Patiala: Passing out parade of Deputy and Assistant Superintendents, Warders and Matrons of Jails

August 28, 2023 - PatialaPolitics

Patiala: Passing out parade of Deputy and Assistant Superintendents, Warders and Matrons of Jails

ਪਟਿਆਲਾ, 28 ਅਗਸਤ:

ਏ.ਡੀ.ਜੀ.ਪੀ. ਜੇਲ੍ਹਾਂ ਅਰੁਣਪਾਲ ਸਿੰਘ ਨੇ ਅੱਜ ਇੱਥੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਪੰਜਾਬ ਜੇਲ ਵਿਭਾਗ ਦੇ 4 ਡਿਪਟੀ ਸੁਪਰਡੈਂਟਾਂ, 85 ਵਾਰਡਰਾਂ ਤੇ 8 ਮੈਟਰਨਜ਼ ਸਮੇਤ ਹਿਮਾਚਲ ਪ੍ਰਦੇਸ਼ ਦੇ 5 ਸਹਾਇਕ ਸੁਪਰਡੈਂਟਾਂ ਦੀ ਪਾਸਿੰਗ ਆਊਟ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਆਪਣੇ ਸੰਬੋਧਨ ਮੌਕੇ ਏ.ਡੀ.ਜੀ.ਪੀ. ਅਰੁਣਪਾਲ ਸਿੰਘ ਨੇ ਕਿਹਾ ਕਿ ਇਸ ਸਿਖਲਾਈ ਦੌਰਾਨ ਜੇਲ੍ਹਾਂ ਵਿੱਚ ਹਾਈ ਰਿਸਕ ਬੰਦੀਆਂ ਤੇ ਇਨ੍ਹਾਂ ਦੇ ਆਪਸ ‘ਚ ਝਗੜਿਆਂ, ਸਮਰੱਥਾ ਤੋਂ ਜ਼ਿਆਦਾਂ ਕੈਦੀਆਂ ਸਮੇਤ ਜੇਲ ਵਿਭਾਗ ਦੇ ਮੰਤਵ ‘ਬੰਦੀ, ਸੰਭਾਲ ਅਤੇ ਸੁਧਾਰ (ਕਸਟਡੀ, ਕੇਅਰ ਐਂਡ ਕੁਰੈਕਸ਼ਨ)’ ਦੀ ਪੂਰਤੀ ਕਰਨ ਤੋਂ ਇਲਾਵਾ ਅਦਾਲਤਾਂ, ਕਮਿਸ਼ਨਾਂ ਅਤੇ ਜੇਲ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਸਿਖਾਈ ਜਾਂਦੀ ਹੈ।

ਏ.ਡੀ.ਜੀ.ਪੀ. ਨੇ ਕਿਹਾ ਕਿ ਮੌਜੂਦਾ ਸਮੇਂ ਜੇਲ੍ਹਾਂ ਵਿੱਚ ਸੇਵਾ ਨਿਭਾਅ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਨਿੱਤ ਨਵੀਂਆਂ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਨਾਲ ਨਜਿੱਠਣ ਲਈ ਇਹ ਟ੍ਰੇਨਿੰਗ ਕਾਫ਼ੀ ਸਹਾਈ ਹੋਵੇਗੀ। ਉਨ੍ਹਾਂ ਨੇ ਪਾਸਿੰਗ ਆਊਟ ਪਰੇਡ ਦੌਰਾਨ 102 ਟ੍ਰੇਨੀਆਂ ਵੱਲੋਂ ਵਰ੍ਹਦੇ ਮੀਂਹ ਵਿੱਚ ਦਿਖਾਈ ਗਈ ਦ੍ਰਿੜਤਾ ਅਤੇ ਹੌਂਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਤੇ ਟ੍ਰੇਨੀਆਂ ਨੂੰ ਸਫ਼ਲ ਸਿਖਲਾਈ ਲਈ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਇਸ ਟ੍ਰੇਨਿੰਗ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਿਹੜੀ ਸਿਖਲਾਈ ਹਾਸਲ ਕੀਤੀ ਹੈ, ਉਹ ਉਨ੍ਹਾਂ ਦੇ ਫੀਲਡ ਡਿਊਟੀ ਵਿੱਚ ਕੰਮ ਆਵੇਗੀ।

ਇਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਰਿਪੋਰਟ ਪੇਸ਼ ਕੀਤੀ ਅਤੇ ਦੱਸਿਆ ਕਿ ਵੱਖ-ਵੱਖ ਜੇਲ੍ਹਾਂ ਦੇ ਡਿਪਟੀ ਤੇ ਸਹਾਇਕ ਸੁਪਰਡੈਂਟਜ਼, ਵਾਰਡਰਜ਼ ਤੇ ਮੈਟਰਨਜ਼ ਦੇ ਬੈਚ ਨੰਬਰ 93, 94, 95 ਅਤੇ 96 ਦੀ ਪਾਸਿੰਗ ਆਊਟ ਪ੍ਰੇਡ ਕਰਵਾਈ ਗਈ ਹੈ। ਸਮਾਰੋਹ ਦੇ ਅੰਤ ਵਿੱਚ ਵਾਇਸ ਪ੍ਰਿੰਸੀਪਲ ਮੁਕੇਸ਼ ਕੁਮਾਰ ਸ਼ਰਮਾ ਨੇ ਧੰਨਵਾਦ ਕੀਤਾ। ਟ੍ਰੇਨਿੰਗ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਟ੍ਰੇਨੀਜ਼ ਨੂੰ ਏ.ਡੀ.ਜੀ.ਪੀ. ਅਰੁਣਪਾਲ ਸਿੰਘ ਵੱਲੋਂ ਸਨਮਾਨਤ ਵੀ ਕੀਤਾ ਗਿਆ। ਟ੍ਰੇਨੀਆਂ ਨੇ ਮਾਰਸ਼ਲ ਆਰਟ ਅਤੇ ਭੰਗੜੇ ਦੀ ਵੀ ਪੇਸ਼ਕਾਰੀ ਕੀਤੀ।

ਸਮਾਰੋਹ ਮੌਕੇ ਆਈ.ਜੀ. ਜੇਲਾਂ ਰੂਪ ਕੁਮਾਰ ਅਰੋੜਾ, ਡੀ.ਆਈ.ਜੀ. ਸੁਰਿੰਦਰ ਸਿੰਘ ਸੈਣੀ, ਐਸ.ਪੀ ਸਥਾਨਕ ਹਰਬੰਤ ਕੌਰ, ਡੀ.ਐਸ.ਪੀ. ਸੁਖਅੰਮ੍ਰਿਤ ਸਿੰਘ ਰੰਧਾਵਾ ਸਮੇਤ ਪਟਿਆਲਾ, ਲੁਧਿਆਣਾ, ਸੰਗਰੂਰ, ਨਾਭਾ, ਬਰਨਾਲਾ ਤੇ ਮਲੇਰਕੋਟਲਾ ਜੇਲ੍ਹਾਂ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ, ਸ਼ਿਵਰਾਜ ਸਿੰਘ ਨੰਦਗੜ੍ਹ, ਮਨਜੀਤ ਸਿੰਘ ਟਿਵਾਣਾ, ਰਮਨਦੀਪ ਸਿੰਘ ਭੰਗੂ, ਕੁਲਵਿੰਦਰ ਸਿੰਘ, ਗੁਰਮੁੱਖ ਸਿੰਘ, ਪਰਦਮਨ ਸਿੰਘ ਵੀ ਮੌਜੂਦ ਸਨ।