Patiala Heritage Clock placed over Central Library got its “tick-tick” again

May 18, 2023 - PatialaPolitics

Patiala Heritage Clock placed over Central Library got its “tick-tick” again

ਪਟਿਆਲਾ ਦੇ ਮਾਲ ਰੋਡ ‘ਤੇ ਸਥਿਤ ਵਿਰਾਸਤੀ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਲਾਇਬ੍ਰੇਰੀ ਦਾ ਲੰਮੇ ਸਮੇਂ ਤੋਂ ਬੰਦ ਪਿਆ ਘੜਿਆਲ ਸਮੇਂ ਦੇ ਹਾਣ ਦਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਵਿਰਾਸਤੀ ਸੈਂਟਰਲ ਸਟੇਟ ਲਾਇਬ੍ਰੇਰੀ ਦੀ ਦਿੱਖ ਸੰਵਾਰਨ ਅਤੇ ਇਸ ਦੇ ਡਿਜੀਟਲਾਈਜੇਸ਼ਨ ਲਈ ਵਿਸ਼ੇਸ਼ ਫੰਡ ਜਾਰੀ ਕੀਤੇ ਗਏ ਸਨ, ਇਸ ਤਹਿਤ ਪੂਰੀ ਲਾਇਬ੍ਰੇਰੀ ਦੇ ਨਵੀਨੀਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ।

ਇਸ ਵਿਰਾਸਤੀ ਸੈਂਟਰਲ ਲਾਇਬ੍ਰੇਰੀ ਦਾ ਕਲਾਕ ਟਾਵਰ ਬੰਦ ਹੋਦ ਕਾਰਨ ਵਿਰਾਸਤ ਪ੍ਰੇਮੀਆਂ ਨੂੰ ਹੋ ਰਹੀ ਨਿਰਾਸ਼ਾ ਦੂਰ ਕਰਨ ਲਈ ਅਤੇ ਇਸ ਕਲਾਕ ਟਾਵਰ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਸ਼ੇਸ਼ ਦਿਲਚਸਪੀ ਦਿਖਾਈ। ਡਿਪਟੀ ਕਮਿਸ਼ਨਰ ਨੇ ਖ਼ੁਦ ਇਸ ਲਾਇਬ੍ਰੇਰੀ ਦੀ ਮੈਂਬਰਸ਼ਿਪ ਹਾਸਲ ਕੀਤੀ ਅਤੇ ਇਸ ਵੱਲ ਵਿਸ਼ੇਸ਼ ਤਵੱਜੋ ਦੇ ਕੇ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਰਾਹੀਂ ਇਸ ਦਾ ਨਵੀਨੀਕਰਨ ਕਰਵਾਕੇ ਇਸ ਨੂੰ ਜੀ.ਪੀ.ਐਸ. ਨਾਲ ਜੋੜ ਦਿੱਤਾ ਹੈ। ਦਿੱਲੀ ਦੀ ਇੱਕ ਫਰਮ ਜਰੀਏ ਇਸ ਵਿਰਾਸਤੀ ਘੜਿਆਲ ਨੂੰ ਅਤਿ-ਆਧੁਨਿਕ ਇਲੈਕਟ੍ਰੋਨਿਕ ਸਿਸਟਮ ਨਾਲ ਲੈਸ ਕਰਕੇ ਇਸ ਵਿੱਚ ਐਲ.ਈ.ਡੀ. ਵੀ ਲਗਾ ਦਿੱਤੀਆਂ ਗਈਆਂ ਹਨ, ਜੋਕਿ ਸ਼ਾਮ ਹੋਣ ‘ਤੇ ਆਪਣੇ ਆਪ ਜਗ-ਮਗਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਬੰਦ ਪਏ ਇਸ ਕਲਾਕ ਟਾਵਰ ਨੂੰ ਚਲਾਉਣਾ ਇੱਕ ਚੁਣੌਤੀ ਸੀ, ਕਿਉਂਕਿ ਇਸ ਦੀ ਪੁਰਾਣੀ ਮਸ਼ੀਨ ਨੂੰ ਮੁਰੰਮਤ ਕਰਨ ਵਾਲੇ ਮਕੈਨਿਕ ਹੁਣ ਮਿਲਦੇ ਨਹੀਂ ਸਨ ਅਤੇ ਇਸਦੀ ਵਿਰਾਸਤੀ ਦਿਖ ਨੂੰ ਬਚਾਉਣਾ ਵੀ ਲਾਜਮੀ ਸੀ, ਇਸ ਲਈ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਕਾਰਜਕਾਰੀ ਇੰਜੀਨੀਅਰ ਰਾਜੇਸ਼ ਚਾਨਣਾ ਦੀ ਟੀਮ ਨੇ ਇਸ ਨੂੰ ਚਲਾਉਣ ਦੀ ਜਿੰਮੇਵਾਰੀ ਓਟੀ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਵਿਰਾਸਤੀ ਮੇਲੇ ਦੌਰਾਨ ਕੈਬਨਿਟ ਮੰਤਰੀਆਂ ਚੇਤਨ ਸਿੰਘ ਜੌੜਾਮਾਜਰਾ ਤੇ ਡਾ. ਬਲਬੀਰ ਸਿੰਘ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਸ ਲਾਇਬ੍ਰੇਰੀ ਦੇ ਨਵੀਨੀਕਰਨ ਲਈ ਵਿਸ਼ੇਸ਼ ਤਵੱਜੋਂ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਇਸ ਲਈ ਵਿਸ਼ੇਸ਼ ਫੰਡ ਜਾਰੀ ਕਰਵਾਏ ਸਨ।

ਇਸੇ ਦੌਰਾਨ ਇੰਜੀਨੀਅਰ ਰਾਜੇਸ਼ ਚਾਨਣਾ ਅਤੇ ਚੀਫ਼ ਲਾਇਬ੍ਰੇਰੀਅਨ ਪ੍ਰਭਜੋਤ ਕੌਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਪਟਿਆਲਾ ਦੀ ਵਿਰਾਸਤ ਨੂੰ ਸੰਭਾਲਣ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ ਅਤੇ ਇਸ ਵਿਰਾਸਤੀ ਕਲਾਕ ਟਾਵਰ ਨੂੰ ਅੱਜ ਦੇ ਸਮੇਂ ਦੇ ਹਾਣ ਦਾ ਬਣਾਇਆ ਗਿਆ ਹੈ ਤਾਂ ਕਿ ਅਸੀਂ ਆਪਣੀ ਵਿਰਾਸਤ ਨੂੰ ਸੰਜੋਅ ਕੇ ਰੱਖ ਸਕੀਏ। ਉਨ੍ਹਾਂ ਕਿਹਾ ਕਿ ਹੁਣ ਇਸ ਦੀ ਸੰਭਾਂਲ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ।

ਦੱਸਣਾ ਬਣਦਾ ਹੈ ਕਿ 1956 ਵਿੱਚ ਪੈਪਸੂ ਸਮੇਂ ਇਸ ਲਾਇਬ੍ਰੇਰੀ ਦੀ ਸਥਾਪਨਾ ਹੋਈ ਅਤੇ ਇਸ ਕਲਾਕ ਟਾਵਰ ਨੂੰ ਇੱਥੇ ਲਗਾਇਆ ਗਿਆ ਸੀ। ਪਹਿਲਾਂ ਇਹ ਬੈਟਰੀਆਂ ਨਾਲ ਚੱਲਦਾ ਸੀ, ਫਿਰ 1995 ਵਿੱਚ ਇਸ ਵਿੱਚ ਚਾਬੀ ਵਾਲਾ ਕਲਾਕ ਫਿਟ ਕੀਤਾ ਗਿਆ ਅਤੇ ਇਹ ਚਾਬੀ 72 ਘੰਟੇ ਬਾਅਦ ਭਰੀ ਜਾਂਦੀ ਸੀ ਪਰ ਪਿਛਲੇ ਲੰਮੇ ਸਮੇਂ ਤੋਂ ਇਸ ਦੀ ਗਰਾਰੀਆਂ ਵਾਲੀ ਮਸ਼ੀਨ ਖਰਾਬ ਹੋ ਗਈ ਸੀ ਤੇ ਇਸ ਨੂੰ ਮੁਰੰਮਤ ਨਹੀਂ ਸੀ ਕੀਤਾ ਜਾ ਸਕਿਆ। ਹੁਣ ਇਸ ਐਨਾਲੌਗ ਕਲਾਕ ਨੂੰ ਇਲੈਕਟ੍ਰੋਨਿਕ ਸਿਸਟਮ ਨਾਲ ਲੈਸ ਕਰਕੇ ਐਲ.ਈ.ਡੀ. ਵਾਲਾ ਤੇ ਜੀ.ਪੀ.ਐਸ. ਵਾਲਾ ਕਲਾਕ ਬਣਾ ਦਿੱਤਾ ਗਿਆ ਜੋ ਕਿ ਆਪਣਾ ਸਮਾਂ ਖ਼ੁਦ ਸੈਟ ਕਰ ਸਕਣ ਦੇ ਸਮਰੱਥ ਹੈ।