SGPC slams Kangana Ranaut over ‘anti-Punjab’ mentalityCvmb

June 7, 2024 - PatialaPolitics

SGPC slams Kangana Ranaut over ‘anti-Punjab’ mentality

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਲਗਾਤਾਰ ਪੰਜਾਬ ਅਤੇ ਪੰਜਾਬੀਆਂ ਨੂੰ ਨਿਸ਼ਾਨੇ ਉੱਤੇ ਲੈ ਕੇ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਨਾ ਬੇਹੱਦ ਮੰਦਭਾਗਾ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਇੱਕ ਪੰਜਾਬੀ ਸੁਰੱਖਿਆ ਕਰਮੀ ਨਾਲ ਹੋਈ ਬਹਿਸਬਾਜੀ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀ ਕਰਨਾ ਉਸਦੀ ਪੰਜਾਬ ਵਿਰੋਧੀ ਮਾਨਸਿਕਤਾ ਦਾਪ੍ਰਗਟਾਵਾ ਹੈ।

ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਅਤਿਵਾਦ ਵਧ ਰਿਹਾ ਹੈ, ਇਹ ਉਸਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਦਕਿ ਸੱਚ ਇਹ ਹੈ ਕਿ ਉਸ ਦੀ ਆਪਣੀ ਜਬਾਨ ਰਾਹੀਂ ਫੈਲਾਇਆ ਜਾ ਰਿਹਾ ਅਤਿਵਾਦ ਦੇਸ਼ ਦੇ ਮਹੌਲ ਨੂੰ ਦੂਸ਼ਿਤ ਕਰ ਰਿਹਾ ਹੈ।

ਐਡਵੋਕੇਟ ਧਾਮੀ ਨੇ ਆਖਿਆ ਕਿ ਕੰਗਨਾ ਰਣੌਤ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅੱਜ ਦੇਸ਼ ਦਾ ਬਹੁ- ਕੌਮੀ ਤੇ ਬਹੁ-ਭਾਸ਼ਾਈ ਸੱਭਿਆਚਾਰ ਜਿੰਦਾ ਹੈ ਤਾਂ ਉਸ ਪਿੱਛੇ ਪੰਜਾਬੀਆਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਹਨ। ਇਤਿਹਾਸ ਨੂੰ ਭੁੱਲ ਕੇ ਕੇਵਲ ਚਰਚਿਤ ਹੋਣ ਲਈ ਦੇਸ਼ ਵਿੱਚ ਲੋਕਾਂ ਦੀ ਆਪਸੀ ਸਦਭਾਵਨਾ ਅਤੇ ਪਰਸਪਰ ਸਮਾਜਿਕ ਰਿਸ਼ਤਿਆਂ ਦੀ ਅਣਦੇਖੀ ਕਰਨਾ ਦੇਸ਼ ਲਈ ਚੰਗਾ ਨਹੀਂ ਹੈ। ਪਰੰਤੂ ਕੰਗਣਾ ਰਣੌਤ ਜਾਣਬੁੱਝ ਕੇ ਇਸ ਰਸਤੇ ਉੱਤੇ ਤੁਰ ਰਹੀ ਹੈ। ਐਡਵੋਕੇਟ ਧਾਮੀ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਅਪੀਲ ਕੀਤੀ ਕਿ ਹ ਕੰਗਨਾ ਰਣੌਤ ਨੂੰ ਜਾਬਤੇ ਵਿੱਚ ਰਹਿਣ ਦਾ ਪਾਠ ਪੜ੍ਹਾਉਣ ਅਤੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਦੇ ਹਵਾਈ ਅੱਡੇ ਉੱਤੇ ਵਾਪਰੀ ਘਟਨਾ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਇਸ ਵਿੱਚ ਵੀ ਕੰਗਨਾ ਰਣੌਤ ਵੱਲੋਂ ਪੰਜਾਬ ਵਿਰੁੱਧ ਨਫ਼ਰਤੀ ਮਹੌਲ ਸਿਰਜਣ ਲਈ ਕੋਈ ਸ਼ਰਾਰਤੀ ਬਹਿਸਬਾਜੀ ਤਾਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰੀ ਸਰੁੱਖਿਆ ਬਲ ਵੱਲੋਂ ਕੀਤੀ ਜਾਣ ਵਾਲੀ ਜਾਂਚ ਬਿਨਾਂ ਕਿਸੇ ਦੇ ਸਿਆਸੀ ਤੇ ਸਖ਼ਸ਼ੀ ਪ੍ਰਭਾਵ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਨਾਲ ਅਨਿਆ ਨਾ ਹੋਵੇ।