6476 Patiala youth gets jobs in Ghar Ghar Rozgaar
March 5, 2019 - PatialaPolitics
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਨੌਕਰੀ ਦੇ ਚਾਹਵਾਨਾਂ ਤੇ ਉਮੀਦਵਾਰਾਂ ਦੀ ਭਾਲ ‘ਚ ਕੰਪਨੀਆਂ ਲਈ ਲਾਹੇਵੰਦ ਸਾਬਤ ਹੋਇਆ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ
-87 ਪਲੇਸਮੈਂਟ ਕੈਂਪ, 17 ਨੌਕਰੀ ਮੇਲੇ ਲਗਾਕੇ 6476 ਨੂੰ ਰੋਜ਼ਗਾਰ ਦਿਵਾਇਆ
-ਘਰ-ਘਰ ਰੋਜ਼ਗਾਰ ਪੋਰਟਲ ‘ਤੇ 33616 ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਹੋਈ
-ਪਟਿਆਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪੰਜਾਬ ਭਰ ਦੇ ਜ਼ਿਲ੍ਹਿਆਂ ‘ਚੋਂ ਮੋਹਰੀ
ਪੰਜਾਬ ਦੇ ਰੋਜ਼ਗਾਰ ਉਤਪਤੀ ਤੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਫ਼ਲੈਗਸ਼ਿਪ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਤਹਿਤ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਦੇ ਨਾਲ-ਨਾਲ ਯੋਗ ਉਮੀਦਵਾਰਾਂ ਦੀ ਤਲਾਸ਼ ‘ਚ ਕੰਪਨੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਇਆ ਹੈ। ਪਟਿਆਲਾ ਦਾ ਇਹ ਬਿਊਰੋ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੇ ਮਾਮਲੇ ‘ਚ ਪੰਜਾਬ ਭਰ ‘ਚੋਂ ਮੋਹਰੀ ਰਿਹਾ ਹੈ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਿੱਥੇ ਸਾਲ 2018 ‘ਚ 63 ਪਲੇਸਮੈਂਟ ਕੈਂਪ ਅਤੇ 12 ਨੌਕਰੀ ਮੇਲੇ ਲਗਾ ਕੇ 3093 ਉਮੀਦਵਾਰਾਂ ਨੂੰ ਯੋਗ ਕਾਰੋਬਾਰ ਤੇ ਨੌਕਰੀ ਦੇ ਮੌਕੇ ਉਪਲਬਧ ਕਰਵਾਏ ਹਨ, ਉਥੇ ਹੀ ਸਾਲ 2019 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਵੀ ਇਸ ਬਿਊਰੋ ਦੀਆਂ ਸੇਵਾਵਾਂ ਸ਼ਲਾਘਾਯੋਗ ਰਹੀਆਂ ਹਨ। ਇਸ ਵੱਲੋਂ 5 ਨੌਕਰੀ ਮੇਲੇ ਅਤੇ 19 ਪਲੇਸਮੈਂਟ ਕੈਂਪ ਲਗਵਾ ਕੇ 3383 ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦੇ ਮੌਕੇ ਉਪਲਬਧ ਕਰਵਾਏ ਹਨ। ਜਦੋਂਕਿ ਘਰ-ਘਰ ਰੋਜ਼ਗਾਰ ਪੋਰਟਲ ‘ਤੇ ਹੁਣ ਤੱਕ 33616 ਪ੍ਰਾਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।
ਇਸ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਥੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਵੈ-ਰੁਜ਼ਗਾਰ ਸਕੀਮਾਂ, ਸਿਖਲਾਈ ਪ੍ਰੋਗਰਾਮਾਂ ਅਤੇ ਰੁਜ਼ਗਾਰ ਲਈ ਕਰਜ਼ਾ ਸਕੀਮਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬੱਚਿਆਂ ਨੂੰ ਆਨਲਾਈਨ ਫ਼ਾਰਮ ਭਰਨ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਬਿਹਤਰ ਭਵਿੱਖ ਲਈ ਆਪਣੀ ਰੁਚੀ ਅਨੁਸਾਰ ਮਨਪਸੰਦ ਦਾ ਖੇਤਰ ਚੁਣ ਕੇ ਉਸ ਮੁਤਾਬਕ ਵਿਉਂਤਬੰਦੀ ਕਰਨ। ਜਦੋਂਕਿ 16 ਤੋਂ 50 ਸਾਲ ਦਰਮਿਆਨ ਉਮਰ ਦੇ ਨੌਕਰੀਆਂ ਲਈ ਚਾਹਵਾਨ ਉਮੀਦਵਾਰ ਸਿੱਧੇ ਤੌਰ ‘ਤੇ ਇਥੇ ਪਹੁੰਚ ਕਰ ਸਕਦੇ ਹਨ।
ਜ਼ਿਲ੍ਹਾ ਬਿਊਰੋ ਦੇ ਡਿਪਟੀ ਡਾਇਰੈਕਟਰ ਸ੍ਰੀ ਜਤਿੰਦਰ ਕੁਮਾਰ ਸਰੀਨ ਨੇ ਦੱਸਿਆ ਕਿ ਇਥੇ ਆਉਣ ਵਾਲੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀ ਵੈੱਬਸਾਈਟ www.ghargharrozgar.punjab.gov.in ‘ਤੇ ਆਪਣਾ ਬਾਇਉਡਾਟਾ ਆਨਲਾਈਨ ਅਪਲੋਡ ਕਰਨ, ਮਨਮਰਜ਼ੀ ਦੇ ਰੁਜ਼ਗਾਰ ਲੱਭਣ ਅਤੇ ਰੁਜ਼ਗਾਰ ਨਾਲ ਸਬੰਧਤ ਹੋਰ ਜਾਣਕਾਰੀ ਲੈਣ ਲਈ ਕੰਪਿਊਟਰ, ਇੰਟਰਨੈਟ ਤੇ ਵਾਈ-ਫ਼ਾਈ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਉਣ ਸਮੇਤ ਘਰ-ਘਰ ਰੁਜ਼ਗਾਰ ਸਕੀਮ ਤਹਿਤ ਹਰ ਮਹੀਨੇ 2 ਰੁਜ਼ਗਾਰ ਮੇਲੇ ਲਾ ਕੇ ਬੱਚਿਆਂ ਦੀ ਪਲੇਸਮੈਂਟ ਕਰਵਾਈ ਜਾਂਦੀ ਹੈ।
ਜਿਕਰਯੋਗ ਹੈ ਕਿ 60 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੇਵਾ ਕੇਂਦਰ ਦੀ ਇਮਾਰਤ ਦੇ ਬਿਲਕੁਲ ਨਾਲ ਕਰੀਬ 4000 ਵਰਗ ਫ਼ੁਟ ‘ਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਤੇ ਏਨਰਜੀ ਐਫੀਸੀਏਂਟ ਜ਼ਿਲ੍ਹਾ ਰੁਜ਼ਗਾਰ ਉਤਪਤੀ ਤੇ ਕਾਰੋਬਾਰੀ ਬਿਊਰੋ ਵਿਖੇ ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਲਈ ਵਿਸ਼ੇਸ਼ੀਕ੍ਰਿਤ ਕਮਰਿਆਂ ਸਮੇਤ ਲਾਇਬ੍ਰੇਰੀ, ਪੁੱਛਗਿੱਛ ਕੇਂਦਰ, ਰਜਿਸਟ੍ਰੇਸ਼ਨ ਕੇਂਦਰ, ਵੇਟਿੰਗ ਰੂਮ, ਇੰਟਰਵਿਊ ਰੂਮ, ਕਾਨਫ਼ਰੰਸ ਰੂਮ, ਲਾਈਨ ਡਿਪਾਟਰਟਮੈਂਟ ਆਫ਼ੀਸਰ ਸੈਕਸ਼ਨ, ਵਿਦੇਸ਼ੀ ਪ੍ਰਵਾਸ ਅਤੇ ਸਵੈ ਰੁਜ਼ਗਾਰ ਕੇਂਦਰ, ਪਲੇਸਮੈਂਟ ਆਫ਼ੀਸਰ ਤੇ ਕਰੀਅਰ ਕੌਂਸਲਰ ਰੂਮ ਉਚੇਚੇ ਤੌਰ ‘ਤੇ ਸਥਾਪਤ ਕੀਤੇ ਗਏ ਹਨ।
ਇਥੇ ਨੌਜਵਾਨਾਂ ਦੀ ਸੂਬੇ, ਦੇਸ਼ ਤੇ ਵਿਦੇਸ਼ਾਂ ‘ਚ ਰੁਜ਼ਗਾਰ ਲਈ ਵਿਸ਼ੇਸ਼ ਕੌਂਸਲਿੰਗ ਕੀਤੀ ਜਾਂਦੀ ਹੈ ਤੇ ਰੁਜ਼ਗਾਰ ਦੇ ਚਾਹਵਾਨ ਨੌਜਵਾਨਾਂ ਦਾ ਬਾਇਉਡਾਟਾ ਆਨਲਾਈਨ ਅਪਲੋਡ ਕਰਕੇ ਰੱਖਿਆ ਜਾਂਦਾ ਹੈ। ਸਕੂਲਾਂ, ਕਾਲਜਾਂ ਤੇ ਆਈ.ਟੀ.ਆਈਜ਼ ਤੋਂ ਰੋਜ਼ਾਨਾ 40 ਬੱਚਿਆਂ, ਨੌਜਵਾਨਾਂ ਦਾ ਗਰੁੱਪ ਇਥੇ ਕੌਂਸਲਿੰਗ ਲਈ ਆ ਰਿਹਾ ਹੈ, ਜਿਨ੍ਹਾਂ ਦੀ ਜ਼ਿਲ੍ਹਾ ਉਦਯੋਗ ਕੇਂਦਰ, ਕਿਰਤ ਵਿਭਾਗ, ਬੈਕਫ਼ਿੰਕੋ, ਐਸ.ਸੀ. ਕਾਰਪੋਰੇਸ਼ਨ ਤੇ ਪੰਜਾਬ ਹੁਨਰ ਵਿਕਾਸ ਵਿਭਾਗ ਦੇ ਮਾਹਰਾਂ ਅਤੇ ਸਿੱਖਿਆ ਵਿਭਾਗ ਦੇ ਗਾਈਡੈਂਸ ਕੌਂਸਲਰ ਵੱਲੋਂ ਕੌਂਸਲਿੰਗ ਕੀਤੀ ਜਾਂਦੀ ਹੈ।