ADC Dr. Bedi’s review of the project of making school uniforms

February 20, 2024 - PatialaPolitics

ADC Dr. Bedi’s review of the project of making school uniforms
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਏ.ਡੀ.ਸੀ. ਡਾ. ਬੇਦੀ ਵੱਲੋਂ ਸਕੂਲੀ ਵਰਦੀਆ ਬਣਾਉਣ ਦੇ ਪ੍ਰਾਜੈਕਟ ਦਾ ਜਾਇਜ਼ਾ
-ਕਿਹਾ, ਪਟਿਆਲਾ ਜ਼ਿਲ੍ਹਾ 5240 ਸਵੈ ਸਹਾਇਤਾ ਸਮੂਹ ਦਾ ਨਿਰਮਾਣ ਕਰਕੇ ਪੰਜਾਬ ਵਿੱਚ ਪਹਿਲੇ ਸਥਾਨ ਉਤੇ
ਘਨੌਰ/ਪਟਿਆਲਾ, 20 ਫਰਵਰੀ:
ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ  ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਚਲਾਏ ਜਾ ਰਹੇ ਸਕੂਲੀ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਕੂਲੀ ਬੱਚਿਆ ਨੂੰ ਵਰਦੀਆਂ ਮੁਹੱਈਆ ਕਰਵਾਉਣ ਦੇ ਮੰਤਵ ਲਈ ਪਹਿਲ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਬਲਾਕ ਘਨੌਰ ਦੇ ਪਿੰਡ ਸਿਆਲੂ ਦੀ ਰੂਰਲ ਹਟ ਵਿੱਚ ਚੱਲ ਰਹੇ ਇਸ ਪ੍ਰਾਜੈਕਟ ਦੀ ਪ੍ਰਗਤੀ ਵਾਚਣ ਲਈ ਦੌਰਾ ਕਰਦਿਆਂ ਡਾ. ਹਰਜਿੰਦਰ ਸਿੰਘ ਬੇਦੀ ਨੇ ਇਸ ਮੌਕੇ ਵਰਦੀਆ ਦੀ ਗੁਣਵੱਤਾ ਚੈੱਕ ਕਰਨ ਦੇ ਨਾਲ ਨਾਲ ਕੰਮ ਕਰ ਰਹੀਆ ਔਰਤਾਂ ਨਾਲ ਗੱਲਬਾਤ ਕਰਦੇ ਹੋਏ, ਉਨ੍ਹਾਂ ਨੂੰ ਵੀ ਉਤਸਾਹਿਤ ਵੀ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਜਿਥੇ ਸਮੂਹ ਦੀਆ ਔਰਤਾਂ ਨੂੰ ਆਮਦਨੀ ਪੱਖੋ ਹੁੰਗਾਰਾ ਮਿਲਿਆ ਹੈ ਉਥੇ ਹੀ ਸਕੂਲ ਦੇ ਬੱਚਿਆ ਨੂੰ ਵਧੀਆ ਕੁਆਲਟੀ ਦੀਆ ਵਰਦੀਆ ਵੀ ਮੁਹੱਈਆ ਕਰਵਾਈਆ ਜਾ ਰਹੀਆਂ ਹਨ।
ਏ.ਡੀ.ਸੀ. ਡਾ. ਬੇਦੀ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਗਰੀਬ ਪੇਂਡੂ ਔਰਤਾ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜ ਕੇ ਉਨ੍ਹਾ ਨੂੰ ਆਜੀਵਿਕਾ ਦੇ ਮੌਕੇ ਪ੍ਰਦਾਨ ਕੀਤੇ ਜਾਦੇ ਹਨ।ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ 5240 ਸਵੈ ਸਹਾਇਤਾ ਸਮੂਹ ਦਾ ਨਿਰਮਾਣ ਕਰਕੇ ਪੰਜਾਬ ਵਿੱਚ ਪਹਿਲੇ ਸਥਾਨ ਉਤੇ ਹੈ। ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਨਾ ਰਾਣੀ ਤੇ ਹੋਰ ਪਤਵੰਤੇ ਵੀ ਮੌਜੂਦ ਸਨ।