Free treatment for some TB in Punjab

July 15, 2018 - PatialaPolitics

ਟੀ.ਬੀ. ਦੇ ਉਨ੍ਹਾਂ ਮਰੀਜ਼ ਦਾ ਇਲਾਜ ਸਰਕਾਰ ਮੁਫ਼ਤ ਕਰੇਗੀ ਜਿਨ੍ਹਾਂ ‘ਤੇ ਸਾਧਾਰਨ ਦਵਾਈ ਅਸਰ ਨਹੀਂ ਕਰਦੀ : ਸਿਹਤ ਮੰਤਰੀ
ਇੱਕ ਮਰੀਜ਼ ਦਾ ਸਾਲਾਨਾ ਖ਼ਰਚ ਕਰੀਬ ਸਾਢੇ 9 ਲੱਖ ਰੁਪਏ ਹੋਵੇਗਾ
16 ਜੁਲਾਈ ਤੋਂ ਇਲਾਜ ਦੀ ਸ਼ੁਰੂਆਤ ਟੀ.ਬੀ. ਹਸਪਤਾਲ ਪਟਿਆਲਾ ਤੋਂ
ਪੰਜ ਸੌ ਰੁਪਏ ਹਰੇਕ ਟੀ.ਬੀ. ਮਰੀਜ਼ ਨੂੰ ਹਰ ਮਹੀਨੇ ਪੌਸ਼ਟਿਕ ਖ਼ੁਰਾਕ ਲਈ ਦਿੱਤੇ ਜਾਂਦੇ ਹਨ – ਬ੍ਰਹਮ ਮਹਿੰਦਰਾ
ਪੰਜਾਬ ਵਿਚ 77 ਅਤੇ ਪਟਿਆਲਾ ਜ਼ੋਨ ‘ਚ ਪੈਂਦੇ 8 ਜ਼ਿਲਿਆਂ ਵਿਚ 22 ਮਰੀਜ਼ ਇਸ ਘਾਤਕ ਬਿਮਾਰੀ ਤੋਂ ਪੀੜਤ
ਪਟਿਆਲਾ, 15 ਜੁਲਾਈ:
ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੁਣ ਟੀ.ਬੀ. ਦੇ ਉਨ੍ਹਾਂ ਮਰੀਜ਼ਾਂ ਲਈ ਜਿਨ੍ਹਾਂ ਦਾ ਇਲਾਜ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਪ੍ਰੰਤੂ ਉਨ੍ਹਾਂ ਉਪਰ ਟੀ.ਬੀ. ਦੀਆਂ ਸਾਧਾਰਨ ਦਵਾਈਆਂ ਅਸਰ ਨਹੀਂ ਕਰ ਰਹੀਆਂ ਸਨ ਅਤੇ ਦੂਸਰੀਆਂ ਦਵਾਈਆਂ ਮਹਿੰਗੀਆਂ ਹੋਣ ਕਾਰਨ ਉਹ ਇਲਾਜ ਕਰਵਾਉਣ ਵਿਚ ਅਸਮਰਥ ਸਨ ਲਈ ਹੁਣ ਉਨ੍ਹਾਂ ਮਰੀਜ਼ਾ ਦਾ ਇਲਾਜ ਸੂਬਾ ਸਰਕਾਰ ਵਲੋਂ ਮੁਫ਼ਤ ਕੀਤਾ ਜਾਵੇਗਾ ਅਤੇ ਇਸ ਦੀ ਸ਼ੁਰੂਆਤ ਪਟਿਆਲਾ ਦੇ ਟੀ.ਬੀ. ਹਸਪਤਾਲ ਵਿਚੋਂ 16 ਜੁਲਾਈ ਤੋਂ ਕੀਤੀ ਜਾ ਰਹੀ ਹੈ ਅਜਿਹੇ ਹਰੇਕ ਮਰੀਜ਼ ਨੂੰ ਕਰੀਬ ਸਾਢੇ 9 ਲੱਖ ਰੁਪਏ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਤੰਦਰੁਸਤੀ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਪੰਜਾਬ ਵਿਚ ਟੀ.ਬੀ ਦੇ ਮਰੀਜ਼ ਲਈ ਸਰਕਾਰ ਵਲੋਂ ਮਹਿੰਗਾ ਇਲਾਜ ਵੀ ਮੁਫ਼ਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਵਾਈ ਤੋਂ ਇਲਾਵਾ ਟੀ.ਬੀ. ਦੇ ਸਾਰੇ ਮਰੀਜ਼ਾਂ ਨੂੰ 500 ਰੁਪਏ ਮਹੀਨਾ ਪੌਸ਼ਟਿਕ ਆਹਾਰ ਲਈ ਵੀ ਦਿੱਤਾ ਜਾਂਦਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ 22 ਹਜ਼ਾਰ ਟੀ.ਬੀ. ਮਰੀਜ਼ ਹਨ ਜਿਨ੍ਹਾਂ ਵਿਚੋਂ 400 ਮਰੀਜ਼ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਉਪਰ ਟੀ.ਬੀ. ਦੀ ਸਾਧਾਰਨ ਦਵਾਈ ਦਾ ਅਸਰ ਨਹੀਂ ਹੁੰਦਾ ਅਤੇ ਉਨ੍ਹਾਂ ਵਿਚੋਂ 77 ਮਰੀਜ਼ ਇਸ ਤਰਾਂ ਦੇ ਹਨ ਜੋ ਬੇਡਾਕਿਉਲਾਈਨ (Bedaquiline) ਦਵਾਈ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਇਸ ਦਵਾਈ ਦੀ ਇਕ ਗੋਲੀ ਦੀ ਕੀਮਤ 5 ਹਜ਼ਾਰ ਰੁਪਏ ਹੈ ਅਤੇ ਇੱਕ ਮਰੀਜ਼ ਨੂੰ ਕੋਰਸ ਪੂਰਾ ਕਰਨ ਲਈ 188 ਗੋਲੀਆਂ ਦਿੱਤੀਆਂ ਜਾਣੀਆਂ ਹਨ ਭਾਵ ਇੱਕ ਮਰੀਜ਼ ਦਾ ਖ਼ਰਚ ਸਾਢੇ 9 ਲੱਖ ਦੇ ਕਰੀਬ ਬਣਦਾ ਹੈ ਪਰ ਪੰਜਾਬ ਸਰਕਾਰ ਵਲੋਂ ਇਹ ਇਲਾਜ ਮੁਫ਼ਤ ਕੀਤਾ ਜਾਵੇਗਾ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਦੇਸ਼ ਦੇ ਚੌਣਵੇਂ ਰਾਜਾਂ ਵਿਚੋਂ ਹੈ ਜਿਥੇ ਇਹ ਦਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਇਹ ਟੀ.ਬੀ. ਹਸਪਤਾਲ ਪਟਿਆਲਾ ਵਿਖੇ 16 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ੋਨ ਵਿਚ 8 ਜ਼ਿਲ੍ਹੇ ਸ਼ਾਮਲ ਹਨ ਜਿਸ ਵਿਚ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ, ਫਤਹਿਗੜ੍ਹ ਸਾਹਿਬ, ਰੋਪੜ, ਮੋਹਾਲੀ ਅਤੇ ਲੁਧਿਆਣਾ ਹਨ। ਉਸ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਜੀ.ਜੀ.ਐਸ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਵੀ ਜਲਦੀ ਹੀ ਇਸ ਦਵਾਈ ਨਾਲ ਇਲਾਜ ਸ਼ੁਰੂ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਪਟਿਆਲਾ ਜ਼ੋਨ ਵਿਚ ਕੁੱਲ 22 ਮਰੀਜ਼ ਹਨ ਜੋ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ ਅਤੇ ਅੱਜ ਸ਼ੁਰੂਆਤ ਮੌਕੇ ਇਹ ਤਿੰਨ ਮਰੀਜ਼ਾਂ ‘ਤੇ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰਨਾਂ ਮਰੀਜ਼ਾਂ ਉਪਰ ਵੀ ਇਸ ਦਾ ਉਪਯੋਗ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਉਨ੍ਹਾਂ ਨੂੰ 15 ਦਿਨ ਦਾਖਲ ਵੀ ਰੱਖਿਆ ਜਾਵੇਗਾ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਰਾਸ਼ਟਰੀ ਪੱਧਰ ‘ਤੇ ਮਿਥੇ ਟੀਚੇ ਕਿ 2025 ਤੱਕ ਦੇਸ਼ ਨੂੰ ਟੀ.ਬੀ ਮੁਕਤ ਕਰਨਾ ਹੈ ਉਥੇ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿਚੋਂ 2022 ਤੱਕ ਟੀ.ਬੀ. ਦੀ ਬਿਮਾਰੀ ਦਾ ਖ਼ਾਤਮਾ ਕਰ ਦਿੱਤਾ ਜਾਵੇ।