Patiala gets 714 lakh for development

July 17, 2018 - PatialaPolitics

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਲਈ 714 ਲੱਖ ਰੁਪਏ ਹੋਰ ਜਾਰੀ ਕੀਤੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਚੌਕ ਤੋਂ ਬੱਸ ਅੱਡੇ ਨੂੰ ਜਾਂਦੀ ਸੜਕ ਨੂੰ ਮਜ਼ਬੂਤ ਕਰਨ ਲਈ 180 ਲੱਖ ਰੁਪਏ ਜਾਰੀ ਕੀਤੇ ਹਨ ਜਿਸ ਤਹਿਤ ਸੜਕ ਦੇ ਨਾਲ-ਨਾਲ 17 ਨੰਬਰ (ਬੱਸ ਸਟੈਂਡ) ਫਲਾਈ ਓਵਰ ਉਪਰਲੀ ਸੜਕ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸਰਹਿੰਦ ਰੋਡ ਤੇ ਉਤਰੀ ਬਾਈਪਾਸ ਚੌਕ ਤੋਂ ਬਾਰਨ ਪਿੰਡ ਤੱਕ ਸਰਹਿੰਦ ਰੋਡ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਵੱਲੋਂ 400 ਲੱਖ ਰੁਪਏ ਜਾਰੀ ਕੀਤੇ ਹਨ ਇਸ ਨਾਲ ਲੰਮੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਟੁੱਟ ਚੁੱਕੀ ਇਸ ਸੜਕ ਨੂੰ ਪ੍ਰੀਮਿਕਸ ਪਾਕੇ ਮਜ਼ਬੂਤ ਕੀਤਾ ਜਾਵੇਗਾ ਅਤੇ ਟੁੱਟੀਆਂ ਗਰਿਲਾਂ ਵੀ ਬਦਲੀਆਂ ਜਾਣਗੀਆ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਵੱਲੋਂ ਸ਼ਹਿਰ ਵਾਲੇ ਪਾਸੇ ਤੋਂ ਬੀਰ ਜੀ ਸ਼ਮਸ਼ਾਨਘਾਟ ਵੱਲ ਜਾਣ ਸਮੇਂ ਰਾਜਪੁਰਾ ਸੜਕ ‘ਤੇ ਸੜਕ ਪਾਰ ਕਰਨ ਮੌਕੇ ਵਾਪਰਦੇ ਹਾਦਸਿਆਂ ਨੂੰ ਦਾ ਮਾਮਲਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਦੇ ਧਿਆਨ ਵਿਚ ਲਿਆਉਣ ਉਪਰੰਤ ਸ਼੍ਰੀਮਤੀ ਪਰਨੀਤ ਕੌਰ ਵਲੋਂ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਮੁੱਖ ਮੰਤਰੀ ਨੇ ਇਸਦਾ ਪੱਕਾ ਹੱਲ ਕੱਢਣ ਲਈ 134 ਲੱਖ ਰੁਪਏ ਜਾਰੀ ਵੀ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪਟਿਆਲਾ ਸ਼ਹਿਰ ਤੇ ਵੀਰ ਜੀ ਸ਼ਮਸ਼ਾਨਘਾਟ ਆਣ-ਜਾਣ ਲਈ ਪੀ.ਆਰ.ਟੀ.ਸੀ. ਦੀ ਵਰਕਸ਼ਾਪ ਤੋਂ ਲੈਕੇ ਅਗਰਸੈਨ ਹਸਪਤਾਲ ਤੱਕ ਰਾਜਪੁਰਾ ਸੜਕ ਨੂੰ ਪਾਰ ਕਰਨ ਲਈ ਇਕ 7 ਮੀਟਰ ਚੌੜਾ ਤੇ ਪੋਣੇ ਚਾਰ ਮੀਟਰ ਉੱਚਾ ਅੰਡਰ ਪਾਥ (ਜ਼ਮੀਨਦੋਜ਼ ਰਸਤਾ) ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਪਟਿਆਲਾ ਸ਼ਹਿਰ ਤੋਂ ਵੀਰ ਜੀ ਸ਼ਮਸ਼ਾਨਘਾਟ ਲਈ ਅੰਤਿਮ ਸੰਸਕਾਰ ਲਈ ਜਾਣ ਵਾਸਤੇ ਸ਼ਹਿਰ ਵਾਸੀ ਪਟਿਆਲਾ ਰਾਜਪੁਰਾ ਸੜਕ ‘ਤੇ ਚੜੇ ਬਿਨਾਂ ਹੀ ਬਣਨ ਵਾਲੇ ਇਸ ਜ਼ਮੀਨਦੋਜ਼ ਰਸਤੇ ਰਾਹੀਂ ਅੰਤਿਮ ਯਾਤਰਾ ਵੈਨ ਸਮੇਤ ਸੜਕ ਪਾਰ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਅੰਡਰ ਪਾਥ ਬਣਨ ਨਾਲ ਸੜਕ ਪਾਰ ਕਰਨ ਮੌਕੇ ਵਾਪਰਦੇ ਸੜਕੀ ਹਾਦਸਿਆਂ ਤੋਂ ਨਿਜਾਤ ਮਿਲੇਗੀ।