Maharaja Bhupinder Singh Sports University Patiala
June 4, 2018 - PatialaPolitics
ਖੇਡਾਂ ਦੀ ਨਗਰੀ ਕਹੇ ਜਾਣ ਵਾਲੇ ਸ਼ਹਿਰ ਪਟਿਆਲੇ ਦੇ ਤਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇੱਕ ਸ਼ਾਨਦਾਰ ਨਗੀਨਾ ਜੋੜਨ ਜਾ ਰਹੀ ਹੈ । ਇਸ ਦੇ ਤਹਿਤ ਪੰਜਾਬ ਦੇ ਖੇਡ ਮੰਤਰੀ ਸ਼੍ਰੀ ਗੁਰਮੀਤ ਸਿੰਘ ਰਾਣਾ ਸੋਢੀ ਨੇ ਅੱਜ ਮਿੰਨੀ ਸਕੱਤਰੇਤ ਵਿੱਚ ਖੇਡ ਮੰਤਰਾਲੇ ਦੀ ਬਣਾਈ ਗਈ ਇੱਕ ਉੱਚ ਪੱਧਰ ਕਮੇਟੀ ਦੀ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਹਨ ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ਼੍ਰੀ ਰਾਣਾ ਸੋਢੀ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ 100 ਏਕੜ ਤੋਂ ਜਿਆਦਾ ਖੇਤਰ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ । ਉਹਨਾਂ ਦੱਸਿਆ ਕਿ ਰਾਸ਼ਟਰੀ ਖੇਡ ਸੰਸਥਾ , ਐਨ.ਆਈ.ਐਸ. ਪਟਿਆਲਾ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਸ਼੍ਰੀ ਐਲ.ਐਸ. ਰਾਣਾਵਤ ਨੂੰ ਪ੍ਰਸਤਾਵਿਤ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਾਇਆ ਜਾਵੇਗਾ । ਇਸ ਦੇ ਨਾਲ ਹੀ ਯੂਨੀਵਰਸਿਟੀ ਦੀ ਸਥਾਪਨਾ ਕਰਕੇ ਇਸ ਦੀਆਂ ਗਤੀਵਿਧੀਆਂ ਚਲਾਉਣ ਲਈ ਪ੍ਰੋ . ਜਿਤੇਂਦਰ ਨਾਰੁਕਾ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ । ਸ਼੍ਰੀ ਰਾਣਾ ਸੋਢੀ ਨੇ ਦੱਸਿਆ ਕਿ ਮੀਟਿੰਗ ਵਿੱਚ ਲਏ ਗਏ ਇੱਕ ਹੋਰ ਫ਼ੈਸਲੇ ਅਨੁਸਾਰ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਲਈ ਭਵਨ , ਖੇਡ ਮੈਦਾਨ , ਬੋਰਡਿੰਗ ਆਦਿ ਮੁੱਢਲੀਆਂ ਸੁਵਿਧਾਵਾਂ ਤਿਆਰ ਹੋਣ ਤੱਕ ਇਸ ਨੂੰ ਪਹਿਲਾਂ ਮਾਲ ਰੋਡ ਸਥਿਤ ਮਹਿੰਦਰਾ ਕੋਠੀ ਤੋਂ ਸ਼ੁਰੂ ਕਰਨ ਦਾ ਪ੍ਰਸਤਾਵ ਸੀ ਪਰੰਤੂ ਹੁਣ ਇਸ ਦੀਆਂ ਗਤੀਵਿਧੀਆਂ ਪ੍ਰੋਫੈਸਰ ਗੁਰਸੇਵਕ ਸਿੰਘ ਫਿਜੀਕਲ ਕਾਲਜ ਤੋਂ ਚਲਾਏ ਜਾਣ ਦੇ ਪ੍ਰਸਤਾਵ ਉੱਤੇ ਸਹਿਮਤੀ ਬਣ ਗਈ ਹੈ । ਸਪੋਰਟਸ ਯੂਨੀਵਰਸਿਟੀ ਨਾਲ ਵਰਤਮਾਨ ਖੇਡ ਜਰੂਰਤਾਂ ਦੇ ਅਨੁਸਾਰ ਕੋਰਸ ਡਿਜਾਈਨ ਕੀਤੇ ਜਾਣਗੇ । ਜਿਸ ਦੇ ਨਾਲ ਯੂਨੀਵਰਸਿਟੀ ਵਿੱਚ ਪੜ੍ਹਨ ਵਾਲਿਆਂ ਦਾ ਕੈਰੀਅਰ ਸੰਵਾਰਿਆ ਜਾ ਸਕੇ ਖੇਡ ਮੰਤਰੀ ਸ਼੍ਰੀ ਰਾਣਾ ਸੋਢੀ ਨੇ ਦੱਸਿਆ ਕਿ ਯੂਨੀਵਰਸਿਟੀ ਬਣਨ ਤੋਂ ਬਾਅਦ ਰਾਜ ਦੇ ਸਾਰੇ ਖੇਡ ਕਾਲਜਾਂ ਨੂੰ ਇਸ ਯੂਨੀਵਰਸਿਟੀ ਦੇ ਨਾਲ ਜੋੜ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇੰਗਲੈਂਡ ਦੀ ਲੋਬਾਰੋ ਯੂਨੀਵਰਸਿਟੀ ਨਾਲ ਵੀ ਕੋਰਸ ਡਿਜਾਈਨ ਕਰਨ ਲਈ ਸੰਪਰਕ ਕੀਤਾ ਗਿਆ ਹੈ । ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਬਾਰੋ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸਾਬਕਾ ਓਲੰਪਿਅਨ ਅਤੇ ਇੰਟਰਨੈਸ਼ਨਲ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਲਾਰਡ ਸੇਬਸਟੀਅਨ ਕੋਏ ਨੂੰ ਇਸ ਸੰਦਰਭ ਵਿੱਚ ਪੱਤਰ ਵੀ ਲਿਖਿਆ ਗਿਆ ਹੈ । ਖੇਡ ਮੰਤਰੀ ਨੇ ਕਿਹਾ ਕਿ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਲਈ ਜਿਲ੍ਹੇ ਵਿੱਚ 100 ਏਕੜ ਜ਼ਮੀਨ ਲਈ ਜਾਵੇਗੀ । ਸੰਭਵ ਹੈ ਕਿ ਇਸ ਵਿੱਚੋਂ 50 ਏਕੜ ਖਰੀਦੇ ਜਾਣ ਦੇ ਨਾਲ-ਨਾਲ ਬਾਕੀ ਜ਼ਮੀਨ ਲੀਜ ‘ਤੇ ਲਈ ਜਾਵੇ । ਉਨ੍ਹਾਂ ਨੇ ਦੱਸਿਆ ਕਿ ਇੱਕ ਮਹੀਨੇ ਵਿੱਚ ਮੁੱਢਲਾ ਢਾਂਚਾ ਤਿਆਰ ਕਰਕੇ ਜ਼ਮੀਨ ਦੀ ਪਹਿਚਾਣ ਕਰ ਲਈ ਜਾਵੇਗੀ । ਅਤੇ ਛੇਤੀ ਹੀ ਇਸ ‘ਤੇ ਕਾਰਜ ਸ਼ੁਰੂ ਹੋ ਜਾਵੇਗਾ । ਮੀਟਿੰਗ ਵਿੱਚ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਰਾਜਾ ਰਣਧੀਰ ਸਿੰਘ , ਮੁੱਖ ਮੰਤਰੀ ਦੇ ਰਾਜਸੀ ਸਕੱਤਰ ਸ਼੍ਰੀ ਕਰਨਪਾਲ ਸਿੰਘ ਸੇਖੋਂ, ਪ੍ਰਿੰਸੀਪਲ ਸਕੱਤਰ ਖੇਡਾਂ ਸ਼੍ਰੀ ਸੰਜੈ ਕੁਮਾਰ, ਸ਼ਿਵ ਦੁਲਾਰ ਸਿੰਘ ਢਿੱਲੋਂ ਡਾਇਰੈਕਟਰ ਸੈਰ ਸਪਾਟਾ ਵਿਭਾਗ , ਡਾਇਰੈਕਟਰ ਖੇਡ ਵਿਭਾਗ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਵੀ ਆਪਣੇ ਵਿਚਾਰ ਰੱਖੇ । ਇਸ ਮੌਕੇ ਕਾਂਗਰਸ ਵੱਲੋਂ ਸ਼੍ਰੀ ਰਾਮ ਕੁਮਾਰ ਸਿੰਗਲਾ ਅਤੇ ਜਿਲਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।