਾ ਰੁਖ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਨਅਤੀ ਇਕਾਈਆਂ ਨੂੰ ਇੱਥੇ ਬਿਹਤਰੀਨ ਸਹੂਲਤਾਂ ਮਿਲ ਰਹੀਆਂ ਹਨ, ਜਿਸ ਕਾਰਨ ਕੋਈ ਵੀ ਸਨਅਤ ਸੂਬੇ ਤੋਂ ਬਾਹਰ ਨਹੀਂ ਗਈ। ਭਗਵੰਤ ਮਾਨ ਨੇ ਕਿਹਾ ਕਿ ਸਨਅਤੀ ਇਕਾਈਆਂ ਸਿਰਫ਼ ਸੂਬੇ ਵਿੱਚ ਹੀ ਰਹਿਣਗੀਆਂ ਅਤੇ ਉਨ੍ਹਾਂ ਦੇ ਇੱਥੋਂ ਰੁਖ਼ਸਤ ਹੋਣ ਦੀਆਂ ਖ਼ਬਰਾਂ ਕੋਰੀਆਂ ਅਫ਼ਵਾਹਾਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੇ ਅਰਥਚਾਰੇ ਦੇ ਇੰਜਣ ਵਜੋਂ ਕੰਮ ਕਰਨ ਦੇ ਤੱਥ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਕਾਰਨ ਸੂਬੇ ਨੇ ਪਛਵਾੜਾ ਕੋਲਾ ਖਾਣ ਤੋਂ ਕੋਲੇ ਦੀ ਸਪਲਾਈ ਬਹਾਲ ਕਰਨ ਮਗਰੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਵੱਲ ਵੱਡਾ ਕਦਮ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਥਰਮਲ ਪਲਾਂਟਾਂ ਨੂੰ ਕੋਲੇ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਨਅਤਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ।
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਨਅਤਾਂ ਨੂੰ ਵਧਾਉਣ ਲਈ ਅਨੁਕੂਲ ਮਾਹੌਲ ਦੇ ਨਾਲ-ਨਾਲ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਸ਼ਕਤੀ ਤੇ ਬਿਹਤਰੀਨ ਸਨਅਤੀ ਤੇ ਕੰਮਕਾਜੀ ਸੱਭਿਆਚਾਰ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਨਅਤੀ ਤਰੱਕੀ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨਵੇਂ ਵਿਚਾਰਾਂ ਤੇ ਨਵੀਆਂ ਖੋਜਾਂ ਲਈ ਹਮੇਸ਼ਾ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਆਪਣੇ ਉੱਦਮੀਆਂ ਦੇ ਸਰਗਰਮ ਸਹਿਯੋਗ ਨਾਲ ਦੇਸ਼ ਭਰ ਦੇ ਸਨਅਤੀ ਧੁਰੇ ਵਜੋਂ ਉੱਭਰੇਗਾ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ 23 ਤੇ 24 ਫਰਵਰੀ ਨੂੰ ਮੁਹਾਲੀ ਵਿੱਚ ਹੋ ਰਿਹਾ ਪੰਜਾਬ ਨਿਵੇਸ਼ ਸੰਮੇਲਨ ਸੂਬੇ ਦੀ ਸਨਅਤੀ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧਾਂ ਨੂੰ ਸੂਬਾ ਸਰਕਾਰ ਨੇ ਪਹਿਲਾਂ ਹੀ ਅੰਤਮ ਰੂਪ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਸਨਅਤੀਕਰਨ ਨੂੰ ਵੱਡੇ ਪੱਧਰ ਉਤੇ ਹੁਲਾਰਾ ਮਿਲੇਗਾ, ਜਿਸ ਨਾਲ ਰੋਜ਼ਗਾਰ ਦੀ ਭਾਲ ਲਈ ਪੜ੍ਹੀ-ਲਿਖੀ ਜਵਾਨੀ ਦੇ ਵਿਦੇਸ਼ਾਂ ਦਾ ਰੁਖ਼ ਕਰਨ ਦੇ ਰੁਝਾਨ ਨੂੰ ਠੱਲ੍ਹਿਆ ਜਾ ਸਕੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੇਤ ਖਣਨ ਵਿੱਚ ਪਾਰਦਰਸ਼ਤਾ ਲਿਆ ਕੇ ਰੇਤ ਮਾਫ਼ੀਆ ਦਾ ਲੱਕ ਤੋੜ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ 16 ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਪਿਟ ਹੈੱਡ ਤੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਦੀ ਸਪਲਾਈ ਯਕੀਨੀ ਬਣੇਗੀ। ਉਨ੍ਹਾਂ ਸਪੱਸ਼ਟ ਆਖਿਆ ਕਿ ਪਿਛਲੀਆਂ ਸਰਕਾਰਾਂ ਸਮੇਂ ਵਧਿਆ-ਫੁੱਲਿਆ ਰੇਤ ਮਾਫ਼ੀਆ ਹੁਣ ਲੋਕਾਂ ਦਾ ਸ਼ੋਸ਼ਣ ਨਹੀਂ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਨਅਤ ਦੀ ਤਰੱਕੀ ਲਈ ਪੰਜਾਬ ਮੁਲਕ ਭਰ ਵਿੱਚੋਂ ਸਭ ਤੋਂ ਅਨੁਕੂਲ ਮਾਹੌਲ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਤਰੀਨ ਸੜਕ, ਰੇਲ ਤੇ ਹਵਾਈ ਕੁਨੈਕਟੀਵਿਟੀ ਦੇ ਨਾਲ-ਨਾਲ ਹੁਨਰਮੰਦ ਮਨੁੱਖੀ ਸ਼ਕਤੀ ਕਾਰਨ ਦੇਸ਼ ਭਰ ਵਿੱਚੋਂ ਪੰਜਾਬ ਸਭ ਤੋਂ ਤਰਜੀਹੀ ਨਿਵੇਸ਼ ਸਥਾਨ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਆਰਥਿਕ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰੇਗਾ।
ਇਸ ਦੌਰਾਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੀ ਹਾਜ਼ਰ ਸਨ।
ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰਮੁੱਖ ਕੰਪਨੀਆਂ ਦੀ ਸੂਚੀ:
Tata Steel: 2600Cr
Sanathan Textiles: 1600Cr
Nabha Power: 648Cr
Toppan (Japan): 500+ Cr
Nestlé (Switzerland): 423Cr
Vardhman Spl Steel: 342Cr
Bebo Technologies: 300Cr
HUL (UK): 281Cr
Cargill Ind (US): 160C
View this post on Instagram