PRTC Helpline Number 9592195923

May 25, 2023 - PatialaPolitics

PRTC Helpline Number 9592195923

ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅੱਜ ਸਵਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਸੁਝਾਓ ਦਰਜ ਕਰਨ ਲਈ ਇੱਕ ਹੈਲਪਲਾਈਨ ਨੰਬਰ 9592195923 ਜਾਰੀ ਕੀਤਾ ਹੈ। ਅੱਜ ਇੱਥੇ ਮੀਡੀਆ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਦਿਨ ਪਹਿਲਾਂ ਲੋਕਾਂ ਨੂੰ ਸਮਰਪਿਤ ਕੀਤੇ ਨਵੇਂ ਬੱਸ ਅੱਡੇ ਦੀ ਸੰਪਰੂਨ ਜਾਣਕਾਰੀ ਸਾਂਝੀ ਕੀਤੀ।

ਚੇਅਰਮੈਨ ਹਡਾਣਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਵਾਸੀਆਂ ਨੂੰ ਖਾਸ ਤੋਹਫ਼ੇ ਵਜੋਂ ਨਵਾਂ ਬੱਸ ਅੱਡਾ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੀ ਸੋਚ ਸਦਕੇ ਪਟਿਆਲਾ ਵਿਚਲੇ ਨਵੇਂ ਬੱਸ ਅੱਡੇ ਦੀ ਸ਼ੁਰੂਆਤ ਹੋ ਚੁੱਕੀ ਹੈ।

ਚੇਅਰਮੈਨ ਨੇ ਇਸ ਅੱਡੇ ਦੀ ਸੁੰਦਰ ਨੁਹਾਰ ਬਨਾਉਣ ਲਈ ਪੀ.ਆਰ.ਟੀ.ਸੀ ਦੀ ਸਾਰੀ ਟੀਮ, ਲੋਕ ਨਿਰਮਾਣ ਵਿਭਾਗ ਦੇ ਭਵਨ ਉਸਾਰੀ ਤੇ ਇਲੈਕਟ੍ਰੀਕਲ ਵਿੰਗਾਂ ਤੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰਾਂ, ਏਐਮਡੀ ਪੀ ਆਰ ਟੀ ਸੀ ਚਰਨਜੋਤ ਸਿੰਘ ਵਾਲੀਆ ਸਮੇਤ ਹੋਰ ਸਾਰੇ ਮੁਲਾਜ਼ਮਾਂ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ।

ਚੇਅਰਮੈਨ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਨਵਾਂ ਬੱਸ ਅੱਡਾ ਚਾਲੂ ਹੋਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ।ਉਨ੍ਹਾਂ ਕਿਹਾ ਕਿ ਇਸ ਨਵੇਂ ਬੱਸ ਅੱਡੇ ਦੀ ਉਸਾਰੀ ਰੁਕੀ ਹੋਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲੈਦਿਆਂ ਰੁਕੇ ਫੰਡ ਜਾਰੀ ਕਰਕੇ ਇਸ ਨਵੇਂ ਬੱਸ ਅੱਡੇ ਨੂੰ ਮੁਕੰਮਲ ਕਰਵਾਇਆ ਅਤੇ ਕਿਹਾ ਕਿ ਇਹ ਬੱਸ ਅੱਡਾ ਸਿਰਫ ਪਟਿਆਲਾ ਜਾਂ ਪੰਜਾਬ ਹੀ ਨਹੀ ਬਲਕਿ ਬਾਹਰਲੇ ਰਾਜਾਂ ਲਈ ਵੀ ਰੋਲ ਮਾਡਲ ਹੋਵੇਗਾ। ਚੇਅਰਮੈਨ ਨੇ ਕਿਹਾ ਕਿ ਏਅਰਪੋਰਟ ਦੀ ਦਿੱਖ ਵਾਲਾ ਇਹ ਆਧੁਨਿਕ ਅਤੇ ਨਵੀਨਤਮ ਤਕਨੀਕਾਂ ਨਾਲ ਲੈਸ ਬੱਸ ਅੱਡੇ ਵਿਖੇ ਬਿਜਲੀ ਦੇ ਵੱਡੇ ਬਿੱਲਾਂ ਤੋਂ ਬਚਣ ਲਈ ਪੂਰੀ ਛੱਤ ਉਪਰ ਸੋਲਰ ਪੈਨਲ ਲਗਾਏ ਗਏ ਹਨ।

ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਵਿਖੇ 45 ਬੱਸ ਕਾਊਂਟਰ ਬਣਾਏ ਗਏ ਹਨ ਤਾਂ ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ, ਤੇ ਇੱਥੇ ਸਾਰੇ ਰੂਟਾਂ ਨੂੰ ਜਾਣ ਲਈ ਪੂਰੀ ਜਾਣਕਾਰੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਪੁੱਛ ਗਿੱਛ ਲਈ ਵੱਖਰੇ ਕਾਊਂਟਰ ਸਥਾਪਤ ਕਰਕੇ ਬੱਸ ਅੱਡੇ ਦੇ ਬਾਹਰ ਅਤੇ ਅੰਦਰ ਐਲ ਈ ਡੀਜ ਲੱਗੀਆਂ ਲਗਾਈਆਂ ਗਈਆਂ ਹਨ ਤਾਂ ਜੋ ਹਰ ਸ਼ਹਿਰ ਜਾਂ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਸਮੇਂ ਦੀ ਸਹੀ ਜਾਣਕਾਰੀ ਮੁਹੱਈਆ ਕਰਵਾ ਰਹੀਆਂ।

ਪੀ.ਆਰ.ਟੀ.ਸੀ. ਚੇਅਰਮੈਨ ਨੇ ਅੱਗੇ ਦੱਸਿਆ ਕਿ ਜਲਦ ਹੀ ਇਲੈਕਟ੍ਰੀਕਲ ਬੱਸਾਂ ਦੀ ਜਲਦ ਹੋਵੇਗੀ ਸ਼ੁਰੂਆਤ ਹੋਵੇਗੀ। ਲੋਕਾਂ ਦੀ ਸਹੂਲਤ ਲਈ ਪੁਰਾਣੇ ਬੱਸ ਅੱਡੇ ਤੋਂ ਨਵੇਂ ਅਤੇ ਨਵੇਂ ਤੋਂ ਪੁਰਾਣੇ ਬੱਸ ਅੱਡੇ ਤੱਕ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਮਹਿੰਦਰਾ ਕਾਲਜ, ਐਨ ਆਈ ਐਸ ਚੌਂਕ, ਫੁਆਰਾ ਚੌਂਕ, ਰਜਿੰਦਰਾ ਹਸਪਤਾਲ, ਸਨੌਰੀ ਅੱਡਾ ਆਦਿ ਲਈ ਇਲੈਕਟ੍ਰੀਕਲ ਸ਼ਾਨਦਾਰ ਬੱਸਾਂ ਚੱਲਣਗੀਆਂ, ਇਸ ਨਾਲ ਲੋਕ ਜਿੱਥੇ ਖੱਜਲ ਹੋਣ ਤੋਂ ਬੱਚ ਸਕਣਗੇ ਉੱਥੇ ਹੀ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਯੋਗਦਾਨ ਹੋਵੇਗਾ।

ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਸੀਸੀਟੀਵੀ ਅਤੇ ਬਾਡੀ ਸਕੈਨਰ ਤੇ ਮੈਟਲ ਡਿਟੈਕਟਰ ਲਗਾਏ ਗਏ ਹਨ ਜੋ ਕਿ ਜੋ ਕਿ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਚਲਦੇ ਰਹਿਣਗੇ। ਇਸ ਤੋਂ ਇਲਾਵਾ ਡੇਢ ਏਕੜ ਵਿੱਚ ਵਰਕਸ਼ਾਪ ਅਤੇ ਡਰਾਇਵਰ-ਕੰਡਕਟਰਾਂ ਦੇ ਆਰਾਮ ਲਈ ਕਮਰੇ ਬਣਾਏ ਗਏ ਹਨ। ਪਹਿਲਾ ਪੁਰਾਣਾ ਬੱਸ ਅੱਡਾ ਅਤੇ ਵਰਕਸ਼ਾਪ ਦੋਹੇ ਅਲੱਗ ਅਲੱਗ ਬਣੇ ਹੋਏ ਸਨ, ਜਿਸ ਨਾਲ ਬੱਸਾਂ ਦੀ ਛੋਟੀ ਮੋਟੀ ਦਿੱਕਤ ਲਈ ਲੈ ਜਾਣ ਮਗਰੋਂ ਮੁੜ ਬੱਸ ਅੱਡੇ ਲਿਆਉਣ ਲਈ ਕਾਫ਼ੀ ਸਮਾਂ ਖਰਾਬ ਹੋ ਜਾਂਦਾ ਸੀ ਜਿਸ ਨਾਲ ਬੱਸ ਦਾ ਬਣਦਾ ਟਾਈਮ ਰੂਟ ਲੱਗ ਨਹੀ ਸੀ ਲਗਦਾ।ਇਸ ਨਾਲ ਜਿੱਥੇ ਸਵਾਰੀਆਂ ਨੂੰ ਪਰੇਸ਼ਾਨੀ ਹੁੰਦੀ ਸੀ ਉੱਥੇ ਹੀ ਵਿਭਾਗ ਨੂੰ ਵੀ ਵਿੱਤੀ ਘਾਟਾ ਪੈਦਾਂ ਸੀ।ਇਸ ਲਈ ਹੁਣ ਇੱਥੇ ਡੇਢ ਏਕੜ ਜਗ੍ਹਾ ਵਿੱਚ ਵਰਕਸ਼ਾਪ ਬਣਾਈ ਗਈ ਹੈ। ਇੱਥੇ ਡਰਾਇਵਰਾਂ ਅਤੇ ਕੰਡਕਟਰਾਂ ਦੇ ਆਰਾਮ ਕਰਨ ਲਈ ਕਮਰੇ ਵੀ ਹਨ।

ਪੀਣ ਵਾਲੇ ਪਾਣੀ ਅਤੇ ਫੂਡ ਕੋਰਟ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਸਵਾਰੀਆਂ ਨੂੰ ਬੱਸਾਂ ਵਿੱਚੋਂ ਉਤਰਨ ਅਤੇ ਚੜ੍ਹਨ ਤੋਂ ਪਹਿਲਾਂ ਸਾਫ ਅਤੇ ਆਰ.ੳ. ਦਾ ਠੰਡਾ ਪਾਣੀ ਪੀਣ ਅਤੇ ਖਾਣ ਪੀਣ ਵਾਲੇ ਵਧੀਆਂ ਸਾਮਾਨ ਮਿਲ ਸਕੇ। ਇਸ ਤੋਂ ਇਲਾਵਾ ਬੇਸਮੈਂਟ ਪਾਰਕਿੰਗ ਨਾਲ ਲੋਕਾਂ ਦੀ ਸੁਵਿਧਾ ਲਈ ਪਾਰਕਿੰਗ ਬਣਾਈ ਗਈ ਹੈ ਤਾਂ ਜੋ ਅਕਸਰ ਮੀਹ, ਤੇਜ ਧੁੱਪ ਜਾਂ ਸਰਦੀਆਂ ਦੀ ਪੈਣ ਵਾਲੀ ਓਸ ਕਾਰਨ ਲੋਕਾਂ ਦੇ ਵਹੀਕਲਾਂ ਦਾ ਰੰਗ, ਸੀਟਾਂ ਆਦਿ ਬਾਹਰ ਖੜ੍ਹੇ ਰਹਿਣ ਕਾਰਨ ਖਰਾਬ ਨਾ ਹੋਵੇ।ਇਸ ਤੋਂ ਇਲਾਵਾ ਸਵਾਰੀਆਂ ਦੀ ਸਹੂਲਤ ਲਈ ਲਾਕਰ ਅਤੇ ਡਾਰਮਿਟਰੀ ਬਣਾਏ ਗਏ ਹਨ, ਜਿਸ ਵਿਚ ਲੋਕ ਆਪਣਾ ਜਰੂਰੀ ਸਾਮਾਨ ਰੱਖ ਕੇ ਆ ਜਾ ਸਕਣਗੇ।

ਪੀ.ਆਰ.ਟੀ.ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅੱਗੇ ਦੱਸਿਆ ਕਿ ਨਵਾਂ ਬੱਸ ਅੱਡਾ ਚਾਲੂ ਹੋਣ ਨਾਲ ਦੂਰ-ਦੁਰਾਡੇ ਦੀਆਂ ਸਵਾਰੀਆਂ ਦੀ ਸਹੂਲਤ ਲਈ ਵੱਖ-ਵੱਖ 5 ਰੂਟਾਂ ‘ਤੇ 30 ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਹੜੀਆਂ ਕਿ 135 ਗੇੜੇ ਲਗਾ ਰਹੀਆਂ ਹਨ।

ਚੇਅਰਮੈਨ ਹਡਾਣਾ ਨੇ ਦੱਸਿਆ ਕਿ 5 ਬੱਸਾਂ ਵੱਖ-ਵੱਖ ਟਾਈਮ ‘ਤੇ ਨਵਾਂ ਬੱਸ ਸਟੈਂਡ, ਤੋਂ ਨਾਨਕਸਰ ਵਾਇਆ ਪੁਰਾਣਾ ਬੱਸ ਸਟੈਂਡ, ਸਨੌਰੀ ਅੱਡਾ, ਸਨੌਰ ਚੌਂਕ ਤੱਕ 25 ਗੇੜੇ ਲਾ ਰਹੀਆਂ ਹਨ। ਇਸੇ ਤਰ੍ਹਾਂ 4 ਬੱਸਾਂ ਨਵਾਂ ਬੱਸ ਸਟੈਂਡ ਤੋਂ ਝਿੱਲ ਬਾਈਪਾਸ ਵਾਇਆ ਪੁਰਾਣਾ ਬੱਸ ਸਟੈਂਡ, ਖੰਡਾ ਚੌਕ, ਦੁਖਨਿਵਾਰਨ ਸਾਹਿਬ, ਹੇਮਕੁੰਟ ਪੰਪ ਹੁੰਦੇ ਹੋਏ 20 ਗੇੜੇ ਲਾ ਰਹੀਆਂ ਹਨ।

ਜਦੋਂਕਿ 7 ਬੱਸਾਂ ਨਵਾਂ ਬੱਸ ਸਟੈਂਡ ਤੋਂ ਕੌਰਜੀਵਾਲਾ ਬਾਈਪਾਸ ਵਾਇਆ, ਟਰੱਕ ਯੂਨੀਅਨ, ਲੱਕੜ ਮੰਡੀ, ਪੁਰਾਣਾ ਬੱਸ ਸਟੈਂਡ, ਖੰਡਾ ਚੌਕ, ਲੀਲਾ ਭਵਨ, ਰਜਿੰਦਰਾ ਹਸਪਤਾਲ ਹੁੰਦੇ ਹੋਏ 35 ਗੇੜੇ ਲਾ ਰਹੀਆਂ ਹਨ। ਇਸੇ ਤਰ੍ਹਾਂ 7 ਬੱਸਾਂ ਪੁਰਾਣਾ ਬੱਸ ਸਟੈਂਡ ਤੋਂ ਨਵਾਂ ਬੱਸ ਸਟੈਂਡ ਵਾਇਆ ਟਰੱਕ ਯੂਨੀਅਨ, ਲੱਕੜ ਮੰਡੀ ਹੋ ਕੇ 35 ਗੇੜੇ ਲਾ ਰਹੀਆਂ ਹਨ। ਜਦੋਂਕਿ 7 ਹੋਰ ਬੱਸਾਂ ਨਵਾਂ ਬੱਸ ਸਟੈਂਡ ਤੋਂ ਪਸਿਆਣਾ ਬਾਈਪਾਸ ਵਾਇਆ ਟਰੱਕ ਯੂਨੀਅਨ, ਲੱਕੜ ਮੰਡੀ, ਪੁਰਾਣਾ ਬੱਸ ਸਟੈਂਡ, ਖੰਡਾ ਚੌਂਕ, ਲੀਲਾ ਭਵਨ, ਰਜਿੰਦਰਾ ਹਸਪਤਾਲ ਜਾ ਕੇ 35 ਗੇੜੇ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ. ਆਪਣੀਆਂ ਸਵਾਰੀਆਂ ਦੀ ਸੇਵਾ ਲਈ ਵਚਨਬੱਧਤਾ ਨੂੰ ਪੂਰੀ ਤਰ੍ਹਾਂ ਨਿਭਾਏਗੀ।