127 Patiala farmers get Rs 38 lakh in account
April 14, 2023 - PatialaPolitics
127 Patiala farmers get Rs 38 lakh in account
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪਟਿਆਲਾ ਜ਼ਿਲ੍ਹੇ ਦੇ 127 ਕਿਸਾਨਾਂ ਦੇ ਖਾਤਿਆਂ ‘ਚ ਮੁਆਵਜੇ ਦੀ ਪਹਿਲੀ ਕਿਸ਼ਤ ਦੇ 38.35 ਲੱਖ ਰੁਪਏ ਪਾਏ-ਜੌੜਾਮਾਜਰਾ
-ਮੁੱਖ ਮੰਤਰੀ ਭਗਵੰਤ ਮਾਨ ਨੇ ਕੁਦਰਤੀ ਕਰੋਪੀ ਦੇ ਸ਼ਿਕਾਰ ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਸਮੇਂ ਸਿਰ ਦੇ ਕੇ ਕਿਸਾਨਾਂ ਦੀ ਬਾਂਹ ਫੜੀ-ਜੌੜਾਮਾਜਰਾ
-ਸਮਾਣਾ ‘ਚ ਪ੍ਰਭਾਵਤ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦੇ ਦਸਤਾਵੇਜ ਸੌਂਪੇ
ਸਮਾਣਾ, 14 ਅਪ੍ਰੈਲ:
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਦਰਤੀ ਕਰੋਪੀ ਕਰਕੇ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਘੜੀ ‘ਚ ਬਾਂਹ ਫੜੀ ਹੈ। ਸ. ਜੌੜਾਮਾਜਰਾ ਅੱਜ ਸਮਾਣਾ ਹਲਕੇ ਦੇ ਕਿਸਾਨਾਂ ਦੀਆਂ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਲਈ ਕਰਵਾਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ।
ਬਾਗਬਾਨੀ, ਸੁਤੰਤਰਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ. ਜੌੜਾਮਾਜਰਾ ਨੇ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਪ੍ਰਕ੍ਰਿਆ ਬੀਤੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕਰਵਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ 1553 ਕਿਸਾਨਾਂ ਦਾ 2610.31 ਏਕੜ ਰਕਬਾ ਪ੍ਰਭਾਵਤ ਹੋਇਆ ਸੀ, ਜਿਨ੍ਹਾਂ ‘ਚੋਂ 127 ਕਿਸਾਨਾਂ ਦੇ ਖਾਤਿਆਂ ‘ਚ ਮੁਆਵਜੇ ਦੀ ਪਹਿਲੀ ਕਿਸ਼ਤ ਦੇ ਰੂਪ ‘ਚ 38.35 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਸਿੱਧੀ ਪਾਈ ਜਾ ਚੁੱਕੀ ਹੈ।
ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਫ਼ਸਲਾਂ ਦੇ ਖਰਾਬੇ ਦੀ ਕਰਵਾਈ ਗਈ ਸਪੈਸ਼ਲ ਗਿਰਦਾਵਰੀ ਤਹਿਤ ਸਮਾਣਾ ਹਲਕੇ ‘ਚ 99 ਕਨਾਲ 9 ਮਰਲੇ ਦੇ ਖਰਾਬੇ ਲਈ 7 ਪ੍ਰਭਾਵਤ ਕਿਸਾਨਾਂ ਨੂੰ 1.40 ਲੱਖ ਰੁਪਏ ਮੁਆਵਜ਼ੇ ਦੀ ਰਾਸ਼ੀ ਸਿੱਧੀ ਉਨ੍ਹਾਂ ਦੇ ਖਾਤਿਆਂ ‘ਚ ਪਾਏ ਜਾਣ ਦੇ ਦਸਤਾਵੇਜ ਸੌਂਪੇ ਗਏ ਹਨ। ਕੈਬਨਿਟ ਮੰਤਰੀ ਨੇ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਵੱਲੋਂ ਕਰਵਾਏ ਸਮਾਰੋਹ ਮੌਕੇ ਇਨ੍ਹਾਂ ਕਿਸਾਨਾਂ ਨੂੰ ਇਹ ਦਸਤਾਵੇਜ ਸੌਂਪਦਿਆਂ ਭਰੋਸਾ ਦਿੱਤਾ ਪੰਜਾਬ ਸਰਕਾਰ ਕਿਸਾਨਾਂ ਦੇ ਹਮੇਸ਼ਾ ਨਾਲ ਖੜ੍ਹੀ ਹੈ ਅਤੇ ਸੰਕਟ ਦੀ ਇਸ ਘੜੀ ਵਿੱਚ ਪ੍ਰਭਾਵਿਤ ਹੋਏ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਮਾਨ ਸਰਕਾਰ ਦ੍ਰਿੜ ਵਚਨਬੱਧ ਹੈ।
ਜੌੜਾਮਾਜਰਾ ਨੇ ਕਿਹਾ ਕਿ ਇਸ ਵਾਰ ਦੀ ਗਿਰਦਾਵਰੀ ਵਿਚ ਪਿਛਲੀ ਸਰਕਾਰ ਦੇ ਮੁਕਾਬਲੇ ਫੈਸਲਾਕੁੰਨ ਪਰਿਵਰਤਨ ਹੋਇਆ ਹੈ ਕਿਉਂਕਿ ਪਹਿਲਾਂ ਸਿਰਫ਼ ਫੋਕੇ ਦਾਅਵੇ ਹੀ ਹੁੰਦੇ ਸਨ ਅਤੇ ਜ਼ਮੀਨੀ ਪੱਧਰ ਉਤੇ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਸੀ।ਜਦਕਿ ਇਸ ਵਾਰ ਗਿਰਦਾਵਰੀ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੂਰੀ ਤਰ੍ਹਾਂ ਪਾਰਦਰਸ਼ੀ ਵਿਧੀ ਅਪਣਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੀ ਮੁਆਵਜਾ ਰਾਸ਼ੀ ਵਿੱਚ 25 ਫੀਸਦੀ ਵਾਧਾ ਕੀਤਾ ਹੈ। ਜੇਕਰ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ।ਇਸੇ ਤਰ੍ਹਾਂ ਜੇਕਰ ਨੁਕਸਾਨ 33 ਤੋਂ 75 ਫੀਸਦੀ ਤੱਕ ਹੁੰਦਾ ਹੈ ਤਾਂ ਕਿਸਾਨਾਂ ਨੂੰ 6800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ।ਜਦੋਂਕਿ ਖੇਤ ਮਜ਼ਦੂਰਾਂ ਨੂੰ ਵੀ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਘਰਾਂ ਦੇ ਥੋੜ੍ਹੇ-ਬਹੁਤ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾ ਰਿਹਾ ਹੈ।ਇਸ ਮੌਕੇ ਹਰਜਿੰਦਰ ਸਿੰਘ ਜੌੜਾਮਾਜਰਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਗਾਜੀਪੁਰ ਸਮੇਤ ਹੋਰ ਪਤਵੰਤੇ ਮੌਜੂਦ ਸਨ।