Patiala Police cracks Minor’s murder case

December 28, 2018 - PatialaPolitics

ਬੀਤੇ ਦਿਨੀਂ ਘਨੌਰ ਵਿਖੇ ਇੱਕ ਵਿਆਹ ਸਮਾਗਮ ‘ਚ ਅਗਵਾ ਹੋਏ ਛੇ ਸਾਲਾਂ ਬੱਚੇ ਮਨਾਨ ਜਿਸ ਦੀ ਬਾਅਦ ਵਿੱਚ ਪਿੰਡ ਲਾਛੜੂ ਖੁਰਦ ਦੇ ਨਾਲ ਲਗਦੇ ਸੂਏ ਦੇ ਖਤਾਨਾਂ ਦੀਆਂ ਸੰਘਣੀਆਂ ਝਾੜੀਆਂ ਵਿੱਚੋ ਪੂਰੀ ਤਰ੍ਹਾਂ ਗਲੀ ਸੜੀ ਲਾਸ਼ ਬਰਾਮਦ ਹੋਈ ਸੀ ਦੇ ਅੰਨ੍ਹੇ ਕਤਲ ਨੂੰ ਪਟਿਆਲਾ ਪੁਲਿਸ ਬੇਪਰਦ ਕਰਨ ਵਿੱਚ ਕਾਮਯਾਬ ਹੋ ਗਈ ਹੈ।

ਇਸ ਮਾਸੂਮ ਬੱਚੇ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਅਵਨੀਸ਼ ਕੁਮਾਰ ਉਰਫ਼ ਕਾਲਾ ਤੇ ਸੁਨੀਤਾ ਬੇਗਮ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਗਿਆ ਹੈ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਐਸ.ਪੀ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਮਿਤੀ 5 ਦਸੰਬਰ ਨੂੰ ਦਾਣਾ ਮੰਡੀ ਘਨੌਰ ਵਿਆਹ ਦੇ ਸਮਾਗਮ ਵਿੱਚੋ ਮਨਾਨ ਪੁੱਤਰ ਸੋਹਿਲ ਖਾਨ ਪੁੱਤਰ ਨਸੀਰੁਦੀਨ ਵਾਸੀ ਵਾਰਡ ਨੰਬਰ 02 ਘਨੌਰ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 107 ਮਿਤੀ 06.12.2018 ਅ/ਧ 365 ਹਿੰ:ਦੰ: ਥਾਣਾ ਘਨੌਰ ਦਰਜ ਕੀਤਾ ਗਿਆ ਸੀ। ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਮਨਜੀਤ ਸਿੰਘ ਬਰਾੜ ਕਪਤਾਨ ਪੁਲਿਸ ਇਨਵੈਸਟੀਗੇਸਨ, ਪਟਿਆਲਾ ਦੀ ਅਗਵਾਈ ਵਿੱਚ ਸ੍ਰੀ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ, ਇਨਵੈਸਟੀਗੇਸਨ, ਪਟਿਆਲਾ, ਸ੍ਰੀ ਅਸ਼ੋਕ ਕੁਮਾਰ, ਉਪ ਕਪਤਾਨ ਪੁਲਿਸ ਘਨੌਰ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ, ਇੰਸਪੈਕਟਰ ਅਮਨਪਾਲ ਸਿੰਘ, ਮੁੱਖ ਅਫ਼ਸਰ ਥਾਣਾ ਘਨੌਰ ਦੀ ਇਕ ਸਪੈਸ਼ਲ ਇੰਨਵੈਸ਼ਟੀਗੇਨ ਟੀਮ ਗਠਿਤ ਕੀਤੀ ਗਈ ਸੀ। ਐਸ.ਐਸ.ਪੀ ਨੇ ਦੱਸਿਆ ਕਿ ਮਿਤੀ 21 ਦਸੰਬਰ ਨੂੰ ਮਨਾਨ ਦੀ ਗਲੀ ਸੜੀ ਲਾਸ਼ ਨਹਿਰ ਦੇ ਨੇੜੇ ਪਿੰਡ ਲਾਛੜੂ ਖੁਰਦ ਦੇ ਨਾਲ ਲਗਦੇ ਸੂਏ ਦੇ ਖਤਾਨਾਂ ਦੀਆਂ ਸੰਘਣੀਆਂ ਝਾੜੀਆਂ ਵਿੱਚੋ ਬਰਾਮਦ ਹੋਈ ਸੀ। ਜਿਸ ਸਬੰਧੀ ਡਾਕਟਰ ਦਾ ਬੋਰਡ ਗਠਿਤ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ। ਜਿਸ ‘ਤੇ ਮੁਕੱਦਮਾ ਵਿੱਚ ਜੁਰਮ 302, 201, 366-ਏ ਹਿੰ:ਦੰ ਦਾ ਵਾਧਾ ਕੀਤਾ ਗਿਆ। ਇਸ ਮੁਕੱਦਮਾ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਗਠਿਤ ਕੀਤੀ ਗਈ ਟੀਮ ਨੇ ਮਿਹਨਤ ਅਤੇ ਲਗਨ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ। ਮੁਕੱਦਮੇ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਅਵਨੀਸ ਕੁਮਾਰ ਉਰਫ਼ ਕਾਲਾ ਪੁੱਤਰ ਮਾਂਗੇ ਰਾਮ ਵਾਸੀ ਪਿੰਡ ਸੋਗਲਪੁਰ ਥਾਣਾ ਘਨੌਰ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਅਤੇ ਸੁਨਿਤਾ ਬੇਗਮ ਪਤਨੀ ਰਸੀਦ ਖਾਨ ਪੁੱਤਰ ਸਬੀਰ ਵਾਸੀ ਮੰਜੋਲੀ ਰੋਡ ਘਨੌਰ ਨੂੰ ਮਿਤੀ 28 ਦਸੰਬਰ ਨੂੰ ਥਾਣਾ ਘਨੌਰ ਦੇ ਏਰੀਆ ਵਿਚੋ ਗ੍ਰਿਫ਼ਤਾਰ ਕੀਤਾ ਗਿਆ।
ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਇਸ ਕੇਸ ਨੂੰ ਬੇਪਰਦ ਕਰਨ ਸਬੰਧੀ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਮੌਕੇ ਤੋਂ ਮਿਲੀ ਲਾਸ਼ ਦੇ ਅਧਾਰ ਤੇ ਸਾਰੇ ਏਰੀਆ ਦੀ ਕਰਾਇਮ ਮੈਪਿੰਗ ਕੀਤੀ ਗਈ ਅਤੇ ਮਿਤੀ 24 ਦਸੰਬਰ ਨੂੰ ਐਸ.ਐਸ.ਪੀ ਵੱਲੋ ਸਮੇਤ ਐਸ.ਪੀ (ਇੰਨਵੈਸਟੀਗੇਸਨ) ਪਟਿਆਲਾ, ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਨੂੰ ਨਾਲ ਲੈਕੇ ਖੁਦ ਮੌਕਾ ਦੇਖਿਆ ਗਿਆ ਅਤੇ ਸਪੈਸ਼ਲ ਫੋਰਾਂਸਿਕ ਸਾਇੰਸ ਲੈਬੋਰਟਰੀ ਮੋਹਾਲੀ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਇਸ ਕੇਸ ਦੀ ਤਫਤੀਸ਼ ਨੂੰ ਵੱਖ-ਵੱਖ ਪਹਿਲੂਆਂ ਤੋਂ, ਕਰਾਇਮ ਏਰੀਆ ਦੀ ਕੀਤੀ ਗਈ ਮੈਪਿੰਗ ਤੋਂ ਅਤੇ ਮਿਲੇ ਅਹਿਮ ਸੁਰਾਗਾਂ ਨੂੰ ਕੜੀ ਦਰ ਕੜੀ ਜੋੜਦੇ ਹੋਏ ਪਟਿਆਲਾ ਪੁਲਿਸ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ ।
ਐਸ.ਐਸ.ਪੀ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਏ ਖੁਲਾਸਿਆਂ ਬਾਰੇ ਦੱਸਿਆ ਕਿ ਅਵਨੀਸ ਕੁਮਾਰ ਉਰਫ਼ ਕਾਲਾ ਜੋ ਕਿ ਗੁਰਿੰਦਰ ਸਿੰਘ ਵਾਸੀ ਦੌਣ ਦੀ ਦਲੀਪ ਐਂਡ ਸੰਨਜ ਆੜਤ ਦੀ ਦੁਕਾਨ ਦਾਣਾ ਮੰਡੀ ਘਨੌਰ ਵਿਖੇ ਕਰੀਬ 16 ਸਾਲਾਂ ਤੋਂ ਮੁਨੀਮੀ ਦਾ ਕੰਮ ਕਰਦਾ ਆ ਰਿਹਾ ਹੈ। ਜਿੱਥੇ ਇਸ ਦੇ ਪ੍ਰੇਮ ਸਬੰਧ ਸੁਨੀਤਾ ਬੇਗਮ ਪਤਨੀ ਰਸੀਦ ਵਾਸੀ ਦਾਣਾ ਮੰਡੀ ਘਨੌਰ ਨਾਲ ਹੋਣ ਕਰਕੇ ਉਸ ਦੇ ਘਰ ਆਉਣਾ-ਜਾਣਾ ਸੀ, ਜੋ ਸੁਨੀਤਾ ਬੇਗਮ ਪਹਿਲਾ ਦਾਣਾ ਮੰਡੀ ਘਨੌਰ ਵਿਖੇ ਮਨਾਨ ਦੇ ਦਾਦਾ ਨਸੀਰੂਦੀਨ ਦੇ ਘਰ ਦੇ ਸਾਹਮਣੇ ਰਹਿੰਦੀ ਸੀ। ਨਸੀਰੂਦੀਨ ਨੇ ਇਹ ਮਕਾਨ ਖਾਲੀ ਕਰਾਉਣ ਦੀ ਪੈਰਵਾਈ ਸ਼ੁਰੂ ਕਰ ਦਿੱਤੀ ਸੀ, ਇਹ ਮਕਾਨ ਦਾਣਾ ਮੰਡੀ ਵਿੱਚ ਕਰੀਬ 30/35 ਸਾਲ ਪੁਰਾਣਾ ਬਣਿਆ ਹੋਇਆ ਸੀ। ਕੁੱਝ ਦੇਰ ਪਹਿਲਾਂ ਇਹ ਮਕਾਨ ਸਬੰਧਤ ਮਹਿਕਮੇ ਮਾਰਕੀਟ ਕਮੇਟੀ/ਮੰਡੀ ਬੋਰਡ ਵੱਲੋਂ ਸੁਨੀਤਾ ਬੇਗਮ ਪਤਨੀ ਰਸੀਦ ਤੋਂ ਖਾਲੀ ਕਰਵਾ ਲਿਆ ਗਿਆ ਸੀ। ਇਸ ਤੋਂ ਬਾਅਦ ਸੁਨੀਤਾ ਬੇਗਮ ਤੇ ਇਸ ਦੇ ਘਰਵਾਲੇ ਰਸੀਦ ਪੁੱਤਰ ਸਬੀਰ ਅਹਿਮਦ (ਜੋ ਕਿ ਟਰੱਕ ਡਰਾਈਵਰੀ ਦਾ ਕੰਮ ਕਰਦਾ ਹੈ) ਨੇ ਘਨੌਰ ਦੇ ਏਰੀਆ ਵਿੱਚ ਹੀ ਪਲਾਟ ਲੈਕੇ ਮਕਾਨ ਪਾ ਲਿਆ ਸੀ। ਇਹ ਪਲਾਟ ਲੈਣ, ਬੈਂਕ ਵਿੱਚੋ ਲੋਨ ਮਨਜੂਰ ਕਰਵਾਉਣ ਅਤੇ ਮਕਾਨ ਬਨਾਉਣ ਲਈ ਵੀ ਅਵਨੀਸ ਕੁਮਾਰ ਉਰਫ਼ ਕਾਲੇ ਨੇ ਸੁਨੀਤਾ ਬੇਗਮ ਦੀ ਡੇਢ ਲੱਖ ਰੁਪਏ ਦੀ ਮਦਦ ਕੀਤੀ ਸੀ। ਅਵਨੀਸ ਕੁਮਾਰ ਉਰਫ਼ ਕਾਲਾ (ਦੋਸ਼ੀ) ਅਤੇ ਸੁਨੀਤਾ ਬੇਗਮ (ਦੋਸ਼ਣ) ਨੂੰ ਇਸ ਗੱਲ ਦਾ ਕਾਫੀ ਗਿਲਾ ਸੀ ਕਿ ਨਸੀਰੂਦੀਨ (ਮਨਾਨ ਦਾ ਦਾਦਾ) ਨੇ ਇਨ੍ਹਾਂ ਦਾ ਘਰ ਖਾਲੀ ਕਰਵਾਇਆ ਹੈ ਅਤੇ ਇਹ ਦੋਵੇ ਨਸੀਰੂਦੀਨ ਨੂੰ ਸਬਕ ਸਿਖਾਉਣ ਦੀ ਤਾਕ ਵਿੱਚ ਵਿਉਂਤਬੰਦੀ ਕਰਦੇ ਰਹਿੰਦੇ ਸੀ।
ਸ. ਸਿੱਧੂ ਨੇ ਦੱਸਿਆ ਕਿ ਮਿਤੀ 5 ਦਸੰਬਰ ਨੂੰ ਦਾਣਾ ਮੰਡੀ ਘਨੌਰ ਵਿਖੇ ਵਿਆਹ ਦਾ ਸਮਾਗਮ ਸੀ ਅਤੇ ਨਸੀਰੂਦੀਨ ਦਾ ਦਾਣਾ ਮੰਡੀ ਘਨੌਰ ਵਿਖੇ ਮਕਾਨ ਹੋਣ ਕਰਕੇ ਉਸ ਦਾ ਪੋਤਾ ਮਨਾਨ ਵੀ ਸਮਾਗਮ ਵਾਲੀ ਜਗ੍ਹਾ ‘ਤ ਗਿਆ ਸੀ, ਜਿੱਥੇ ਮਨਾਨ ਆਈਸ ਕਰੀਮ ਖਾਂਦਾ ਅਵਨੀਸ ਕੁਮਾਰ ਉਰਫ਼ ਕਾਲਾ ਨੂੰ ਮਿਲ ਗਿਆ। ਜੋ ਮਨਾਨ ਨੂੰ ਆਈਸ ਕਰੀਮ ਖਵਾਉਣ ਦੇ ਬਹਾਨੇ ਆਪਣੀ ਆੜਤ ਵਾਲੀ ਦੁਕਾਨ ‘ਤੇ ਲੈ ਗਿਆ। ਜਿੱਥੇ ਅਵਨੀਸ ਕੁਮਾਰ ਉਰਫ਼ ਕਾਲਾ ਨੇ ਮਨਾਨ ਦਾ ਬੋਰੀ ਦੀਆਂ ਰੱਸੀਆਂ ਨਾਲ ਗੱਲ ਘੁੱਟਕੇ ਕਤਲ ਕਰ ਦਿੱਤਾ ਤੇ ਦੁਕਾਨ ਬੰਦ ਕਰਕੇ ਸੁਨੀਤਾ ਬੇਗਮ ਦੇ ਘਰ ਚਲਾ ਗਿਆ, ਜਿੱਥੇ ਉਸ ਨੇ ਨਸੀਰੂਦੀਨ ਦੇ ਪੋਤੇ ਮਨਾਨ ਵਾਲੀ ਸਾਰੀ ਵਾਰਤਾ ਦੱਸ ਦਿੱਤੀ, ਫਿਰ ਕੁੱਝ ਸਮੇਂ ਬਾਅਦ ਘਨੌਰ ਤੋਂ ਵਾਪਸ ਆਪਣੇ ਘਰ ਚਲਾ ਗਿਆ। ਇਸ ਤੋ ਬਾਅਦ ਰਾਤ ਕਰੀਬ 9/9:30 ਵਜੇ ਅਵਨੀਸ ਕੁਮਾਰ ਆਪਣੇ ਮੋਟਰਸਾਇਕਲ ਤੇ ਸਵਾਰ ਹੋਕੇ ਫਿਰ ਦਾਣਾ ਮੰਡੀ ਘਨੌਰ ਵਿਖੇ ਆੜਤ ਦੀ ਦੁਕਾਨ ‘ਤੇ ਆ ਗਿਆ, ਜਿੱਥੋਂ ਉਹ ਮਨਾਨ ਦੀ ਲਾਸ਼ ਦੁਕਾਨ ਤੋਂ ਚੁੱਕਕੇ ਨਹਿਰ ਨਾਲ ਲਗਦੇ ਸੁੱਕੇ ਸੁਏ ਵਿੱਚ ਉਤਰ ਗਿਆ ਅਤੇ ਸੂਏ ਦੇ ਨਾਲ ਕਰੀਬ ਕਿਲੋਮੀਟਰ ਜਾਕੇ ਸੰਘਣੀਆਂ ਝਾੜੀਆਂ ਵਿੱਚ ਮਨਾਨ ਦੀ ਲਾਸ਼ ਨੂੰ ਸੁੱਟ ਦਿੱਤਾ ਅਤੇ ਫਿਰ ਸੁਨੀਤਾ ਬੇਗਮ ਦੇ ਘਰ ਚਲਾ ਗਿਆ। ਜਿੱਥੇ ਇਸ ਨੇ ਹੱਥ ਵਗੈਰਾ ਧੋਤੇ ਅਤੇ ਸੁਨਿਤਾ ਬੇਗਮ ਨੂੰ ਦੱਸਿਆ ਕਿ ਉਸ ਨੇ ਮਨਾਨ ਦੀ ਲਾਸ਼ ਨੂੰ ਟਿਕਾਣੇ ਲਾ ਦਿੱਤਾ ਹੈ। ਜੋ ਫਿਰ ਦਾਣਾ ਮੰਡੀ ਆੜਤ ਦੀ ਦੁਕਾਨ ‘ਤੇ ਆਕੇ ਆਪਣਾ ਮੋਟਰਸਾਈਕਲ ਚੁੱਕ ਕੇ ਘਰ ਚਲਾ ਗਿਆ ਅਤੇ ਰੋਜ਼ਾਨਾ ਦੀ ਤਰ੍ਹਾਂ ਆੜਤ ਦੀ ਦੁਕਾਨ ‘ਤੇ ਆਉਂਦਾ ਜਾਂਦਾ ਰਿਹਾ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛੇ ਸਾਲਾ ਮਾਸੂਮ ਬੱਚੇ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਨ੍ਹਾਂ ਦਰਿੰਦਿਆਂ ਨੂੰ ਫ਼ਾਸੀ ਦੀ ਸਜ਼ਾ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਨੋਟ:- ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਵੱਲੋਂ ਇਸ ਕਤਲ ਕੇਸ ਨੂੰ ਟਰੇਸ ਕਰਨ ਤੇ ਪਟਿਆਲਾ ਪੁਲਿਸ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਕਿਹਾ ਕਿ ਇਸ ਕੇਸ ਵਿੱਚ ਵਧੀਆ ਕੰਮ ਕਰਨ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਯੋਗ ਇਨਾਮ ਦਿੱਤਾ ਜਾਵੇਗਾ।

ਸਾਬਕਾ ਕੇਂਦਰੀ ਵਿਦੇਸ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਪਿਛਲੇ ਦਿਨੀਂ ਘਨੌਰ ਤੋਂ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕੀਤੇ 6 ਸਾਲ ਦੇ ਮਾਸੂਮ ਬੱਚੇ ਦੇ ਪਟਿਆਲਾ ਪੁਲਿਸ ਵੱਲੋਂ ਫੜੇ ਗਏ ਕਾਤਲਾਂ ਨੂੰ ਇਸ ਘਿਨਾਉਣੇ ਜੁਰਮ ਲਈ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਗੈਰ ਮਨੁੱਖੀ ਕੰਮ ਕਰਨ ਵਾਲੇ ਮੁਜਰਮਾਂ ਨੂੰ ਮਾਣਯੋਗ ਅਦਾਲਤ ਵੱਲੋਂ ਅਜਿਹੀਆਂ ਸਜਾਵਾਂ ਦੇਣੀਆਂ ਚਾਹੀਦੀਆਂ ਹਨ ਜੋ ਕਿ ਇਕ ਮਿਸਾਲ ਬਣਨ ਤਾਂ ਕਿ ਭਵਿੱਖ ਵਿੱਚ ਕੋਈ ਅਜਿਹਾ ਘਿਨਾਉਣਾ ਤੇ ਅਤਿ ਨਿੰਦਣਯੋਗ ਕਾਰਾਂ ਕਰਨ ਦੀ ਜੁਰਅਤ ਨਾ ਕਰੇ।

ਸ੍ਰੀਮਤੀ ਪਰਨੀਤ ਕੌਰ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਪੀੜ੍ਹਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਘਿਨਾਉਣੇ ਜੁਰਮ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਬਖ਼ਸਿਆਂ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ। ਸ੍ਰੀਮਤੀ ਪਰਨੀਤ ਕੌਰ ਨੇ ਇਸ ਘਿਨਾਉਣੇ ਅੰਨ੍ਹੇ ਕਤਲ ਦੇ ਮੁਜਰਮਾਂ ਨੂੰ ਕਾਬੂ ਕਰਨ ‘ਤੇ ਪਟਿਆਲਾ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਗੈਰ ਮਨੁੱਖੀ ਜੁਰਮ ਕਰਨ ਵਾਲੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾਵਾਂ ਦਿਵਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।