Shootout at Patiala,2 arrested

February 2, 2019 - PatialaPolitics

ਬੀਤੀ ਰਾਤ ਪਟਿਆਲਾ-ਨਾਭਾ ਰੋਡ ‘ਤੇ ਆਈ.ਟੀ.ਆਈ ਕੋਲ ਹਥਿਆਰਾਂ ਦੀ ਨੋਕ ‘ਤੇ ਕਾਰ ਖੋਹਣ ਵਾਲੇ ਬਦਮਾਸ਼ਾਂ ਵਿਚੋਂ ਦੋ ਦੋਸ਼ੀਆਂ ਨੂੰ ਅੱਜ ਪਟਿਆਲਾ ਪੁਲਿਸ ਨੇ ਪਿੰਡ ਸਿਊਣਾ ਨੇੜੇ ਹੋਈ ਇੱਕ ਮੁੱਠਭੇੜ ਦੌਰਾਨ ਹਥਿਆਰਾਂ ਸਮੇਤ ਕਾਬੂ ਕਰ ਲਿਆ। ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਜੋ ਖੁਦ ਇਸ ਅਪਰੇਸ਼ਨ ਦੀ ਅਗਵਾਈ ਕਰ ਰਹੇ ਸਨ ਨੇ ਮੌਕੇ ‘ਤੇ ਮੀਡੀਆ ਨੂੰ ਦੱਸਿਆ ਕਿ ਬੀਤੀ ਰਾਤ ਵਾਪਰੀ ਕਾਰ ਖੋਹਣ ਦੀ ਘਟਨਾ ਉਪਰੰਤ ਉਨ੍ਹਾਂ ਨੇ ਪਟਿਆਲਾ ਪੁਲਿਸ ਦੇ ਐਸ.ਪੀ ਇੰਨਵੈਸਟੀਗੇਸ਼ਨ ਸ. ਮਨਜੀਤ ਸਿੰਘ ਬਰਾੜ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ. ਸਟਾਫ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਸੀ।

ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇੰਨਾ ਦੋਸ਼ੀਆਂ ਦੀ ਪਿੰਡ ਸਿਊਣਾ ਦੇ ਰਣਜੀਤ ਨਗਰ ਇਲਾਕੇ ਵਿੱਚ ਸੂਚਨਾ ਮਿਲਣ ਤੇ ਕਾਰਵਾਈ ਕਰਦਿਆ ਪੁਲਿਸ ਨੇ ਇਲਾਕੇ ਵਿੱਚ ਘੇਰਾਬੰਦੀ ਕੀਤੀ ਤਾਂ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਕਾਰ ਨੂੰ ਭਜਾ ਲਿਆ ਤੇ ਪੁਲਿਸ ਦੀ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸ. ਸਿੱਧੂ ਨੇ ਦੱਸਿਆ ਕਿ ਇਸ ਮੌਕੇ ਹੋਈ ਦੁਵੱਲੀ ਫਾਇਰਿੰਗ ਦੌਰਾਨ ਮੌਕੇ ਤੋਂ ਦੋਸ਼ੀਆਂ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਮਨੀ ਦੁਲੜ ਅਤੇ ਨਵਨੀਤ ਕੈਂਥਲ ਵਜੋਂ ਹੋਈ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮੌਕੇ ‘ਤੇ ਹੋਈ ਦੁਵੱਲੀ ਫਾਇਰਿੰਗ ਦਾ ਫਾਇਦਾ ਉਠਾਉਦਿਆਂ ਤਿੰਨ ਕਥਿਤ ਦੋਸ਼ੀ ਭੱਜਣ ਵਿੱਚ ਸਫ਼ਲ ਹੋ ਗਏ, ਜਿਨ੍ਹਾਂ ਦੀ ਬਾਅਦ ਵਿੱਚ ਪਹਿਚਾਣ ਨਵ ਲਹੌਰੀਆਂ, ਅਕੁੰਰ ਅਤੇ ਪ੍ਰਸ਼ਾਤ ਵਜੋਂ ਹੋਈ ਹੈ। ਐਸ.ਐਸ.ਪੀ ਨੇ ਦੱਸਿਆ ਕਿ ਇਹ ਦੋਸ਼ੀ ਲਾਰੇਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਸਿਆ ਕਿ ਨਵ ਲਹੌਰੀਆਂ ਵੱਲੋਂ ਹਾਲ ਹੀ ਵਿੱਚ ਅੰਬਾਲਾ ਦੇ ਇੱਕ ਜਿਊਲਰ ਦਾ ਦਿਨ ਦਿਹਾੜੇ ਕਤਲ ਕਰਨ ਦੇ ਮਾਮਲੇ ਸਮੇਤ ਉਹ ਹੋਰ ਦੱਸ ਦੇ ਕਰੀਬ ਮਾਮਲਿਆ ਵਿੱਚ ਪੁਲਿਸ ਨੂੰ ਲੋੜੀਦਾ ਹੈ। ਉਨ੍ਹਾਂ ਦੱਸਿਆ ਕਿ ਭਗੌੜੇ ਦੋਸ਼ੀਆਂ ਨੂੰ ਨੱਪਣ ਲਈ ਪੰਜਾਬ ਸਮੇਤ ਨਾਲ ਦੇ ਸੂਬਿਆ ਦੀ ਪੁਲਿਸ ਨੂੰ ਵੀ ਵਾਇਰਲੈਸ ਸੰਦੇਸ਼ ਨਾਲ ਚੌਕਸ ਕਰ ਦਿੱਤਾ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਸਿਊਣਾ ਦੇ ਰਣਜੀਤ ਨਗਰ ਇਲਾਕੇ ਦੇ ਜਿਸ ਘਰ ਵਿੱਚ ਇਹ ਦੋਸ਼ੀ ਤਿੰਨ ਦਿਨ ਠਹਿਰੇ ਸਨ ਵਿਚੋਂ ਵੀ ਦਸ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਕਿ ਪਟਿਆਲਾ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਨੌਜਵਾਨ ਕਿਤੇ ਅਪਰਾਧਿਕ ਪਿਛੋਕੜ ਦੇ ਤਾਂ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਸ ਘਰ ਵਿਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਂਮਦ ਹੋਈਆਂ ਹਨ ਅਤੇ ਮੌਕੇ ਤੋਂ ਹਿਰਾਸਤ ਵਿੱਚ ਲਏ 10 ਦੇ ਕਰੀਬ ਵਿਦਿਆਰਥੀਆਂ ਕੋਲੋ ਕੋਈ ਵੀ ਕਿਤਾਬ ਬਰਾਂਮਦ ਨਹੀ ਹੋਈ। ਐਸ.ਐਸ.ਪੀ. ਨੇ ਦੱਸਿਆ ਕਿ ਮੁਢਲੀ ਪੁੱਛ-ਗਿੱਛ ਦੌਰਾਨ ਇਹ ਵੀ ਪਤਾ ਲਗਾ ਹੈ ਕਿ ਜਿਸ ਘਰ ਵਿੱਚ ਇਹ ਨੌਜਵਾਨ ਕਰਾਏ ‘ਤੇ ਰਹਿ ਰਹੇ ਸਨ ਉਸਦੇ ਮਾਲਕ ਵਲੋਂ ਕਰਾਏਦਾਰਾਂ ਬਾਰੇ ਪੁਲਿਸ ਨੂੰ ਕੋਈ ਅਗਾਓੁ ਸੂਚਨਾ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਮਕਾਨ ਦੇ ਮਾਲਕ ਖਿਲਾਫ ਵੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ.ਪੀ. ਇੰਨਵੈਸਟੀਗੇਸ਼ਨ ਸ. ਮਨਜੀਤ ਸਿੰਘ ਬਰਾੜ, ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ. ਸਟਾਫ ਸਮਾਣਾ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਵੀ ਹਾਜ਼ਰ ਸਨ।