Patiala police recovered 1 crore cash from car in Rajpura

April 17, 2019 - PatialaPolitics


ਪਟਿਆਲਾ ਪੁਲਿਸ ਨੇ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਅਰੰਭੇ ਯਤਨਾ ਤਹਿਤ ਅੱਜ ਸ਼ਾਮ ਕਰੀਬ 6 ਵਜੇ ਜੀ.ਟੀ. ਰੋਡ ਰਾਜਪੁਰਾ ਤੋਂ 1 ਕਰੋੜ ਰੁਪਏ ਦੀ ਨਗ਼ਦੀ ਬਰਾਮਦ ਕਰਨ ‘ਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਰਾਸ਼ੀ ਦੇਹਰਾਦੂਨ ਤੋਂ ਪੰਜਾਬ ਦੇ ਕਿਸੇ ਇਲਾਕੇ ‘ਚ ਜਾਣੀ ਸੀ, ਪਰੰਤੂ ਜਿਹੜੇ ਵਿਅਕਤੀਆਂ ਕੋਲੋਂ ਇਹ ਰਾਸ਼ੀ ਬਰਾਮਦ ਹੋਈ ਹੈ, ਉਸ ਇਸ ਦਾ ਸਰੋਤ ਨਹੀਂ ਦਸ ਸਕੇ, ਜਿਸ ਕਰਕੇ ਇਹ ਨਗ਼ਦੀ ਜਬਤ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਗਈ ਹੈ।
ਇਹ ਜਾਣਕਾਰੀ ਇਥੇ ਪੁਲਿਸ ਲਾਇਨਜ ਵਿਖੇ ਦੇਰ ਸ਼ਾਮ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਪੀ. ਸਥਾਨਕ ਸ੍ਰੀਮਤੀ ਰਵਜੋਤ ਗਰੇਵਾਲ ਆਈ.ਪੀ.ਐਸ. ਨੇ ਦੱਸਿਆ ਕਿ ਪੁਲਿਸ ਨੇ ਇਹ ਸ਼ੱਕੀ ਨਗ਼ਦੀ ਜ਼ਬਤ ਕਰਕੇ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਸੂਚਿਤ ਕਰ ਦਿਤਾ ਹੈ। ਸ੍ਰੀਮਤੀ ਗਰੇਵਾਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਚਨਬੱਧਤਾ ਪ੍ਰਗਟਾਉਂਦਿਆਂ ਪੂਰੀ ਤਰ੍ਹਾਂ ਮੁਸ਼ਤੈਦ ਹੈ।

ਐਸ.ਪੀ. ਸਥਾਨਕ ਰਵਜੋਤ ਗਰੇਵਾਲ ਨੇ ਦੱਸਿਆ ਕਿ ਇਹ ਰਾਸ਼ੀ ਉਤਰਾਖੰਡ ਦੇ ਨੰਬਰ ਵਾਲੀ ਫੋਰਡ ਐਂਡੈਵਰ ਗੱਡੀ ਯੂ.ਕੇ. 07ਡੀਕੇ 4500 ‘ਚ ਦੋ ਜਣੇ ਬਿਨ੍ਹਾਂ ਕਿਸੇ ਯੋਗ ਦਸਤਾਵੇਜਾਂ ਦੇ ਲੈ ਕੇ ਪੰਜਾਬ ਆ ਰਹੇ ਸਨ, ਜਿਨ੍ਹਾਂ ਦੀ ਪਛਾਣ ਸੰਦੀਪ ਜੇਠੀ ਪੁੱਤਰ ਮੋਹਨ ਲਾਲ ਜੇਠੀ ਅਤੇ ਬਲਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦੇਹਰਾਦੂਨ ਵਜੋਂ ਹੋਈ ਹੈ, ਜੋਕਿ ਆਪਣੇ ਆਪ ਨੂੰ ਵਪਾਰੀ ਦੱਸਦੇ ਸਨ, ਪ੍ਰੰਤੂ ਇਸਦਾ ਕੋਈ ਸਬੂਤ ਨਹੀਂ ਦੇ ਸਕੇ। ਉਨ੍ਹਾਂ ਦੱਸਿਆ ਕਿ ਜੀ.ਟੀ. ਰੋਡ ਰਾਜਪੁਰਾ ਵਿਖੇ ਜਸ਼ਨ ਢਾਡੇ ਨੇੜੇ ਲਾਏ ਨਾਕੇ ‘ਤੇ ਡੀ.ਐਸ.ਪੀ. ਰਾਜਪੁਰਾ ਸ੍ਰੀ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ. ਸਦਰ ਰਾਜਪੁਰਾ ਇੰਸਪੈਕਟਰ ਵਿਜੇ ਪਾਲ ਅਤੇ ਚੌਂਕੀ ਬਸੰਤਪੁਰਾ ਦੇ ਇੰਚਾਰਜ ਏ.ਐਸ.ਆਈ. ਗੁਰਮੀਤ ਸਿੰਘ ਦੀ ਟੀਮ ਨੇ ਇਹ ਰਾਸ਼ੀ ਇਨ੍ਹਾਂ ਦੀ ਗੱਡੀ ‘ਚ ਪਏ ਇੱਕ ਛੋਟੇ ਬੈਗ ਵਿੱਚੋਂ ਬਰਾਮਦ ਕੀਤੀ।

ਐਸ.ਪੀ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਰਾਸ਼ੀ ‘ਚ 90 ਲੱਖ ਰੁਪਏ 2-2 ਹਜ਼ਾਰ ਰੁਪਏ ਦੇ ਨੋਟ ਸਨ ਅਤੇ 10 ਲੱਖ ਰੁਪਏ 500-500 ਰੁਪਏ ਦੇ ਨੋਟ ਸ਼ਾਮਲ ਸਨ। ਇਸ ਤਰ੍ਹਾਂ ਐਨੀ ਵੱਡੀ ਮਾਤਰਾ ‘ਚ ਨਗ਼ਦੀ ਲੈਕੇ ਜਾਣਾ ਚੋਣ ਜਾਬਤੇ ਦੀ ਉਲੰਘਣਾ ਹੈ, ਜਿਸ ਲਈ ਮੌਕੇ ‘ਤੇ ਆਮਦਨ ਕਰ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਪੜਤਾਲ ਜਾਰੀ ਹੈ ਕਿ ਇਹ ਰਾਸ਼ੀ ਕਿਸ ਮੰਤਵ ਲਈ ਪੰਜਾਬ ਲਿਆਂਦੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਂਜ ਮੁਢਲੀ ਪੜਤਾਲ ਤੋਂ ਇਹ ਸਾਹਮਣੇ ਆਇਆ ਕਿ ਇਹ ਰਾਸ਼ੀ ਅਮਲੋਹ ਜਾਂ ਕਿਸੇ ਹੋਰ ਇਲਾਕੇ ‘ਚ ਜਾਣੀ ਸੀ।
ਐਸ.ਪੀ. ਸਥਾਨਕ ਨੇ ਦੱਸਿਆ ਕਿ ਜਦੋਂ ਇਨ੍ਹਾਂ ਦੋਵਾਂ ਵਿਅਕਤੀਆਂ ਤੋਂ ਇਸ ਨਗਦੀ ਬਾਬਤ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਪਹਿਲਾਂ ਵੀ ਵੱਡੀ ਮਾਤਰਾ ‘ਚ ਨਗ਼ਦੀ ਅਤੇ ਨਸ਼ਿਆਂ ਸਮੇਤ ਚਾਂਦੀ ਦੀ ਖੇਪ ਬਰਾਮਦ ਕਰ ਚੁੱਕੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਸਪੈਸ਼ਲ ਬਰਾਂਚ ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ ਅਤੇ ਡੀ.ਐਸ.ਪੀ ਰਾਜਪੁਰਾ ਸ੍ਰੀ ਮਨਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਨੰ: ਲਸਪ (ਪ੍ਰੈ.ਰੀ.)-2019/
ਫੋਟੋ ਕੈਪਸ਼ਨ-ਐਸ.ਪੀ. ਸਥਾਨਕ ਸ੍ਰੀਮਤੀ ਰਵਜੋਤ ਗਰੇਵਾਲ ਪਟਿਆਲਾ ਪੁਲਿਸ ਵੱਲੋਂ ਜ਼ਬਤ ਕੀਤੀ ਗਈ 1 ਕਰੋੜ ਰੁਪਏ ਦੀ ਨਗ਼ਦੀ ਬਾਬਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਉਨ੍ਹਾਂ ਨਾਲ ਡੀ.ਐਸ.ਪੀ. ਸਪੈਸ਼ਲ ਬਰਾਂਚ ਸ੍ਰੀ ਕ੍ਰਿਸ਼ਨ ਕੁਮਾਰ ਪੈਂਥ ਅਤੇ ਡੀ.ਐਸ.ਪੀ. ਰਾਜਪੁਰਾ ਸ੍ਰੀ ਮਨਪ੍ਰੀਤ ਸਿੰਘ ਵੀ ਨਜ਼ਰ ਆ ਰਹੇ ਹਨ।