Punjab CM inaugurate Alcazar Resort

September 23, 2018 - PatialaPolitics

ਪੰਜਾਬ ਦਾ ਇਕ ਪ੍ਰਸਿੱਧ ਗਾਣਾ ਹੈ ‘ਹੋਣਾ ਹੁੰਦਾ ਜ਼ਿੰਦਗੀ ‘ਚ ਇਕ ਵਾਰ ਵਿਆਹ ਬਈ, ਇਸ ਦਿਨ ਦਾ ਨੀ ਕੀਹਨੂ ਹੁੰਦਾ ਚਾਅ ਬਈ’। ਕੀ ਤੁਸੀਂ ਵੀ ਆਪਣੇ ਵਿਆਹ ਦੇ ਚਾਅ ਪੂਰੇ ਕਰਨੇ ਚਾਹੁੰਦੇ ਹੋ? ਕੀ ਤੁਸੀਂ ਆਪਣੇ ਵਿਆਹ, ਸ਼ਾਦੀ ਸਮਾਗਮ ਨੂੰ ਵਿਸ਼ਵ ਪੱਧਰ ਦੇ ਮੈਰਿਜ ਪੈਲਸ ਵਿਚ ਯਾਦਗਾਰੀ ਬਣਾ ਕੇ ਸਦਾ ਲਈ ਸ਼ਾਹੀ ਯਾਦਗਾਰ ਬਣਾ ਕੇ ਰੱਖਣਾ ਚਾਹੁੰਦੇ ਹੋ? ਇਸ ਲਈ ਤੁਹਾਨੂੰ ਹੁਣ ਅਮਰੀਕਾ, ਇੰਗਲੈਂਡ, ਕਨੇਡਾ ਜਾਂ ਹਿੰਦੁਸਤਾਨ ਦੇ ਵੱਡੇ ਮੈਟਰੋ ਪੋਲੀਟਨ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ।

ਹੁਣ ਪਟਿਆਲਾ ਤੋਂ 12 ਕਿਲੋਮੀਟਰ ਦੂਰ ਪਟਿਆਲਾ-ਸਰਹਿੰਦ ਰੋਡ ਤੇ ਬਣ ਰਿਹਾ ਭਾਰਤ ਦਾ ਸਭ ਤੋਂ ਆਲੀਸ਼ਾਨ ਰਿਜ਼ਾਰਟ ‘ਐਲਕਾਜ਼ਾਰ’ ਆਪਣੀ ਲਾਜਵਾਬ ਦਿੱਖ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੋਕਾਂ ਦੇ ਵਿਆਹ ਸਮਾਰੋਹਾਂ ਨੂੰ ਯਾਦਗਾਰ ਬਣਾਏਗਾ। ਇਹ ਪਟਿਆਲਾ ਵਿੱਚ ਬਣਿਆ ਹਿੰਦੁਸਤਾਨ ਦਾ ਹੁਣ ਤਕ ਦਾ ਸਭ ਤੋਂ ਵੱਡਾ ਰਿਜ਼ਾਰਟ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਅੱਜ ਖੁੱਦ ਕੀਤਾ। ਅਮਰਿੰਦਰ ਸਿੰਘ ਇਸ ਪੈਲਸ ਦੀ ਖੂਬਸੂਰਤੀ ਨੂੰ ਦੇਖ ਕੇ ਬੇਹੱਦ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਇਸ ਲਈ ਆਪਣੇ ਐਡਵਾਈਜ਼ਰ ਭਰਤਇੰਦਰ ਸਿੰਘ ਚਹਿਲ ਅਤੇ ਬਿਕਰਮਜੀਤਇੰਦਰ ਸਿੰਘ ਚਹਿਲ ਨੂੰ ਵਧਾਈ ਦਿੱਤੀ।
ਸ. ਭਰਤਇੰਦਰ ਸਿੰਘ ਚਹਿਲ ਨੇ ਹੀ ਇਸ ਮਹਿਲਨੁਮਾ ਪੈਲਸ ਦਾ ਨਿਰਮਾਣ ਕਰਕੇ ਪਟਿਆਲਵੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਜਿਸ ਦਾ ਡਿਜ਼ਾਈਨ ਦੁਨੀਆ ਦੇ ਸਭ ਤੋਂ ਸ਼ਾਨਦਾਰ ਵਿਆਹਾਂ ਦੇ ਰਿਜ਼ਾਰਟਾਂ ਵਿਚ ਸ਼ੁਮਾਰ ਫਰਾਂਸ ਦੇ ਇੱਕ ਪ੍ਰਸਿੱਧ ਪੈਲੇਸ ਤੋਂ ਪ੍ਰੇਰਿਤ ਹੈ। ਇਸ ਪੈਲੇਸ ਦਾ ਡਿਜ਼ਾਈਨ ਉੱਘੇ ਆਰਕੀਟੈਕਟ ਰਣਜੋਧ ਸਿੰਘ ਨੇ ਕੀਤਾ ਹੈ ਅਤੇ ਲਾਈਟਿੰਗ ਦਾ ਕੰਮ ਵਿਸ਼ਵ ਪ੍ਰਸਿੱਧ ਕੰਪਨੀ ‘ਲੂਸੈਂਟ ਵਰਲਡਵਾਈਡ’ ਵਲੋਂ ਕੀਤਾ ਗਿਆ ਹੈ। ਹਿੰਦੁਸਤਾਨ ਵਿਚ ਇਸ ਵਰਗਾ ਕੋਈ ਦੂਜਾ ਪੈਲਸ ਨਹੀਂ ਹੈ। ਇਹੀ ਕਾਰਨ ਹੈ ਕਿ ਹੁਣੇ ਤੋਂ ਹੀ ਇਸ ਪੈਲਸ ਵਿਚ ਵਿਆਹ ਬੁਕ ਕਰਵਾਉਣ ਲਈ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਦੇ ਕੁੱਝ ਸ਼ਾਹੀ ਪਰਿਵਾਰਾਂ ਦੇ ਲੋਕਾਂ ਨੇ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਭਾਰਤ ਦਾ ਸਭ ਤੋਂ ਵੱਡਾ ਪਿੱਲਰ ਰਹਿਤ ਬੈਂਕਟ ਹਾਲ ਹੈ। ਇਸ ਦਾ ਇੱਕ ਏਕੜ ਵਾਲਾ ਹਾਲ ਵੱਡੇ ਤੋਂ ਵੱਡਾ ਸਮਾਰੋਹ ਇੱਕ ਛੱਤ ਥੱਲੇ ਕਰਨ ਦੀ ਸਹੂਲਤ ਦਿੰਦਾ ਹੈ। ਇਸ ਰਿਜ਼ਾਰਟ ਦੇ ਅੰਦਰ 2.5 ਏਕੜ ਵਿੱਚ ਹਰਿਆ-ਭਰਿਆ ਬਗੀਚਾ ਹੈ ਜਿਸਦੇ ਨਾਲ 5 ਏਕੜ ਦੇ ਕਰੀਬ ਥਾਂ ਵਿੱਚ ਪਾਰਕਿੰਗ ਦੀ ਸਹੂਲਤ ਹੈ। ਰਿਜ਼ਾਰਟ ਦਾ ਵਿਚਕਾਰਲਾ ਗੁੰਬਦ ਹੰਗਰੀ ਦੇ ਸੰਸਦ ਦੀ ਝਲਕ ਪੇਸ਼ ਕਰਦਾ ਹੈ ਜਿਸਦੀ ਉੱਚਾਈ 60 ਫੁੱਟ ਹੈ। ਇਸਦੇ ਅੰਦਰ ਆਉਣ ਵਾਲੇ ਰਾਹ ਵਾਲੇ ਮੁੱਖ ਗੁੰਬਦ ਦੀ ਉਚਾਈ 122 ਫੁੱਟ ਹੈ ਅਤੇ ਹਾਲ ਦੇ ਅੰਦਰਲੇ ਗੁੰਬਦ ਦੀ ਉਚਾਈ 70 ਫੁੱਟ ਹੈ। ਹਾਲ ਦੇ 80 ਫੀਸਦੀ ਹਿੱਸੇ ‘ਚ ਇਤਾਲਵੀ ਸੰਗਮਰਮਰ ਦਾ ਫ਼ਰਸ਼ ਲਗਾ ਹੈ ਜੋ ਪਟਿਆਲਾ ਅਤੇ ਚੰਡੀਗੜ੍ਹ ਵਿੱਚ ਬਣੇ ਰਿਜ਼ਾਰਟਾਂ ਵਿੱਚ ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਡਾ ਹੈ।
ਰਿਜ਼ਾਰਟ ‘ਚ ਲੱਗੀਆਂ ਮੂਰਤੀਆਂ ਖਾਸ ਤੌਰ ਤੇ ਕੋਲਕਾਤਾ ਤੋਂ ਤਿਆਰ ਕਾਰਵਾਈਆਂ ਗਈਆਂ ਹਨ ਅਤੇ ਫੁਹਾਰੇ ਬਰਤਾਨੀਆ ਤੋਂ ਮੰਗਵਾਏ ਗਏ ਹਨ। ਰਿਜ਼ਾਰਟ ਵਿੱਚ ਕੇਵਲ ਟੀਕ ਲੱਕੜ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਗੁੰਬਦਾਂ ਵਿੱਚ ਸ਼ਾਨਦਾਰ ਝੂਮਰ ਲਗਾਏ ਗਏ ਹਨ। ਇਥੇ ਲਜ਼ੀਜ਼ ਅਤੇ ਲਾਜਵਾਬ ਪਕਵਾਨ ਮਾਹਿਰ ਬਾਵਰਚੀਆਂ ਦੁਆਰਾ ਤਿਆਰ ਕੀਤੇ ਜਾਂਦੇ ਹਨ। ਇਸ ਦੌਰਾਨ ਸਫਾਈ ਅਤੇ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਵਿਸ਼ਵ ਪੱਧਰੀ ਅਤੇ ਅਤਿ ਆਧੁਨਿਕ ਉਪਕਰਣਾਂ ਨਾਲ ਤਿਆਰ ਕੀਤੀ ਗਈ ਰਸੋਈ ਮਹਿਮਾਨਾਂ ਦੀ ਪਸੰਦ ਦੇ ਪਕਵਾਨ ਬਣਾਉਣ ‘ਚ ਹਰ ਤਰ੍ਹਾਂ ਨਾਲ ਸਮਰੱਥ ਹੈ। ਇਹ ਭਾਰਤ ਦਾ ਪਹਿਲਾ ਰਿਜ਼ਾਰਟ ਹੈ ਜਿਸ ਵਿੱਚ 1 ਕਰੋੜ 68 ਲੱਖ ਰੰਗ ਬਦਲਣ ਵਾਲੀਆਂ ਲਾਈਟਾਂ ਲਗਾਈਆਂ ਗਈਆਂ ਹਨ ਜੋ ਕਿ ਬੇਹੱਦ ਦਿਲਕਸ਼ ਨਜ਼ਾਰਾ ਪੇਸ਼ ਕਰਦੀਆਂ ਹਨ। ਇਹ ਲਾਈਟਾਂ ਖਾਸ ਤੌਰ ‘ਤੇ ਅਮਰੀਕਾ ਤੋਂ ਮੰਗਵਾਈਆਂ ਗਈਆਂ ਹਨ। ਅੰਦਰਲੀ ਦਿੱਖ ਨੂੰ ਹੋਰ ਵੀ ਪ੍ਰਭਾਵਿਤ ਕਰਨ ਲਈ ਵਿਸ਼ਵ ਪ੍ਰਸਿੱਧ ਚਿੱਤਰਕਾਰਾਂ ਦੀਆਂ ਪੇਟਿੰਗਾਂ ਮੁੱਖ ਹਾਲ ਵਿੱਚ ਲਗਾਈਆਂ ਗਈਆਂ ਹਨ।
ਇਸ ਪ੍ਰੋਗਰਾਮ ਵਿਚ ਪੰਜਾਬ ਦੀ ਸਮੁੱਚੀ ਕੈਬਨਿਟ, ਸਿਵਲ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ। ਉਦਘਾਟਨ ਸਮਾਗਮ ਵਿਚ ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸਾਧੂ ਸਿੰਘ ਧਰਮਸੋਤ, ਰਜ਼ੀਆ ਸੁਲਤਾਨਾ, ਅਰੁਨਾ ਚੌਧਰੀ, ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਬੀ.ਆਈ.ਐਸ. ਚਾਹਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਬਿਕਰਮਜੀਤਇੰਦਰ ਸਿੰਘ ਚਹਿਲ, ਵਿਧਾਇਕ ਫਤਿਹਗੜ੍ਹ ਸਾਹਿਬ ਕੁਲਜੀਤ ਸਿੰਘ ਨਾਗਰਾ, ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਡੀ.ਜੀ.ਪੀ. ਸੁਰੇਸ਼ ਅਰੋੜਾ, ਡੀ.ਜੀ.ਪੀ.-ਕਮ-ਐਸਟੀਐਫ ਦੇ ਮੁਖੀ ਮੁਹੰਮਦ ਮੁਸਤਫਾ, ਡੀ.ਜੀ.ਪੀ. (ਖੁਫੀਆ) ਦਿਨਕਰ ਗੁਪਤਾ, ਡੀ.ਜੀ.ਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬੀ.ਕੇ. ਉੱਪਲ, ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐਸ. ਸਿੱਧੂ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਪ੍ਰਮੁੱਖ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤ ਅਨੁਰਾਗ ਵਰਮਾ, ਪਟਿਆਲਾ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਆਈ. ਏ. ਐਸ. ਮੇਕਰ ਦੇ ਤੌਰ ‘ਤੇ ਜਾਣੇ ਜਾਂਦੇ ਵਿਨੋਦ ਸ਼ਰਮਾ, ਕਈ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ, ਐਸ. ਐਸ. ਪੀ., ਆਈ. ਜੀ., ਡੀ. ਆਈ. ਜੀ., ਦਰਜਨਾਂ ਆਈ.ਏ. ਐਸ., ਆਈ. ਪੀ. ਐਸ., ਪੀ. ਸੀ. ਐਸ., ਚੀਫ ਇੰਜੀਨੀਅਰ ਹਾਜ਼ਰ ਸਨ।