Banks told to keep eye on transactions above 1 Lakh during poll
March 18, 2024 - PatialaPolitics
Banks told to keep eye on transactions above 1 Lakh during poll
ਸਮੂਹ ਬੈਂਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ : ਜ਼ਿਲ੍ਹਾ ਚੋਣ ਅਫ਼ਸਰ
-ਕਿਹਾ, ਸ਼ੱਕੀ ਲੈਣ-ਦੇਣ ਦੇ ਵੇਰਵੇ ਸਮੇਤ 1 ਲੱਖ ਜਾਂ ਵਧੇਰੇ ਰਾਸ਼ੀ ਜਮ੍ਹਾਂ ਜਾਂ ਕਢਵਾਉਣ ਵਾਲਿਆਂ ਦੀ ਰਿਪੋਰਟ ਰੋਜ਼ਾਨਾ ਸੌਂਪੀ ਜਾਵੇ
-ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਬੈਂਕਾਂ ਨਾਲ ਮੀਟਿੰਗ
ਪਟਿਆਲਾ, 18 ਮਾਰਚ:
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਬੈਂਕਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਜ਼ਿਲ੍ਹੇ ਅੰਦਰਲੀਆਂ ਸਮੂਹ ਬੈਂਕਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਕਿਹਾ। ਇਸ ਮੌਕੇ ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ਼ ਆਲਮ ਵੀ ਮੌਜੂਦ ਸਨ।
ਸ੍ਰੀ ਪਰੇ ਨੇ ਬੈਂਕਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਕਿਸੇ ਖਾਤੇ ‘ਚੋਂ ਇੱਕ ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਨਕਦੀ ਕਢਵਾਉਣ ਅਤੇ ਜਮ੍ਹਾਂ ਕਰਵਾਉਣ ਦੀ ਸ਼ੱਕੀ ਜਾਂ ਅਸਧਾਰਨ ਕਾਰਵਾਈ ਦੇ ਪੂਰੇ ਵੇਰਵੇ ਰੱਖਣੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ ਇਸ ਸਬੰਧੀ ਰੋਜ਼ਾਨਾ ਰਿਪੋਰਟ ਵੀ ਸਾਂਝੀ ਕੀਤੀ ਜਾਵੇ, ਤਾਂ ਜੋ ਲੋਕ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾ ਸਕਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਲੜ੍ਹ ਰਹੇ ਹਰ ਉਮੀਦਵਾਰ ਦਾ ਚੋਣ ਖ਼ਰਚੇ ਸਬੰਧੀ ਇੱਕ ਵੱਖਰਾ ਖਾਤਾ ਖੁੱਲ੍ਹਵਾਉਣਾ ਲਾਜ਼ਮੀ ਹੈ। ਉਨ੍ਹਾਂ ਬੈਂਕਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਮੀਦਵਾਰ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਬੈਂਕ ਖਾਤੇ ਵਿਚੋਂ 1 ਲੱਖ ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਜਾਂ ਕੱਢਵਾਈ ਹੋਵੇ, ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਜਾਂ ਉਮੀਦਵਾਰ ਦੇ ਖਾਤੇ ‘ਚ ਕਿਸੇ ਵੀ ਕਿਸਮ ਦੀ ਵੱਡੀ ਰਾਸ਼ੀ ਸ਼ੱਕੀ ਤੌਰ ‘ਤੇ ਜਮ੍ਹਾ ਕਰਵਾਈ ਜਾਂ ਕਢਵਾਈ ਜਾਂਦੀ ਹੈ ਤਾਂ ਇਸ ਦੀ ਰਿਪੋਰਟ ਵੀ ਤੁਰੰਤ ਦਿੱਤੀ ਜਾਵੇ ਅਤੇ ਲੋੜੀਂਦੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ।
10 ਲੱਖ ਰੁਪਏ ਤੱਕ ਦੀ ਨਕਦੀ ਦੀ ਜਾਣਕਾਰੀ ਵੀ ਤੁਰੰਤ ਦਫ਼ਤਰ, ਜ਼ਿਲ੍ਹਾ ਚੋਣ ਅਫ਼ਸਰ ਤੇ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਦਿੱਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਨਕਦੀ ਲਿਜਾਣ ਵਾਲੀਆਂ ਵੈਨਾਂ ਅਤੇ ਏ.ਟੀ.ਐਮਜ ‘ਚ ਪੈਸੇ ਪਾਉਣ ਲਈ ਲਿਜਾਈ ਜਾ ਰਹੀ ਨਕਦ ਰਾਸ਼ੀ ਸਬੰਧੀ ਪੂਰੇ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਇਸ ਤੋਂ ਇਲਾਵਾ ਸੁਰੱਖਿਆ ਦੇ ਇੰਤਜ਼ਾਮ ਬੈਂਕਾਂ ਦੀਆਂ ਅਤੇ ਨਿਜੀ ਕੰਪਨੀਆਂ ਦੀਆਂ ਗੱਡੀਆਂ ‘ਚ ਹੋਣੇ ਵੀ ਯਕੀਨੀ ਬਣਾਏ ਜਾਣ। ਮੀਟਿੰਗ ਵਿੱਚ ਚੋਣ ਤਹਿਸੀਲਦਾਰ ਵਿਜੈ ਕੁਮਾਰ ਚੌਧਰੀ ਵੀ ਮੌਜੂਦ ਸਨ।