Preneet Kaur Launched Saptarishi tree Plantation Project
July 10, 2018 - PatialaPolitics
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਨਾਉਣ ਲਈ ਸ਼ੁਰੂ ਕੀਤੇ ਘਰ-ਘਰ ਹਰਿਆਲੀ ਪ੍ਰਾਜੈਕਟ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ‘ਸਪਤਰਿਸ਼ੀ ਪ੍ਰਾਜੈਕਟ’ ਤਹਿਤ ਇੱਕ ਦਿਨ ‘ਚ ਇੱਕ ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਪਟਿਆਲਾ ਬਲਾਕ ਦੇ ਸਰਹਿੰਦ ਰੋਡ ‘ਤੇ ਸਥਿਤ ਪਿੰਡ ਅਮਾਮਪੁਰ ਤੋਂ ‘ਸੁਖਚੈਨ’ ਦਾ ਬੂਟਾ ਲਗਾ ਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਸੱਦਾ ਵੀ ਦਿੱਤਾ ਕਿ ਰਾਜ ਨੂੰ ਤੰਦਰੁਸਤ ਅਤੇ ਹਰਿਆ ਭਰਿਆ ਬਨਾਉਣ ਬਨਾਉਣ ਲਈ ਹਰ ਵਿਅਕਤੀ ਬੂਟੇ ਲਾਕੇ ਇਨ੍ਹਾਂ ਦੀ ਸੰਭਾਲ ਕਰੇ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਵੀ ਬੂਟੇ ਲਾਉਣ ਲਈ ਅੱਗੇ ਆਵੇ।
ਇਸ ਸਪਤਰਿਸ਼ੀ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵਾਂ ਰਿਕਾਰਡ ਕਾਇਮ ਕਰਦਿਆਂ ਅੱਜ ਇੱਕ ਦਿਨ ‘ਚ ਕਰੀਬ 14 ਕਿਸਮਾਂ ਦੇ 1 ਲੱਖ ਬੂਟੇ ਲਗਾਏ, ਜਦੋਂਕਿ ਬਾਕੀ ਦੇ ਇੱਕ ਲੱਖ ਬੂਟੇ ਇੱਕ ਸਾਲ ਦੇ ਅੰਦਰ-ਅੰਦਰ ਲਾਏ ਜਾਣਗੇ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਇੱਕ ਵੈਬਸਾਇਟ ‘ਸਪਤਾਰਿਸ਼ੀ ਪਟਿਆਲਾ ਡਾਟ ਕਾਮ’ ਵੀ ਲਾਂਚ ਕੀਤੀ, ਜਿਸ ਜਰੀਏ ਇਨ੍ਹਾਂ ਬੂਟਿਆਂ ਦੀ ਨਿਗਰਾਨੀ ਆਨ ਲਾਇਨ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਇਨ੍ਹਾਂ ਬੂਟਿਆਂ ਦੀ ਪ੍ਰਗਤੀ ਇਸ ਵੈਬਸਾਇਟ ਤੋਂ ਦੇਖ ਸਕੇਗਾ, ਕਿਉਂਕਿ ਗ੍ਰਾਮ ਰੋਜ਼ਗਾਰ ਸਹਾਇਕ ਹਰ 15 ਦਿਨਾਂ ਬਾਅਦ ਇਨ੍ਹਾਂ ਬੂਟਿਆਂ ਦੀ ਤਸਵੀਰ ਖਿਚ ਕੇ ਇਸ ‘ਤੇ ਅਪਲੋਡ ਕਰੇਗਾ ਤੇ ਕਮਜੋਰ ਜਾਂ ਮੁਰਝਾਏ ਬੂਟੇ ਤੁਰੰਤ ਬਦਲੇ ਜਾਣਗੇ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਤੰਦਰੁਸਤ ਅਤੇ ਹਰਿਆ-ਭਰਿਆ ਬਨਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਜਿਸ ਨੂੰ ਪੂਰਾ ਕਰਨ ਲਈ ਦਰਜਨ ਦੇ ਕਰੀਬ ਵਿਭਾਗਾਂ ਨੇ ਆਪਣੇ ਯਤਨ ਜੰਗੀ ਪੱਧਰ ‘ਤੇ ਅਰੰਭੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਯਤਨਾਂ ਦੇ ਨਾਲ-ਨਾਲ ਹਰ ਨਾਗਰਿਕ ਨੂੰ ਵੀ ਜਿੰਮੇਵਾਰ ਬਨਣਾ ਪਵੇਗਾ ਤਾਂ ਹੀ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਇਆ ਜਾ ਸਕੇਗਾ।
ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ‘ਚ ਇੱਕਸਾਰ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੇ ਖਾਤਮੇ ਲਈ ਸਪਲਾਈ ਲਾਇਨ ਤੋੜ ਦਿੱਤੀ ਗਈ ਹੈ ਜਦੋਂਕਿ ਸਾਡੇ ਗੁੰਮਰਾਹ ਹੋਏ ਨੌਜਵਾਨਾਂ ਦੇ ਇਲਾਜ ਲਈ ਵੀ ਸਰਕਾਰ ਗੰਭੀਰ ਹੈ। ਉਨ੍ਹਾਂ ਨੇ ਪਿੰਡ ਅਮਾਮਪੁਰ ਦੇ ਵਿਕਾਸ ਲਈ ਸਰਪੰਚ ਰਣਧੀਰ ਸਿੰਘ ਵੱਲੋਂ ਰੱਖੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵਣ ਵਿਭਾਗ ਦੀ ਮਦਦ ਨਾਲ ਅਰਜਨ, ਜਾਮਣ, ਅੰਬ, ਸੁਖਚੈਨ, ਡੇਕ, ਕੈਸੀਆਸੀਮਿਆ, ਨਿੰਮ, ਸ਼ੀਸਮ, ਸੋਹਾਂਜਨਾ, ਵਿਲੇ, ਸੀਰਸ, ਪਿੱਪਲ, ਬੋਹੜ ਅਤੇ ਪਿਲਕਹਮ ਆਦਿ ਦੇ ਲਗਾਏ ਜਾਣ ਵਾਲੇ ਬੂਟਿਆਂ ਦੀ ਸੰਭਾਲ ਮਗਨਰੇਗਾ ਜਾਬ ਕਾਰਡ ਧਾਰਕ ਕਰਨਗੇ। ਇਨ੍ਹਾਂ ਬੂਟਿਆਂ ਤੋਂ ਹੋਣ ਵਾਲੀ ਆਮਦਨ ਪਿੰਡ ਪੰਚਾਇਤਾਂ ਵਰਤ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇੱਕ ਜਾਬ ਕਾਰਡ ਧਾਰਕ (ਇੱਕ ਪਰਿਵਾਰ) ਨੂੰ 200 ਬੂਟੇ ਸੰਭਾਲਣ ਲਈ 100 ਦਿਨਾਂ ਦਾ ਰੁਜ਼ਗਾਰ ਇੱਕ ਵਿਤੀ ਵਰ੍ਹੇ ਦੌਰਾਨ ਮਿਲੇਗਾ।
ਇਸ ਦੌਰਾਨ ਸੀਨੀਅਰ ਆਗੂ ਦੀਦਾਰ ਸਿੰਘ ਦੌਣਕਲਾਂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸ਼ੌਕਤ ਅਹਿਮਦ ਪਰੇ, ਬੀ.ਡੀ.ਪੀ.ਓ. ਵਿਨੀਤ ਸ਼ਰਮਾ, ਕੈਂਸਰ ਕੇਅਰ ਐਂਡ ਅਵੇਅਰਨੈਸ ਸੁਸਾਇਟੀ ਵੱਲੋਂ ਡਾ. ਜਗਬੀਰ ਸਿੰਘ, ਜਤਵਿੰਦਰ ਸਿੰਘ ਗਰੇਵਾਲ, ਵਣ ਰੇਂਜ ਅਫ਼ਸਰ ਬਲਬੀਰ ਸਿੰਘ ਢਿੱਲੋਂ, ਬੀਟ ਇੰਚਾਰਜ ਅਮਨ ਅਰੋੜਾ, ਗੁਰਦੀਪ ਸਿੰਘ ਲੰਗ, ਸੁਰਜੀਤ ਸਿੰਘ ਲੰਗ, ਸੁਖਵਿੰਦਰ ਸਿੰਘ ਫੱਗਣਮਾਜਰਾ, ਰਵੀ ਨੰਦ ਪੁਰ ਕੇਸ਼ੋ, ਮਦਨ ਲਾਲ ਸਿਊਨਾ, ਹਰਭਜਨ ਸਿੰਘ ਮਾਜਰੀ ਅਕਾਲੀਆਂ, ਜਗੀਰ ਸਿੰਘ ਸਰਪੰਚ ਕਾਲਵਾ, ਸੁਖਵਿੰਦਰ ਸਿੰਘ ਖਲੀਫ਼ੇਵਾਲ, ਰਘਬੀਰ ਸਿੰਘ ਕਨਸੂਹਾ, ਪਰਮੋਦ ਭਾਰਦਵਾਜ ਆਲੋਵਾਲ, ਨੇੜਲੇ ਪਿੰਡਾਂ ਦੇ ਪੰਚ-ਸਰਪੰਚ, ਪਿੰਡ ਅਮਾਮਪੁਰ ਦੇ ਵਾਸੀ ਤੇ ਹੋਰ ਪਤਵੰਤੇ ਮੌਜੂਦ ਸਨ।