Patiala Double Murder: Mother-Son killer arrested

July 29, 2023 - PatialaPolitics

Patiala Double Murder: Mother-Son killer arrested

ਪਟਿਆਲਾ ਪੁਲਿਸ ਵੱਲੋਂ 48 ਘੰਟੇ ਦੇ ਅੰਦਰ ਹੋਏ ਦੋਹਰੇ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਕਾਬੂ

ਵਾਰਦਾਤ ਸਮੇਂ ਵਰਤਿਆ ਮਾਰੂ ਹਥਿਆਰ (ਚਾਕੂ) ਅਤੇ ਸੋਨਾ ਜੇਵਰਾਤ ਬਰਾਮਦ

ਸ੍ਰੀ ਵਰੂਣ ਸ਼ਰਮਾਂ IPS, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਮਿਤੀ 26.07.23 ਨੂੰ ਹਰਵਿੰਦਰ ਸਿੰਘ ਅਤੇ ਇਸ ਦੀ ਮਾਤਾ ਜਸਵੀਰ ਕੋਰ ਦੇ ਤੇਜਧਾਰ ਹਥਿਆਰਾਂ ਨਾਲ ਹੋਏ ਦੋਹਰੇ ਅੰਨ੍ਹੇ ਕਤਲ ਕੇਸ ਨੂੰ 48 ਘੰਟੇ ਦੇ ਅੰਦਰ ਸੁਲਝਾ ਲਿਆ ਗਿਆ ਹੈ। ਇਸ ਸਨਸਨੀਖੇਜ ਦੋਹਰੇ ਕਤਲ ਕੇਸ ਦੀ ਐਸ.ਐਸ.ਪੀ ਪਟਿਆਲਾ ਵੱਲੋ ਖੁੱਦ ਨਿਗਰਾਨੀ ਕੀਤੀ ਜਾ ਰਹੀ ਸੀ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਸ੍ਰੀ ਸਰਫਰਾਜ ਆਲਮ IPS, SP ਸਿਟੀ ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ PPS, SP (Inv.) ਪਟਿਆਲਾ, ਸ੍ਰੀ ਜਸਵਿੰਦਰ ਸਿੰਘ ਟਿਵਾਣਾ DSP ਸਿਟੀ-2, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ DSP (D) ਪਟਿਆਲਾ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ, ਇੰਸ: ਪ੍ਰਦੀਪ ਸਿੰਘ ਬਾਜਵਾ SHO ਥਾਣਾ ਤ੍ਰਿਪੜੀ ਅਤੇ ਇੰਸ: ਅਮਨਦੀਪ ਸਿੰਘ SHO ਥਾਣਾ ਅਨਾਜ ਮੰਡੀ ਪਟਿਆਲਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਜੋ ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਤਫਤੀਸ ਕਰਦਿਆਂ ਇਸ ਅੰਨ੍ਹੇ ਦੋਹਰੇ ਕਤਲ ਦਾ ਪਰਦਾਫਾਸ਼ ਕਰਕੇ ਦੋਸ਼ੀ ਹਰਜੀਤ ਸਿੰਘ ਉਰਫ ਕਾਕਾ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਗਨੇਸ਼ਪੁਰਾ ਥਾਣਾ ਸਦਰ ਦੇਵਪੂਰਾ ਜਿਲ੍ਹਾ ਬੂੰਦੀ (ਰਾਜਸਥਾਨ) ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਜਿਸ ਪਾਸੋਂ ਮੌਕਾ ਵਾਰਦਾਤ ਸਮੇਂ ਵਰਤੇ ਤੇਜਧਾਰ ਹਥਿਆਰ (ਚਾਕੂ) ਅਤੇ ਕਤਲ ਦੀ ਵਾਰਦਾਤ ਤੋਂ ਬਾਅਦ ਘਰ ਵਿੱਚੋਂ ਲੁੱਟੇ ਗਏ ਸੋਨੇ/ਚਾਂਦੀ ਦੇ ਗਹਿਣੇ ਆਦਿ ਬਰਾਮਦ ਕੀਤੇ ਗਏ।

ਘਟਨਾ ਦਾ ਵੇਰਵਾ : ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮਿਤੀ 26.07.23 ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਹਰਵਿੰਦਰ ਸਿੰਘ ਉਰਫ ਜੱਗੀ (26 ਸਾਲ) ਅਤੇ ਇਸਦੀ ਮਾਤਾ ਜਸਵੀਰ ਕੌਰ (50 ਸਾਲ) ਦੀਆਂ ਲਾਸ਼ਾਂ ਉਹਨਾਂ ਦੇ ਮਕਾਨ ਨੰਬਰ 10-ਬੀ ਸ਼ਹੀਦ ਉੱਧਮ ਸਿੰਘ ਨਗਰ ਪਟਿਆਲਾ ਦੇ ਬਾਥਰੂਮ ਵਿੱਚ ਖੂਨ ਨਾਲ ਲੱਥ ਪੱਥ ਪਈਆਂ ਹਨ ਜੋ ਮੌਕਾ ਪਰ ਪਟਿਆਲਾ ਪੁਲਿਸ ਦੀ ਉਕਤ ਟੀਮ ਅਤੇ FSL ਟੀਮ ਨੇ ਮੌਕਾ ਪਰ ਜਾ ਕੇ ਬਰੀਕੀ ਨਾਲ ਵੱਖ ਵੱਖ ਪਹਿਲੂਆਂ ਤੋਂ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਮ੍ਰਿਤਕਾਂ ਦੇ ਪਿਤਾ ਅਤੇ ਪਤੀ ਗੁਰਮੁੱਖ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਉਕਤ ਦੇ ਬਿਆਨਾਂ ਪਰ ਮੁਕੱਦਮਾ ਨੰਬਰ 240 ਮਿਤੀ 26.07.2023 ਅ/ਧ 302, 34 ਹਿੰ:ਦਿੰ: ਥਾਣਾ ਤ੍ਰਿਪੜੀ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਮੌਕਾ ਤੋ ਅਤੇ ਮੁਦੱਈ ਦੇ ਬਿਆਨਾਂ ਅਤੇ ਗਵਾਹਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਅੰਦਰੋਂ ਕੁੰਡੀ ਲੱਗੀ ਹੋਈ ਸੀ ਅਤੇ ਗੁਰਮੁੱਖ ਸਿੰਘ ਨੇ ਗੁਆਂਢੀਆਂ ਦੀ ਮੱਦਦ ਨਾਲ ਸੱਬਲ ਨਾਲ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਇਆ ਸੀ ਜਿੱਥੇ ਕਿ ਉਸਦੇ ਪੁੱਤਰ ਅਤੇ ਪਤਨੀ ਦੇ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕੀਤਾ ਹੋਇਆ ਸੀ ਅਤੇ ਸਬੂਤ ਨਸ਼ਟ ਕਰਨ ਲਈ ਘਰ ਦਾ ਫਰਸ਼ ਵਗੈਰਾ ਧੋਤਾ ਹੋਇਆ ਸੀ ਅਤੇ ਮੌਕਾ ਤੋ ਸਾਰੇ ਸਬੂਤ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਮ੍ਰਿਤਕਾਂ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਤੋ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕਰਵਾਇਆ ਗਿਆ ਜਿਸ ਤੋਂ ਇਹ ਸਾਹਮਣੇ ਆਇਆ ਕਿ ਮ੍ਰਿਤਕ ਜਸਵੀਰ ਕੌਰ ਦੇ ਛਾਤੀ ਅਤੇ ਗਲਾ ਵਗੈਰਾ ਤੇ 21 ਦੇ ਕਰੀਬ ਤੇਜਧਾਰ ਹਥਿਆਰ ਨਾਲ ਸੱਟਾਂ ਸਨ ਅਤੇ ਹਰਵਿੰਦਰ ਸਿੰਘ ਉਰਫ ਜੱਗੀ ਦੇ ਗਰਦਨ, ਮੂੰਹ ਅਤੇ ਛਾਤੀ ਪਰ 11 ਦੇ ਕਰੀਬ ਤੇਜਧਾਰ ਹਥਿਆਰ ਨਾਲ ਸੱਟਾਂ ਸਨ। ਦੋਵਾਂ ਦਾ ਕਤਲ ਬਹੁਤ ਹੀ ਵਹਿਸ਼ੀਆਨਾ ਤਰੀਕੇ ਨਾਲ ਕੀਤਾ ਗਿਆ ਸੀ।

ਗ੍ਰਿਫਤਾਰੀ, ਬ੍ਰਾਮਦਗੀ ਅਤੇ ਵਜ੍ਹਾ ਰੰਜਸ਼: ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਇਸ ਅੰਨ੍ਹੇ ਦੋਹਰੇ ਕਤਲ ਕੇਸ ਦੀ ਹਰ ਪਹਿਲੂ ਤੋ ਬਹੁਤ ਹੀ ਬਰੀਕੀ ਨਾਲ ਤਫਤੀਸ ਕੀਤੀ ਅਤੇ ਮ੍ਰਿਤਕ ਹਰਵਿੰਦਰ ਸਿੰਘ ਉਰਫ ਜੱਗੀ ਦੇ ਦੋਸਤਾਂ, ਗੁਆਂਢੀਆਂ ਅਤੇ ਰਿਸਤੇਦਾਰਾਂ ਆਦਿ 30 ਦੇ ਕਰੀਬ ਵਿਅਕਤੀਆਂ ਪਾਸੋ ਪੁੱਛਗਿੱਛ ਕੀਤੀ ਅਤੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ, ਟੈਕਨੀਕਲ ਪਹਿਲੂ ਅਤੇ ਆਲੇ ਦੁਆਲੇ ਦੇ CCTV ਕੈਮਰਿਆਂ ਨੂੰ ਵੀ ਬਰੀਕੀ ਨਾਲ ਜਾਂਚਿਆ ਗਿਆ ਜੋ ਜਾਂਚ ਪੜਤਾਲ ਦੌਰਾਨ ਹੀ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਕਤਲ ਮਿਤੀ 26.07.2023 ਨੂੰ ਦੁਪਿਹਰ ਕਰੀਬ 1 ਵਜੇ ਤੋਂ 4 ਵਜੇ ਦੇ ਦਰਮਿਆਨ ਹੋਏ ਸਨ ਜੋ ਦੋਸੀ ਹਰਜੀਤ ਸਿੰਘ ਉਰਫ ਕਾਕਾ ਉਕਤ ਦੀ ਕਤਲ ਵਾਲੀ ਥਾਂ ਮੌਜੂਦਗੀ ਦੇ ਪੁਲਿਸ ਪਾਸ ਅਹਿਮ ਸੁਰਾਗ ਮਿਲੇ ਸੀ ਜਿਸ ਤੋ ਕਿ ਅੱਗੇ ਚਲਦੇ ਹੋਏ ਪਟਿਆਲਾ ਪੁਲਿਸ ਨੇ ਦੋਸ਼ੀ ਹਰਜੀਤ ਸਿੰਘ ਨੂੰ ਅੱਜ ਮਿਤੀ 29.07.2023 ਨੂੰ ਤ੍ਰਿਪੜੀ ਦੇ ਏਰੀਆ ਵਿੱਚੋ ਗ੍ਰਿਫਤਾਰ ਕੀਤਾ ਅਤੇ ਇਸ ਦੋਹਰੇ ਕਤਲ ਦੌਰਾਨ ਇਸਦੇ ਆਪਣੇ ਹੱਥਾਂ ਤੇ ਵੀ ਕੁੱਝ ਜਖਮ ਅਤੇ ਝਰੀਟਾਂ ਲੱਗੀਆਂ ਸਨ ਜੋ ਵੀ ਪੁਲਿਸ ਲਈ ਕਾਤਲ ਤੱਕ ਪਹੁੰਚਣ ਵਿੱਚ ਸਹਾਈ ਹੋਈਆਂ। ਇਹ ਦੋਵੇਂ ਕਤਲ ਦੋਸ਼ੀ ਹਰਜੀਤ ਸਿੰਘ ਨੇ ਜੋ ਕਿ ਮ੍ਰਿਤਕਾਂ ਦਾ ਰਿਸ਼ਤੇਦਾਰ ਹੀ ਹੈ, ਨੇ ਗਹਿਣੇ ਅਤੇ ਪੈਸੇ ਲੁੱਟਣ ਦੀ ਨੀਅਤ ਨਾਲ ਕੀਤੇ ਸੀ। ਇਹਨਾਂ ਦੋਵੇਂ ਕਤਲਾਂ ਦਾ ਦੋਸ਼ੀ ਨੇ ਇੰਕਸਾਫ ਕਰ ਲਿਆ ਹੈ ਅਤੇ ਇਸ ਪਾਸੋ ਕਤਲਾਂ ਲਈ ਵਰਤਿਆ ਗਿਆ ਤੇਜਧਾਰ ਚਾਕੂ ਅਤੇ ਲੁੱਟੇ ਗਏ ਗਹਿਣੇ ਵੀ ਬ੍ਰਾਮਦ ਹੋ ਗਏ ਹਨ ਅਤੇ ਪੁਲਿਸ ਪਾਸ ਹੋਰ ਵੀ ਬਹੁਤ ਅਹਿਮ ਸਬੂਤ ਹੱਥ ਲੱਗੇ ਹਨ।

ਇਹ ਦੋਵੇਂ ਕਤਲ ਦੋਸ਼ੀ ਹਰਜੀਤ ਸਿੰਘ ਨੇ ਮ੍ਰਿਤਕਾਂ ਦੇ ਘਰ ਤੋਂ ਗਹਿਣੇ ਅਤੇ ਕੈਸ਼ ਲੁੱਟਣ ਦੀ ਨੀਅਤ ਨਾਲ ਕੀਤੇ ਕਿਉਂਕਿ ਦੋਸ਼ੀ ਹਰਜੀਤ ਸਿੰਘ ਨੂੰ ਵਿਦੇਸ਼ ਜਾਣ ਲਈ ਪੈਸਿਆਂ ਦੀ ਲੋੜ ਸੀ ਅਤੇ ਗੁਆਂਢ ਵਿੱਚ ਹੀ ਰਹਿਣ ਕਰਕੇ ਇਸ ਨੂੰ ਇਹ ਵੀ ਪਤਾ ਸੀ ਕਿ ਗੁਰਮੁੱਖ ਸਿੰਘ ਰਜਿੰਦਰਾ ਹਸਪਤਾਲ ਪਟਿਆਲਾ ਤੋ ਬਤੌਰ ਸਰਕਾਰੀ ਡਰਾਇਵਰ ਰਿਟਾਇਰ ਹੋਇਆ ਹੈ ਅਤੇ ਥੋੜੀ ਦੇਰ ਪਹਿਲਾਂ ਹੀ ਗੁਰਮੁੱਖ ਸਿੰਘ ਨੇ ਆਪਣੀ ਲੜਕੀ ਦੀ ਸ਼ਾਦੀ ਕੀਤੀ ਸੀ ਜਿਸ ਕਰਕੇ ਕਿ ਦੋਸ਼ੀ ਨੂੰ ਘਰ ਵਿੱਚੋ ਮੋਟਾ ਪੈਸਾ ਅਤੇ ਗਹਿਣੇ ਹੱਥ ਲੱਗਣ ਦੀ ਉਮੀਦ ਸੀ। ਮ੍ਰਿਤਕ ਜਸਵੀਰ ਕੌਰ ਦੇ ਕੰਨਾਂ ਦੇ ਸੋਨੇ ਦੇ ਝੂਮਕੇ ਅਤੇ ਕੁੱਝ ਚਾਂਦੀ ਦੇ ਗਹਿਣੇ ਦੋਸ਼ੀ ਦੇ ਹੱਥ ਲੱਗੇ ਸੀ।

ਦੋਸ਼ੀ ਬਾਰੇ ਜਾਣਕਾਰੀ ਅਤੇ ਮ੍ਰਿਤਕਾਂ ਨਾਲ ਸਬੰਧ: ਦੋਸ਼ੀ ਹਰਜੀਤ ਸਿੰਘ ਰਾਜਸਥਾਨ ਦੇ ਜਿਲ੍ਹਾ ਬੂੰਦੀ ਦਾ ਰਹਿਣ ਵਾਲਾ ਹੈ ਅਤੇ ਮ੍ਰਿਤਕ ਜਸਵੀਰ ਕੌਰ ਦੀ ਸਕੀ ਦਰਾਣੀ ਗੁਰਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 10-ਬੀ ਸ਼ਹੀਦ ਉੱਧਮ ਸਿੰਘ ਨਗਰ ਪਟਿਆਲਾ ਦਾ ਸਕਾ ਭਾਣਜਾ ਹੈ ਜੋ ਕਾਫੀ ਦੇਰ ਤੋਂ ਆਪਣੀ ਮਾਸੀ ਦੇ ਘਰ ਆ ਕੇ ਰਹਿੰਦਾ ਸੀ ਜੋ ਕਿ ਇਸ ਦੀ ਮਾਸੀ ਦਾ

ਘਰ ਅਤੇ ਮ੍ਰਿਤਕਾਂ ਦਾ ਘਰ ਬਿਲਕੁੱਲ ਨਾਲ ਨਾਲ ਹਨ ਅਤੇ ਕੰਧ ਸਾਂਝੀ ਹੈ। ਮ੍ਰਿਤਕਾਂ ਦੇ ਘਰ ਦਾ ਵੀ ਦੋਸ਼ੀ ਨੂੰ ਕਾਫੀ ਭੇਤ ਸੀ ਅਤੇ ਦੋਸ਼ੀ ਨੂੰ ਇਹ ਵੀ ਪਤਾ ਸੀ ਕਿ ਗੁਰਮੁੱਖ ਸਿੰਘ ਦਿਨ ਸਮੇਂ ਈ ਰਿਕਸ਼ਾ ਲੈ ਕੇ ਚਲਾ ਜਾਂਦਾ ਹੈ ਅਤੇ ਸ਼ਾਮ 5 ਵਜੇ ਤੋਂ ਬਾਅਦ ਘਰ ਵਾਪਸ ਆਉਂਦਾ ਹੈ ਅਤੇ ਇਸ ਸਮੇਂ ਦੌਰਾਨ ਸਿਰਫ ਮ੍ਰਿਤਕ ਜਸਵੀਰ ਕੌਰ ਹੀ ਘਰ ਹੁੰਦੀ ਹੈ ਜੋ ਵਾਰਦਾਤ ਵਾਲੇ ਦਿਨ ਦੋਸ਼ੀ ਹਰਜੀਤ ਸਿੰਘ ਨੇ ਮ੍ਰਿਤਕਾਂ ਦੇ ਘਰ ਅੰਦਰ ਵੜ੍ਹ ਕੇ ਸਭ ਤੋਂ ਪਹਿਲਾਂ ਜਸਵੀਰ ਕੌਰ ਤੇ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ। ਇਸੇ ਦੌਰਾਨ ਹੀ ਉਸਦਾ ਲੜਕਾ ਹਰਵਿੰਦਰ ਸਿੰਘ ਉਰਫ ਜੱਗੀ ਉਪਰੋਂ ਨੀਚੇ ਆ ਗਿਆ ਸੀ ਜਿਸ ਪਰ ਵੀ ਇਸਨੇ ਤੇਜਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਵਾਰ ਕੀਤੇ ਜੋ ਹਰਵਿੰਦਰ ਸਿੰਘ ਉਰਫ ਜੱਗੀ ਸਰੀਰਕ ਤੌਰ ਪਰ ਦੋਸ਼ੀ ਤੋ ਕਾਫੀ ਕਮਜੋਰ ਸੀ ਜਿਸ ਕਾਰਨ ਕਿ ਦੋਸ਼ੀ ਨੇ ਦੋਵਾਂ ਨੂੰ ਹੀ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਅਤੇ ਲਾਸ਼ਾਂ ਨੂੰ ਵੀ ਖਿੱਚ ਕੇ ਬਾਥਰੂਮ ਵਿੱਚ ਲੈ ਗਿਆ ਅਤੇ ਫਿਰ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਵਾਰਦਾਤ ਤੋਂ ਬਾਅਦ ਦੋਸ਼ੀ ਹਰਜੀਤ ਸਿੰਘ ਕੋਠੇ ਤੋ ਹੀ ਆਪਣੀ ਮਾਸੀ ਦੇ ਨਾਲ ਦੇ ਘਰ ਵਿੱਚ ਦਾਖਲ ਹੋ ਗਿਆ ਸੀ।

ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸੀ ਹਰਜੀਤ ਸਿੰਘ ਉਕਤ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨੂੰ ਪੇਸ ਅਦਾਲਤ ਕਰਕੇ, ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।