Rajya Sabha member Vikramjit Singh Sahni and VC of Sports University. Discussion about promoting sports culture

March 1, 2024 - PatialaPolitics

Rajya Sabha member Vikramjit Singh Sahni and VC of Sports University. Discussion about promoting sports culture

ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁਲਤ ਕਰਨ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਨਾਲ ਆਪਣੀ ਵਚਨਬੱਧਤਾ ਨਿਭਾ ਰਹੀ ਹੈ। ਉਹ ਇੱਥੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜੇ.ਐਸ. ਚੀਮਾ (ਸੇਵਾ ਮੁਕਤ ਲੈਫ. ਜਨ.) ਨਾਲ ਮੁਲਾਕਾਤ ਕਰਨ ਮੌਕੇ ਖੇਡ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਮਿਆਰ ਦੀ ਯੂਨੀਵਰਸਿਟੀ ਵਜੋਂ ਵਿਕਸਤ ਕਰਨ ਅਤੇ ਸੂਬੇ ਵਿੱਚ ਖੇਡ ਸੱਭਿਆਚਾਰ ਵਿਕਸਤ ਕਰਨ ਬਾਬਤ ਵਿਚਾਰਾਂ ਕਰ ਰਹੇ ਸਨ।

ਐਮ.ਪੀ. ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਪਕੁਲਪਤੀ ਡਾ. ਜੇ.ਐਸ. ਚੀਮਾ ਨੇ ਉਨ੍ਹਾਂ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਕੈਲੰਡਰ, ਖੇਡਾਂ ਬਾਬਤ ਕੀਤੇ ਜਾ ਰਹੇ ਯਤਨਾਂ ਤੋਂ ਜਾਣੂ ਕਰਵਾਇਆ ਅਤੇ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਤੋਂ ਫੰਡ ਦਿਵਾਉਣ ਲਈ ਕੀਤੀ ਜਾਣ ਵਾਲੀ ਚਾਰਾਜਾਈ ਬਾਰੇ ਵੀ ਦੱਸਿਆ।

ਐਮ.ਪੀ. ਸਾਹਨੀ ਨੇ ਉਪਕੁਲਤੀ ਜੇ.ਐਸ. ਚੀਮਾ ਨਾਲ ਗੱਲਬਾਤ ਮੌਕੇ ਪੰਜਾਬ ਦੇ ਨੌਜਵਾਨਾਂ ਦੀ ਫ਼ੌਜ ਵਿੱਚ ਭਰਤੀ, ਖਾਸ ਕਰਕੇ ਅਗਨੀਵੀਰ ਦੀ ਭਰਤੀ ਵਿੱਚ ਮਦਦ ਕਰਨ ਵਜੋਂ ਖੇਡ ਯੂਨੀਵਰਸਿਟੀ ਨੂੰ ਇੱਕ ਜਿੰਮੇਵਾਰ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਲੈਫ.ਜਨ. ਜੇ.ਐਸ. ਚੀਮਾ ਨੇ ਐਮ.ਪੀ. ਸਾਹਨੀ ਨੂੰ ਸੂਬੇ ਦੇ ਖਿਡਾਰੀਆਂ ਅਤੇ ਭਾਰਤੀ ਫ਼ੌਜ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਯੂਨੀਵਰਸਿਟੀ ਵੱਲੋਂ ਰਾਜ ਸਭਾ ਮੈਂਬਰ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਪ੍ਰੋ. ਅਭਿਨਵ ਆਹਲੂਵਾਲੀਆ ਵੀ ਮੌਜੂਦ ਸਨ।