Police Line Patiala Hospital gets new look
March 1, 2019 - PatialaPolitics
ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪੁਲਿਸ ਲਾਈਨ ਪਟਿਆਲਾ ਵਿਖੇ ਬਣੇ ਹਸਪਤਾਲ ਦੀਆਂ ਸਹੂਲਤਾਂ ਵਿੱਚ ਵਾਧਾ ਕਰਦੇ ਹੋਏ ਅਤੇ ਹਸਪਤਾਲ ਦੇ ਨਵੀਨੀਕਰਨ ‘ਤੇ 15 ਲੱਖ ਰੁਪਏ ਖਰਚ ਕਰਕੇ ਹਸਪਤਾਲ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਗਿਆ ਹੈ। ਅੱਜ ਪੁਲਿਸ ਲਾਈਨ ਪਟਿਆਲਾ ਵਿਖੇ ਕਰਵਾਏ ਸਮਾਗਮ ਦੌਰਾਨ ਆਈ.ਜੀ. ਪਟਿਆਲਾ ਜ਼ੋਨ ਸ੍ਰੀ ਏ.ਐਸ. ਰਾਏ ਨੇ ਨਵੇਂ ਬਣੇ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਲਾਈਨਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਖੂਨਦਾਨ ਕੀਤਾ।
ਇਸ ਮੌਕੇ ਆਈ.ਜੀ. ਪਟਿਆਲਾ ਸ੍ਰੀ ਏ.ਐਸ. ਰਾਏ ਨੇ ਪਟਿਆਲਾ ਪੁਲਿਸ ਦੀ ਸ਼ਲਾਘਾ ਕਰਦਿਆ ਕਿਹਾ ਕਿ ਜਿਥੇ ਪਿਛਲੇ ਸਮੇਂ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਅਪਰਾਧੀਆਂ ‘ਤੇ ਨਕੇਲ ਪਾਈ ਗਈ ਹੈ ਉਥੇ ਹੀ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੁਰਾਣੇ ਹਸਪਤਾਲ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਗਿਆ ਹੈ। ਸ੍ਰੀ ਰਾਏ ਨੇ ਕਿਹਾ ਕਿ ਪੁਲਿਸ ਦੀ ਸਿਹਤ ਸਹੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਉਹ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਕਰ ਸਕਦੇ ਹਨ। ਉਨ੍ਹਾਂ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਦੀ ਸੰਗਰੂਰ ਤੇ ਪਟਿਆਲਾ ਵਿਖੇ ਪੁਲਿਸ ਮੁਲਾਜ਼ਮਾਂ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ 15 ਲੱਖ ਰੁਪਏ ਨਾਲ ਕਰਵਾਏ ਇਸ ਕੰਮ ਵਿੱਚ 7 ਲੱਖ ਰੁਪਏ ਦੀਆਂ ਮਸ਼ੀਨਾਂ ਤੇ 8 ਲੱਖ ਰੁਪਏ ਹਸਪਤਾਲ ਦੀ ਮੁਰੰਮਤ ‘ਤੇ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਵਿੱਚ ਲਗਾਈਆਂ ਗਈਆਂ ਆਧੁਨਿਕ ਮਸ਼ੀਨਾਂ ਨਾਲ ਮੁਲਾਜ਼ਮਾਂ ਦੇ ਖੂਨ ਦੇ ਟੈਸਟ, ਅੱਖਾਂ ਤੇ ਦੰਦਾਂ ਦੀ ਜਾਂਚ ਬਹੁਤ ਹੀ ਘੱਟ ਕੀਮਤ ‘ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਤੋਂ ਇਲਾਵਾ ਡੀ.ਏ.ਵੀ ਪੁਲਿਸ ਸਕੂਲ ਦੇ ਵਿਦਿਆਰਥੀਆਂ ਦੇ ਟੈਸਟ ਤੇ ਇਲਾਜ ਵੀ ਕੀਤਾ ਜਾਵੇਗਾ। ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਲਾਈਨ ਵਿਖੇ ਮੁਲਾਜ਼ਮਾਂ ਨੂੰ ਘਰੇਲੂ ਸਮਾਗਮ ਕਰਨ ਲਈ ਇੱਕ ਹਾਲ ਵੀ ਬਣਾਵਾਕੇ ਦਿੱਤਾ ਜਾਵੇਗਾ ਜਿਥੇ ਉਹ ਆਪਣੇ ਖੁਸ਼ੀ-ਗਮੀ ਦੇ ਸਮਾਗਮ ਕਰ ਸਕਣਗੇ।
ਇਸ ਮੌਕੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹਰ ਤਰਾਂ ਦੀ ਮਦਦ ਬਿਨਾਂ ਕਿਸੇ ਦੇਰੀ ਦੇ ਮੁਹੱਈਆ ਕਰਵਾਈ ਜਾਵੇਗੀ ਅਤੇ ਸਿਹਤ ਵਿਭਾਗ ਦੇ ਡਾਕਟਰ ਪੁਲਿਸ ਲਾਈਨ ਹਸਪਤਾਲ ਦਾ ਦੌਰਾ ਲਗਾਤਾਰ ਕਰਦੇ ਰਹਿਣਗੇ। ਇਸ ਮੌਕੇ ਲਾਈਨਜ਼ ਕਲੱਬ ਪਟਿਆਲਾ ਦੇ ਡਿਪਟੀ ਗਵਰਨਰ ਸ੍ਰੀ ਗੁਪਾਲ ਕ੍ਰਿਸ਼ਨ ਪੁਰੀ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵੱਲੋਂ ਹਸਪਤਾਲ ਨੂੰ ਅੱਖਾਂ ਦੀ ਜਾਂਚ ਕਰਨ ਵਾਲੀ ਮਸ਼ੀਨ ਭੇਟ ਕੀਤੀ ਜਾਵੇਗੀ।
ਸਮਾਗਮ ਦੌਰਾਨ ਐਸ.ਪੀ. (ਸਥਾਨਕ) ਡਾ. ਰਵਜੋਤ ਗਰੇਵਾਲ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਡੀ.ਐਸ.ਪੀ ਸੌਰਵ ਜਿੰਦਲ ਵੱਲੋਂ ਮੰਚ ਸੰਚਾਲਨ ਕੀਤਾ ਗਿਆ।
ਇਸ ਮੌਕੇ ਪੁਲਿਸ ਲਾਈਨ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਸਾਜੀਲਾ ਖਾਨ, ਮੈਡੀਕਲ ਅਫਸਰ ਪੀ.ਏ.ਪੀ. ਬਹਾਦਰਗੜ੍ਹ ਡਾ. ਰੀਤੂ, ਐਸ.ਪੀ. ਸਿਟੀ. ਸ੍ਰੀ ਹਰਮਨ ਹਾਂਸ, ਐਸ.ਪੀ. ਸ੍ਰੀ ਮਨਜੀਤ ਸਿੰਘ ਬਰਾੜ, ਐਸ.ਪੀ. (ਡੀ) ਸ੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸ੍ਰੀਮਤੀ ਹਰਵੰਤ ਕੌਰ, ਪ੍ਰਧਾਨ ਲਾਇਨਜ਼ ਕਲੱਬ ਸ੍ਰੀ ਟੀ.ਸੀ. ਜਿੰਦਲ, ਸ੍ਰੀ ਡੀ.ਕੇ ਸੂਦ ਸਮੇਤ ਵੱਡੀ ਗਿਣਤੀ ਪੁਲਿਸ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।