Govt Rajindra Hospital doctors save 76 years old patient with heart attack by new technique

September 10, 2023 - PatialaPolitics

Govt Rajindra Hospital doctors save 76 years old patient with heart attack by new technique

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਰਾਜਿੰਦਰਾ ਹਸਪਤਾਲ ‘ਚ ਇਲਾਜ ਲਈ ਵਰਤੀ ਜਾ ਰਹੀ ਨਵੀਂ ਤਕਨੀਕ ਦਿਲ ਦੇ ਰੋਗੀਆਂ ਲਈ ਬਣੀ ਵਰਦਾਨ

-ਦਿਲ ਦੇ ਰੋਗ ਵਿਭਾਗ ਨੇ ਆਪਣੀ ਕਿਸਮ ਦੀ ਪਹਿਲੀ ਕੋਰੋਨਰੀ ਸ਼ੌਕਵੇਵ ਲਿਥੋਟ੍ਰਿਪਸੀ ਨਾਲ ਮਰੀਜ ਦੇ ਦਿਲ ਦਾ ਕੀਤਾ ਸਫ਼ਲ ਇਲਾਜ

ਪਟਿਆਲਾ, 10 ਸਤੰਬਰ:

ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਇਲਾਜ ਲਈ ਵਰਤੀ ਜਾ ਰਹੀ ਨਵੀਂ ਤਕਨੀਕ ਦਿਲ ਦੇ ਰੋਗੀਆਂ ਲਈ ਜਿਥੇ ਨਵੀਂ ਉਮੀਦ ਜਗਾ ਰਿਹਾ ਹੈ ਉਥੇ ਹੀ ਹਸਪਤਾਲ ਦੇ ਦਿਲ ਦੇ ਰੋਗ ਵਿਭਾਗ ਮਰੀਜਾਂ ਲਈ ਵਰਦਾਨ ਵੀ ਸਾਬਤ ਹੋ ਰਿਹਾ ਹੈ।ਇੱਥੇ ਆਪਣੀ ਕਿਸਮ ਦੀ ਪਹਿਲੀ ਕੋਰੋਨਰੀ ਸ਼ੌਕਵੇਵ ਲਿਥੋਟ੍ਰਿਪਸੀ ਨਾਲ ਮਰੀਜ ਦੇ ਦਿਲ ਦਾ ਸਫ਼ਲ ਇਲਾਜ ਕੀਤਾ ਗਿਆ ਹੈ।

ਰਜਿੰਦਰਾ ਹਸਪਤਾਲ ਕਾਰਡੀਓਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਇੰਚਾਰਜ ਡਾ. ਸੌਰਭ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਕਾਰਡੀਓਲੋਜੀ ਵਿਭਾਗ ਵਿਖੇ ਇੱਕ ਨਵੀਂ ਇਲਾਜ ਪ੍ਰਣਾਲੀ ਕੋਰੋਨਰੀ ਸ਼ੌਕਵੇਵ ਲਿਥੋਟ੍ਰੀਪਸੀ ਬੈਲੂਨ ਸ਼ੁਰੂ ਕੀਤੀ ਗਈ ਹੈ, ਜਿਹੜੀ ਕਿ ਉਹਨਾਂ ਮਰੀਜ਼ਾਂ ਲਈ ਲਾਭਕਾਰੀ ਹੈ ਜਿਹੜੇ ਗੰਭੀਰ ਕੈਲਸੀਫਿਕੇਸ਼ਨ ਕਾਰਨ ਦਿਲ ਵਿੱਚ ਰੁਕਾਵਟ ਤੋਂ ਪ੍ਰਭਾਵਤ ਹਨ। ਅਜਿਹੇ ਮਰੀਜ਼ਾਂ ਦੇ ਇਲਾਜ ਲਈ ਆਮ ਐਂਜੀਓਪਲਾਸਟੀ ਤਕਨੀਕ ਸੰਭਵ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਦਿਲ ਦਾ ਦੌਰਾ ਪੈਣ ‘ਤੇ ਇੱਕ 76 ਸਾਲ ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਭਰਤੀ ਕੀਤਾ ਗਿਆ ਜਿਸਦਾ ਇਸ ਨਵੀਂ ਪ੍ਰਕਿਰਿਆ ਨਾਲ ਇਲਾਜ ਕੀਤਾ ਗਿਆ।

 

ਡਾ. ਸੌਰਭ ਸ਼ਰਮਾ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਾਇਆ ਗਿਆ ਕਿ ਮਰੀਜ਼ ਨੂੰ 99 ਪ੍ਰਤੀਸ਼ਤ ਬਲਾਕੇਜ ਸੀ ਜਿਸ ਵਿੱਚ ਗੰਭੀਰ ਰੂਪ ਵਿੱਚ ਕੈਲਸੀਅਮ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਰੋਟੇਬੇਸ਼ਨ ਕਰਕੇ ਕੈਲਸ਼ੀਅਮ ਨੂੰ ਤੋੜਨ ਲਈ ਇੱਕ ਹੀਰਾ ਕੋਟੇਡ ਬਰਰ ਦੀ ਵਰਤੋਂ ਕਰਦਿਆਂ ਮਰੀਜ ਦੇ ਦਿਲ ਦੀ ਧਮਣੀ ਵਿੱਚ ਡੂੰਘੇ ਜੰਮੇ ਕੈਲਸ਼ੀਅਮ ਨੂੰ ਤੋੜਨ ਲਈ ਸ਼ੌਕਵੇਵ ਲਿਥੋਟ੍ਰੀਪਸੀ ਦੀ ਵਰਤੋਂ ਕੀਤੀ ਅਤੇ ਧਮਣੀ ਨੂੰ ਖੋਲ੍ਹਣ ਲਈ ਸਟੈਂਟ ਲਗਾਏ ਗਏ ਸਨ।

ਡਾ. ਸੌਰਭ ਸ਼ਰਮਾ ਨੇ ਦੱਸਿਆ ਕਿ “ਇਹ ਤਕਨੀਕ ਕੋਰੋਨਰੀ ਆਰਟਰੀ ਬਿਮਾਰੀ ਦੇ ਗੰਭੀਰ ਰੂਪ ਤੋਂ ਪੀੜਤ ਲੋਕਾਂ, ਛਾਤੀ ਵਿੱਚ ਦਰਦ, ਜਿਸ ਵਿੱਚ ਕੈਲਸ਼ੀਅਮ ਕਾਰਨ ਖੂਨ ਦੇ ਰਾਹ ਵਿੱਚ ਰੁਕਾਵਟਾਂ ਬਹੁਤ ਹੋ ਜਾਂਦੀਆਂ ਹਨ, ਆਦਿ ਲਈ ਬਹੁਤ ਲਾਭਦਾਇਕ ਹੋਵੇਗੀ। ਇਹ ਆਮ ਤੌਰ ‘ਤੇ ਸਟੇਂਟਿੰਗ ਕਰਵਾ ਰਹੇ 15 ਤੋਂ 20 ਫੀਸਦੀ ਮਰੀਜ਼ਾਂ ਵਿੱਚ ਹੁੰਦਾ ਹੈ ਜੋ, ਖਾਸ ਤੌਰ ‘ਤੇ ਬੁੱਢੇ, ਸ਼ੂਗਰ ਦੇ ਮਰੀਜ਼, ਗੁਰਦੇ ਦੀ ਪੁਰਾਣੀ ਬਿਮਾਰੀ ਜਾਂ ਬਾਈਪਾਸ ਸਰਜਰੀ ਕਰਵਾ ਚੁੱਕੇ ਹੋਣ।

 

ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ੌਕਵੇਵ ਲਿਥੋਟ੍ਰੀਪਸੀ ਵਿੱਚ ਅਲਟਰਾਸਾਊਂਡ ਐਮੀਟਰਾਂ ਵਾਲਾ ਇੱਕ ਗੁਬਾਰਾ ਧਮਣੀ ਵਿੱਚ ਪਾਇਆ ਜਾਂਦਾ ਹੈ ਅਤੇ ਸਾਊਂਡਜ ਦਿੱਤੀਆਂ ਜਾਂਦੀਆਂ ਹਨ ਜੋ ਕੈਲਸ਼ੀਅਮ ਨੂੰ ਤੋੜਦੀਆਂ ਹਨ। ਇਹ ਧਮਨੀਆਂ ਵਿੱਚ ਡੂੰਘੇ ਜੰਮੇ ਕੈਲਸ਼ੀਅਮ ਲਈ ਬਹੁਤ ਲਾਭਦਾਇਕ ਹੈ।” ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹ.ਸ. ਰੇਖੀ ਨੇ ਦੱਸਿਆ ਕਿ ਇਹ ਇੰਟਰਾਵੈਸਕੁਲਰ ਲਿਥੋਟ੍ਰਿਪਸੀ ਪਹਿਲੀ ਵਾਰ ਪਟਿਆਲਾ ਦੇ ਕਿਸੀ ਵੀ ਹਸਪਤਾਲ ਵਿੱਚ ਕੀਤੀ ਗਈ ਹੈ। ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਰਾਜਿੰਦਰਾ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਵਿੱਚ ਦਿਲ ਦੇ ਰੋਗੀਆਂ ਦਾ ਹਰ ਪ੍ਰਕਾਰ ਦਾ ਇਲਾਜ ਕੀਤਾ ਜਾ ਰਿਹਾ ਹੈ।