ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਰਬਨ ਅਸਟੇਟ ਲਈ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ

February 21, 2024 - PatialaPolitics

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਰਬਨ ਅਸਟੇਟ ਲਈ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅਰਬਨ ਅਸਟੇਟ ਲਈ 14 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਤੋਹਫ਼ਾ

-ਸਾਧੂ ਬੇਲਾ ਰੋਡ ਤੇ ਸਰਹਿੰਦ ਰੋਡ ਬਾਈਪਾਸ ਨੂੰ ਜੋੜਦੀ ਸੜਕ ਬਣਾਉਣ ਸਮੇਤ ਫੇਜ਼ 3 ਤੇ 4 ਲਈ ਕਮਰਸ਼ੀਅਲ ਬਲਾਕ ਤੇ ਪੁੱਡਾ ਇਨਕਲੇਵ-1 ‘ਚ 3 ਪਾਰਕ ਬਣਨਗੇ

-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੱਗਰ ਤੇ ਪਟਿਆਲਾ ਕੀ ਰਾਓ ਨਦੀਆਂ ‘ਚ ਹੜ੍ਹਾਂ ਦੀ ਸਮੱਸਿਆ ਦੇ ਹੱਲ ਲਈ ਤਜਵੀਜ਼ਾਂ ਤਿਆਰ

ਪਟਿਆਲਾ, 21 ਫਰਵਰੀ:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਦੇ ਵਿਕਾਸ ਲਈ ਕਰੀਬ 14 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾ ਕੇ ਤੋਹਫ਼ਾ ਦਿੱਤਾ ਹੈ। ਇੱਥੇ ਅਰਬਨ ਅਸਟੇਟ ਫੇਜ 3 ਵਿਖੇ ਇੱਕ ਸਮਾਗਮ ਮੌਕੇ ਇਨ੍ਹਾਂ ਕੰਮਾਂ ਦੇ ਨੀਂਹ ਪੱਥਰ ਰੱਖਦਿਆਂ ਸਿਹਤ ਮੰਤਰੀ ਨੇ ਦੱਸਿਆ ਕੀਤਾ ਕਿ ਪਿਛਲੇ ਸਮੇਂ ‘ਚ ਆਏ ਹੜ੍ਹਾਂ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਘੱਗਰ ਅਤੇ ਪਟਿਆਲਾ ਕੀ ਰਾਓ ਨਦੀਆਂ ‘ਚ ਹੜ੍ਹਾਂ ਦੀ ਸਮੱਸਿਆ ਦੇ ਪੱਕੇ ਹੱਲ ਲਈ ਤਜਵੀਜਾਂ ਉਲੀਕੀਆਂ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਸ਼ਹਿਰ ‘ਚ ਜਿੱਥੇ 100 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਥੇ ਹੀ ਨਹਿਰੀ ਪਾਣੀ ਦੇ ਪ੍ਰਾਜੈਕਟ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਅਰਬਨ ਅਸਟੇਟ ਵਾਸੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਇੱਥੋਂ ਦੇ ਨਿਵਾਸੀਆਂ ਨੂੰ ਵੀ ਇਸ ਪ੍ਰਾਜੈਕਟ ਦਾ ਪਾਣੀ 24 ਘੰਟੇ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨ੍ਹਾਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਵੇਂ ਬੂਟੇ ਵੀ ਲਗਾਏ ਜਾਣਗੇ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹੜ੍ਹਾਂ ਕਰਕੇ ਨੁਕਸਾਨੀ ਗਈ 1.1 ਕਿਲੋਮੀਟਰ ਸਾਧੂ ਬੇਲਾ ਰੋਡ ਦੇ ਨਵੀਨੀਕਰਨ ‘ਤੇ 183.13 ਲੱਖ ਰੁਪਏ ਖ਼ਰਚੇ ਜਾਣਗੇ। ਇਸ ਤੋਂ ਬਿਨ੍ਹਾਂ ਸਾਧੂ ਬੇਲਾ ਤੋਂ ਸਰਹਿੰਦ ਰੋਡ ਬਾਈਪਾਸ ਨੂੰ ਜੋੜਦੀ ਅਰਬਨ ਅਸਟੇਟ ਦੀ ਪੈਰੀਫੇਰੀ ਸੜਕ ਨੂੰ 1.5 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਕੇ ਉਸਾਰੀ ਕੀਤੀ ਜਾਵੇਗੀ। ਜਦੋਂਕਿ ਨਾਭਾ ਰੋਡ ‘ਤੇ ਉਸਾਰੇ ਗਏ ਪੁੱਡਾ ਇਨਕਲੇਵ-1 ਵਿੱਚ 1.20 ਕਰੋੜ ਰੁਪਏ ਦੀ ਲਾਗਤ ਨਾਲ 3 ਪਾਰਕ ਬਣਾਏ ਜਾਣਗੇ।

ਸਿਹਤ ਮੰਤਰੀ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਅਰਬਨ ਅਸਟੇਟ ਦੇ ਫੇਜ 3 ਵਿੱਚ ਇੱਕ ਕਮਰਸ਼ੀਅਲ ਮਾਰਕੀਟ 5.42 ਏਕੜ ਰਕਬੇ ਵਿੱਚ ਤਿਆਰ ਕੀਤੀ ਜਾ ਰਹੀ ਹੈ ਜਿਸ ਵਿੱਚ 32 ਸ਼ੋਰੂਮ ਤੇ 34 ਦੁਕਾਨਾਂ ਬਣਾਈਆਂ ਜਾਣਗੀਆਂ ਤੇ ਇਸ ਕੰਮ ਉਪਰ 571.10 ਲੱਖ ਰੁਪਏ ਖਰਚੇ ਜਾਣਗੇ।ਜਦੋਂਕਿ ਸਾਧੂ ਬੇਲਾ ਸੜਕ ਦੇ ਨਾਲ ਨਵੇਂ ਬਣਾਏ ਗਏ ਫੇਸ-4 ਵਿੱਚ 1.86 ਏਕੜ ਜਮੀਨ ਅੰਦਰ 256.86 ਲੱਖ ਰੁਪਏ ਦੀ ਲਾਗਤ ਨਾਲ ਦੋ ਕਮਰਸ਼ੀਅਲ ਮਾਰਕੀਟਾਂ ਤਿਆਰ ਕੀਤੀਆਂ ਜਾਣਗੀਆਂ, ਜਿੱਥੇ 42 ਸ਼ੋਰੂਮ, 48 ਸ਼ਾਪਸ ਅਤੇ 7 ਬੂਥ ਕੱਟੇ ਜਾਣਗੇ। ਇਸ ਦੇ ਨਾਲ ਹੀ 26.76 ਏਕੜ ਸਕੀਮ ਅਰਬਨ ਅਸਟੇਟ ਫੇਜ 1 ਨੂੰ ਜੋੜਦੀ ਸੜਕ 80 ਫੁਟੀ ਤੇ 300 ਮੀਟਰ ਸੜਕ ਦੀ ਉਸਾਰੀ ਵੀ ਵੀ 36.32 ਲੱਖ ਦੀ ਲਾਗਤ ਨਾਲ ਕੀਤੀ ਜਾਵੇਗੀ।

ਇਸ ਮੌਕੇ ਪੀਡੀਏ ਦੇ ਮੁੱਖ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਥਿੰਦ ਨੇ ਸਿਹਤ ਮੰਤਰੀ ਦਾ ਸਵਾਗਤ ਕੀਤਾ ਅਤੇ ਪੀਡੀਏ ਵੱਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਤਜਵੀਜ ਤੋਂ ਜਾਣੂ ਕਰਵਾਇਆ। ਅਰਬਨ ਅਸਟੇਟ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਡਾ. ਬਲਬੀਰ ਸਿੰਘ ਦਾ ਸਨਮਾਨ ਕੀਤਾ। ਸਮਾਰੋਹ ‘ਚ ਕਰਨਲ ਜੇ.ਵੀ. ਸਿੰਘ, ਡਾ. ਭੀਮਇੰਦਰ ਸਿੰਘ, ਜਸਬੀਰ ਸਿੰਘ ਗਾਂਧੀ, ਕੁਮਕੁਮ ਬਜਾਜ, ਪ੍ਰਧਾਨ ਮਨਜੀਤ ਸਿੰਘ ਸਾਹੀ, ਪ੍ਰੈਸ ਸਕੱਤਰ ਰਜਿੰਦਰ ਸਿੰਘ ਥਿੰਦ, ਐਡਵੋਕੇਟ ਕੁਲਵੰਤ ਸਿੰਘ, ਸਕੱਤਰ ਕੁਲਵਿੰਦਰ ਸਿੰਘ ਖੰਗੂੜਾ, ਕਰਮਜੀਤ ਸਿੰਘ ਕੰਗ, ਰਾਜਿੰਦਰ ਸਿੰਘ, ਬਲਾਕ ਪ੍ਰਧਾਨ ਲਾਲ ਸਿੰਘ, ਮੋਹਿਤ ਕੁਮਾਰ, ਗੁਰਕ੍ਰਿਪਾਲ ਸਿੰਘ ਸਰਪੰਚ, ਮਨਦੀਪ ਸਿੰਘ ਤੇ ਪ੍ਰਦੀਪ ਗਰਗ ਸਮੇਤ ਪੀਡੀਏ ਦੇ ਅਧਿਕਾਰੀ ਤੇ ਹੋਰ ਪਤਵੰਤੇ ਮੌਜੂਦ ਸਨ।