Craft Mela Patiala 2019 ends with memories

March 5, 2019 - PatialaPolitics

ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ 19 ਫਰਵਰੀ ਤੋਂ ਚੱਲ ਰਿਹਾ ਕਰਾਫ਼ਟ ਮੇਲਾ ਪਟਿਆਲਾ ਵਾਸੀਆਂ ਦੇ ਮਨਾ ਅੰਦਰ ਅਮਿੱਟ ਯਾਦਾਂ ਛੱਡਦਾ ਹੋਇਆ ਅੱਜ ਸਮਾਪਤ ਹੋ ਗਿਆ। ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕਰਾਫ਼ਟ ਮੇਲੇ ਨੇ ਦੇਸ਼ ਦੇ 20 ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਦੇ ਦਸਤਕਾਰਾਂ ਵੱਲੋਂ ਬਣਾਈਆਂ ਵਸਤਾਂ, ਫ਼ੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ ਤੇ ਖਾਣਪੀਣ ਦਾ ਸਾਜੋ-ਸਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਸੀ। ਜਿਸ ਵਿੱਚ ਪਟਿਆਲਾ ਅਤੇ ਦੂਰ-ਦੁਰਾਡੇ ਤੋਂ ਮੇਲਾ ਦੇਖਣ ਆਏ ਸੈਲਾਨੀਆਂ ਨੇ ਕਾਫ਼ੀ ਦਿਲਚਸਪੀ ਦਿਖਾਉਂਦੇ ਹੋਏ ਖੂਬ ਖ਼ਰੀਦੋ-ਫ਼ਰੋਖ਼ਤ ਕੀਤੀ ਜਿਸ ਤੋਂ ਦਸਤਕਾਰ ਸੰਤੁਸ਼ਟ ਜਾਪੇ। ਕਰਾਫ਼ਟ ਮੇਲੇ ਦਾ ਪਟਿਆਲਾ ਵਾਸੀਆਂ ਵਿੱਚ ਉਤਸ਼ਾਹ ਦੇਖਦੇ ਹੋਏ ਮੇਲੇ ਨੂੰ ਦੋ ਦਿਨ ਹੋਰ ਵੀ ਵਧਾਇਆ ਗਿਆ।

ਕਰਾਫ਼ਟ ਮੇਲੇ ਦੇ ਸਮਾਪਤੀ ਸਮਾਰੋਹ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਪਟਿਆਲਾ ਆਈ.ਜੀ ਪਟਿਆਲਾ ਜੋਨ ਸ੍ਰੀ ਏ. ਐਸ ਰਾਏ ਨੇ ਕਿਹਾ ਕਿ ਮੇਲੇ ਦੌਰਾਨ ਪਟਿਆਲਾ ਸ਼ਹਿਰ ਵਿੱਚ ਜਿਥੇ ਸੈਲਾਨੀ ਦੀ ਆਮਦ ਵਿੱਚ ਵਾਧਾ ਹੋਇਆ ਉਥੇ ਹੀ ਪਟਿਆਲਾ ਵਾਸੀਆਂ ਨੂੰ ਭਾਰਤ ਦੀ ਵਿਲੱਖਣ ਸੰਸਕ੍ਰਿਤੀ ਨੂੰ ਇਕੋ ਛੱਤ ਥੱਲੇ ਵੇਖਣ ਦਾ ਮੌਕੇ ਮਿਲਿਆ ਹੈ ਅਤੇ ਅਜਿਹੇ ਮੇਲੇ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਦੇ ਸੁਹਿਰਦ ਯਤਨਾਂ ਸਦਕਾ ਪਟਿਆਲਾ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਬਾਅਦ ਪਿੱਛਲੇ ਸਾਲ ਤੋਂ ਮੇਲਿਆਂ ਦਾ ਆਯੋਜਨ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਅਤੇ ਪਿਛਲੇ ਸਾਲ ਪਟਿਆਲਾ ਵਾਸੀਆਂ ਵੱਲੋਂ ਮਿਲੇ ਭਰਪੂਰ ਪਿਆਰ ਸਦਕਾ ਇਸ ਵਾਰ ਲਗਾਤਾਰ ਦੂਸਰੇ ਸਾਲ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਾਫ਼ਟ ਮੇਲੇ ਨੇ ਪਟਿਆਲਾ ਵਾਸੀਆਂ ਨੂੰ ਭਾਰਤ ਦੀਆਂ ਪ੍ਰਸਿੱਧ ਦਸਤਕਾਰੀ ਵਸਤਾਂ, ਅਲੱਗ-ਅਲੱਗ ਖੇਤਰਾਂ ਦੇ ਪਕਵਾਨ ਅਤੇ ਵੱਖਰੇ-ਵੱਖਰੇ ਇਲਾਕਿਆਂ ਦੇ ਲੋਕ ਨਾਚਾ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਨੇ ਜਿਥੇ ਲੋਕਾਂ ਨੂੰ ਪੂਰੇ ਦੇਸ਼ ਭਰ ਦੇ ਸ਼ਿਲਪਕਾਰਾਂ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਹਨ ਉਥੇ ਹੀ ਸਾਰੇ ਰਾਜਾ ਦੇ ਸਭਿਆਚਾਰ ਦਾ ਵੀ ਆਨੰਦ ਮਾਣਿਆਂ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਪਟਿਆਲਾ ਸ਼ਹਿਰ ਅੰਦਰ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਪਟਿਆਲਾ ਵਾਸੀਆਂ ਨੂੰ ਇਕੋ ਛੱਤ ਥੱਲੇ ਭਾਰਤ ਦੇ ਹਰ ਖੇਤਰ ਦੀ ਸੰਸਕ੍ਰਿਤੀ ਨਾਲ ਜੋੜਿਆਂ ਜਾ ਸਕੇ।
ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਲੱਗੇ ਕਾਰਫ਼ਟ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੇ ਪਹੁੰਚਕੇ ਮੇਲੇ ਦਾ ਆਨੰਦ ਮਾਣਿਆਂ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ 3 ਲੱਖ 15 ਹਜ਼ਾਰ ਦੇ ਕਰੀਬ ਲੋਕਾਂ ਨੇ ਸ਼ਿਰਕਤ ਕਰਕੇ ਇਸ ਮੇਲੇ ਨੂੰ ਸਫਲ ਬਣਾਇਆ ਹੈ। ਉਥੇ ਹੀ ਕਰੀਬ 4 ਕਰੋੜ 25 ਲੱਖ ਦੀ ਵਿੱਕਰੀ ਨੇ ਦਸਤਕਾਰਾਂ ਨੂੰ ਬਾਗੋ-ਬਾਗ ਕਰ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਵਿੱਚ ਪਟਿਆਲਾ ਵਾਸੀਆਂ ਵੱਲੋਂ ਦਿਖਾਏ ਉਤਸ਼ਾਹ ਕਰਕੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ ਜਿਸ ਕਾਰਨ ਮੇਲੇ ਨੂੰ ਦੋ ਦਿਨ ਹੋਰ ਵਧਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਸਫਲ ਬਨਾਉਣ ਲਈ ਪਟਿਆਲਾ ਵਾਸੀਆਂ ਦਾ ਵੱਡਾ ਯੋਗਦਾਨ ਹੈ।
ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਏ.ਐਸ ਰਾਏ ਨੇ ਸਭ ਤੋਂ ਵੱਧ ਵਿੱਕਰੀ ਕਰਨ ਵਾਲੇ ਪਹਿਲੇ ਤਿੰਨ ਗਰੁੱਪਾ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਪਹਿਲੇ ਸਥਾਨ ਉਪਰ ਉਤਰ ਪ੍ਰਦੇਸ਼ ਦੇ ਉਨੀ ਚਾਦਰਾ ਦੇ ਵਿਕਰੇਤਾ ਨੌਸ਼ਅਰ ਅਲੀ ਰਹੇ ਜਿਨ੍ਹਾਂ ਨੇ 9 ਲੱਖ ਦੇ ਕਰੀਬ ਵਿੱਕਰੀ ਕੀਤੀ, ਦੂਸਰੇ ਨੰਬਰ ‘ਤੇ ਉਤਰ ਪ੍ਰਦੇਸ਼ ਬਨਾਰਸੀ ਸਿਲਕ ਵਿਕਰੇਤਾ ਅਲਤਾਫੁਰ ਰਹਿਮਾਨ ਰਹੇ ਜਿਨ੍ਹਾਂ ਨੇ 8.25 ਲੱਖ ਦੀ ਵਿੱਕਰੀ ਕੀਤੀ ਅਤੇ ਤੀਸਰੇ ਸਥਾਨ ਉਪਰ ਜੰਮੂ ਕਸ਼ਮੀਰ ਦੇ ਕਸ਼ਮੀਰੀ ਕਾਹਵਾ ਲਈ ਮਸ਼ਹੂਰ ਫਰਹਾਨ ਏ ਮਗਰਾਨ ਰਹੇ ਜਿਨ੍ਹਾਂ ਨੇ ਕਰੀਬ 6.75 ਲੱਖ ਦੀ ਵਿੱਕਰੀ ਕੀਤੀ । ਇਸ ਮੌਕੇ ਵਲੰਟੀਅਰਜ਼ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਫਰਵਰੀ ਤੋਂ ਸ਼ੁਰੂ ਹੋਏ ਕਰਾਫ਼ਟ ਮੇਲੇ ਵਿੱਚ ਪਹਿਲੇ ਦਿਨ ਤੋਂ ਹੀ ਪੰਜਾਬ ਸਮੇਤ ਦੇਸ਼ ਅਤੇ ਵਿਦੇਸ਼ਾਂ ਦੇ ਸੈਲਾਨੀਆਂ ਦਾ ਵੱਡੀ ਗਿਣਤੀ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ, ਇਸ ਮੇਲੇ ਵਿੱਚ ਜਿਥੇ 20 ਰਾਜਾਂ ਦੀਆਂ ਦਸਤਕਾਰੀ ਵਸਤਾਂ ਲਈ 220 ਤੋਂ ਵਧੇਰੇ ਸਟਾਲਾਂ ਲਗਾਈਆਂ ਗਈਆਂ ਸਨ। ਉਥੇ ਹੀ ਉਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਰੰਗਾ-ਰੰਗ ਪੇਸ਼ਕਾਰੀ ਦੌਰਾਨ ਵੱਖ-ਵੱਖ 17 ਰਾਜਾਂ ਦੇ 450 ਕਲਾਕਾਰਾ ਨੇ ਹਿੱਸਾ ਲਿਆ ਜਿਸ ਵਿੱਚ ਲੋਕ ਨਾਚਾਂ ਅਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ। ਜਿਸ ਵਿੱਚ ਪੰਜਾਬ ਦੇ ਲੋਕ ਨਾਚਾਂ, ਮੁਰਲੀ ਰਾਜਸਥਾਨੀ ਦੀ ਪੰਜਾਬੀ ਲੋਕ ਗਾਇਕੀ, ਰਾਜਸਥਾਨ ਦਾ ਤੇਰਾਤਾਲ, ਹਰਿਆਣਾ ਦਾ ਘੂਮਰ, ਗੁਜਰਾਤ ਦਾ ਸਿੱਧੀ ਧਮਾਲ, ਉਤਰਾਖੰਡ ਦੇ ਛਪੇਲੀ, ਹਿਮਾਚਲ ਪ੍ਰਦੇਸ਼ ਦੇ ਨਾਟੀ, ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਅਸਾਮ ਦੇ ਬੀਹੂ, ਛਤੀਸ਼ਗੜ੍ਹ ਦੇ ਪੰਥੀ, ਉਡੀਸ਼ਾ ਦੇ ਗੋਟੀਪੁਆ, ਜੰਮੂ ਕਸ਼ਮੀਰ ਦੀ ਧਮਾਲੀ, ਪੰਜਾਬ ਪੁਲਿਸ ਦੀ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਦੋਂਕਿ ਮੇਲੇ ‘ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਬੰਚਾਰੀ ਦਾ ਨਗਾੜਾ, ਬਹਿਰੂਪੀਏ, ਕੱਚੀ ਘੋੜੀ, ਪੌੜੀ ‘ਤੇ ਤੁਰਨ ਵਾਲੇ, ਬਾਜ਼ੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੇ ਬੱਚਿਆਂ ਸਮੇਤ ਹਰ ਉਮਰ ਵਰਗ ਨੂੰ ਖ਼ੂਬ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਕਲਚਰਲ ਟਰੂਪ ਵੱਲੋਂ ਵੀ ਸ਼ਾਨਦਾਰ ਪੇਸ਼ਕਾਰੀ ਕੀਤੀਆਂ ਗਈਆਂ।
ਕਰਾਫ਼ਟ ਮੇਲੇ ਦੇ ਸਮਾਪਤੀ ਸਮਾਰੌਹ ਦੋਰਾਨ ਸਹਾਇਕ ਕਮਿਸ਼ਨਰ (ਸਿਲਾਈ ਅਧੀਨ) ਸ੍ਰੀ ਰਾਹੁਲ ਸਿੰਧੂ ਨੇ ਦੱਸਿਆ ਕਿ ਕਰਾਫ਼ਟ ਮੇਲੇ ਦੌਰਾਨ 40 ਸਕੂਲਾਂ ਦੇ ਕਰੀਬ ਪੰਜ ਹਜ਼ਾਰ ਬੱਚਿਆਂ ਨੇ ਕਰਾਫ਼ਟ ਮੇਲੇ ਦਾ ਆਨੰਦ ਮਾਣਿਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਪੇਂਟਿੰਗ, ਗਿੱਧਾ, ਭੰਗੜਾ ਅਤੇ ਦਸਤਾਰਬੰਦੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਗੂੰਗੇ-ਬੋਲੇ ਬੱਚਿਆਂ ਨੇ ਕਰਾਫ਼ਟ ਮੇਲੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਵੋਟਰ ਜਾਗਰੂਕਤਾ ਲਈ ਵੀ ਬੂਥ ਬਣਾਇਆ ਗਿਆ ਜਿਸ ਤੇ ਨੋਡਲ ਅਫ਼ਸਰ ਸ੍ਰੀ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਨੌਜਵਾਨਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਪ੍ਰੇਰਿਤ ਕੀਤਾ।
ਕਰਾਫ਼ਟ ਮੇਲੇ ਦੇ ਨੋਡਲ ਅਫ਼ਸਰ ਸ੍ਰੀ ਰਾਹੁਲ ਸਿੰਧੂ ਨੇ ਮੇਲੇ ਨੂੰ ਸਫਲ ਬਨਾਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਮੇਲੇ ਦੌਰਾਨ ਵਲੰਟੀਅਰਜ਼ ਦੁਆਰਾ ਦਿੱਤੀ ਡਿਊਟੀ ਦੀ ਵੀ ਉਨ੍ਹਾਂ ਸਰਾਹਨਾ ਕੀਤੀ ਅਤੇ ਆਈ.ਟੀ.ਆਈ ਲੜਕੇ ਅਤੇ ਲੜਕੀਆਂ, ਯੁਵਕ ਸੇਵਾਵਾਂ ਵਿਭਾਗ ਅਤੇ ਪਾਵਰ ਹਾਊਸ ਯੂਥ ਕਲੱਬ ਦੇ ਨਾਲ-ਨਾਲ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਜਿਨ੍ਹਾਂ ਕਰਾਫ਼ਟ ਮੇਲੇ ਦੌਰਾਨ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ। ਇਸ ਮੌਕੇ ਮੰਚ ਸੰਚਾਲਨ ਸ੍ਰੀ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਪਟਿਆਲਾ ਵਾਸੀ ਹਾਜ਼ਰ ਸਨ।