Nurse jumps of from Rajindra Hospital Patiala
February 28, 2019 - PatialaPolitics
ਨਰਸਾਂ ਨੇ ਰਜਿੰਦਰਾ ਹਸਪਤਾਲ ਦੀ ਛੱਤ ਤੋਂ ਲਾਈ ਛਲਾਂਗ
ਸਰਕਾਰੀ ਰਜਿੰਦਰਾ ਹਸਪਤਾਲ ਦੀ ਇਮਾਰਤ ਦੀ ਛੱਤ ‘ਤੇ ਬੈਠੀਆਂ ਜਿਹੜੀਆਂ ਦੋ ਨਰਸਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਅੱਜ ਸ਼ਾਮ ਛਾਲ ਮਾਰੀ ਹੈ, ਦੀ ਜਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਅਗਾਊਂ ਪ੍ਰਬੰਧਾਂ ਕਰਕੇ ਬਚਾ ਲਈ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਗੱਲਬਾਤ ਰਾਹੀਂ ਮਨਾਉਣ ਦੇ ਯਤਨ ਕੀਤੇ ਪਰੰਤੂ ਇਹ ਨਰਸਾਂ ਗੱਲਬਾਤ ਨੂੰ ਤਰਜੀਹ ਦੇਣ ਦੀ ਥਾਂ ਜਿੱਦ ‘ਤੇ ਅੜੀਆਂ ਰਹੀਆਂ ਜਿਸ ਲਈ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਛੱਤ ਤੋਂ ਛਾਲ ਮਾਰੇ ਜਾਣ ਵਾਲੀ ਸੰਭਾਵਤ ਥਾਂ ‘ਤੇ ਜਾਲ ਵਿਛਾ ਕੇ ਗੱਦੇ ਵਿਛਾਏ ਹੋਏ ਸਨ, ਜਿਸ ਕਾਰਨ ਦੋਵਾਂ ਨਰਸਾਂ ਦੀ ਜਾਨ ਬਚਾ ਲਈ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਇਸ ਘਟਨਾ ‘ਚ ਕੁਝ ਸੱਟਾਂ ਲੱਗਣ ਕਾਰਨ ਫੱਟੜ ਹੋਈ ਨਰਸ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਅਤੇ ਸ੍ਰੀ ਸਿੱਧੂ ਨੇ ਹੜਤਾਲ ਕਰ ਰਹੀਆਂ ਨਰਸਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਅਜਿਹਾ ਰਾਹ ਅਖਤਿਆਰ ਕਰਨ ਦੀ ਬਜਾਇ ਮਸਲੇ ਦੇ ਹੱਲ ਲਈ ਗੱਲਬਾਤ ਨੂੰ ਤਰਜੀਹ ਦੇਣ, ਕਿਉਂਕਿ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਪਹਿਲਾਂ ਹੀ ਗੰਭੀਰ ਹਨ।