Total voters in Patiala 2019
May 4, 2019 - PatialaPolitics
”ਲੋਕ ਸਭਾ ਦੀਆਂ 19 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਲੋਕ ਸਭਾ ਹਲਕਾ ਪਟਿਆਲਾ-13 ਦੇ 17 ਲੱਖ 34 ਹਜ਼ਾਰ 245 ਵੋਟਰ ਆਪਣੀਆਂ ਵੋਟਾਂ ਪਾ ਸਕਣਗੇ। ਇਨ੍ਹਾਂ ਵੋਟਰਾਂ ਵਿੱਚ 8 ਲੱਖ 24 ਹਜ਼ਾਰ 764 ਇਸਤਰੀ, 9 ਲੱਖ 9 ਹਜ਼ਾਰ 407 ਮਰਦ ਅਤੇ ਤੀਜੇ ਲਿੰਗ ਵਾਲੇ 74 ਵੋਟਰ ਹਨ, ਇਨ੍ਹਾਂ ਵਿੱਚ 7250 ਦਿਵਿਆਂਗ ਵੋਟਰ ਹਨ, ਜੋ ਕਿ ਚੋਣ ਲੜ੍ਹ ਰਹੇ 25 ਉਮੀਦਵਾਰਾਂ ਲਈ ਆਪਣੇ ਵੋਟਾ ਦੇ ਹੱਕ ਦਾ ਇਸਤੇਮਾਲ ਕਰਨਗੇ।” ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦਿੱਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 29 ਅਪ੍ਰੈਲ ਨੂੰ ਨਵੀਂ ਵੋਟਰ ਸੂਚੀ ਜਾਰੀ ਹੋ ਗਈ ਹੈ ਅਤੇ ਇਸ ਤਰ੍ਹਾਂ ਹਲਕੇ ਵਿੱਚ 45968 ਨਵੇਂ ਵੋਟਰਾਂ ਦਾ ਇਜ਼ਾਫ਼ਾ ਹੋਇਆ ਹੈ ਤੇ 3233 ਵੋਟਾਂ ਕੱਟੀਆਂ ਗਈਆਂ ਹਨ। ਇਸ ਤੋਂ ਇਲਾਵਾ ਅੰਦਰ ਜ਼ਿਲ੍ਹੇ ਅੰਦਰ 8 ਵਿਧਾਨ ਸਭਾ ਹਲਕੇ ਪੈਂਦੇ ਹਨ ਤੇ ਇੱਕ ਹਲਕਾ ਡੇਰਾਬਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੈਂਦਾ ਹੈ। ਉਨ੍ਹਾਂ ਦੱਸਿਆ ਕਿ 19 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਲੋਕ ਸਭਾ ਹਲਕੇ ‘ਚ 1169 ਇਮਾਰਤਾਂ ਵਿਖੇ 1922 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 50 ਫੀਸਦੀ ਬੂਥਾਂ ‘ਤੇ ਵੈਬ ਕਾਸਟਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕੇ ‘ਚ ਚੋਣ ਅਮਲ ਨੂੰ ਨੇਪਰੇ ਚੜ੍ਹਾਉਣ ਲਈ ਲਗਪਗ 10 ਹਜ਼ਾਰ ਕਰਮਚਾਰੀ ਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਇਸ ਤੋਂ ਬਿਨ੍ਹਾਂ 25 ਉਮੀਦਵਾਰਾਂ ਅਤੇ 1 ਬਟਨ ਨੋਟਾ ਦਾ ਹੋਣ ਕਰਕੇ ਇਸ ਵਾਰ ਈ.ਵੀ.ਐਮ. ਦਾ ਇੱਕ-ਇੱਕ ਵਾਧੂ ਯੁਨਿਟ ਲਗਾਇਆ ਜਾ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਇਨ੍ਹਾਂ ਹਦਾਇਤਾਂ ਕਿ ਇਸ ਵਾਰ 18 ਸਾਲ ਦੇ ਹਰ ਲੜਕੇ ਤੇ ਲੜਕੀ ਦੀ ਵੋਟ ਬਣੇ ਅਤੇ ਉਹ ਲੋਕਤੰਤਰ ਦੀ ਅਹਿਮ ਪ੍ਰਕ੍ਰਿਆ ਲੋਕ ਸਭਾ ਚੋਣਾਂ-2019 ਵਿੱਚ ਆਪਣੀ ਵੱਧ ਤੋਂ ਵੱਧ ਸ਼ਮੂਲੀਅਤ ਦਰਜ ਕਰਵਾਉਣ, ਇਸ ਲਈ ਇਸ ਵਾਰ 19 ਅਪ੍ਰੈਲ ਤੱਕ ਵੀ ਨਵੀਆਂ ਵੋਟਾਂ ਬਣਾਈਆਂ ਗਈਆਂ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਦਿਵਿਆਂਗ, ਬਜ਼ੁਰਗਾਂ, ਨੌਜਵਾਨਾਂ, ਔਰਤਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀਆਂ ਵੋਟਾਂ 100 ਫੀਸਦੀ ਪੁਆਉਣ ਅਤੇ ਲੋੜੀਂਦੀਆਂ ਜਰੂਰੀ ਸਹੂਲਤਾਂ, ਵਲੰਟੀਅਰ ਦੀ ਸਹਾਇਤਾ, ਵੀਲ੍ਹ ਚੇਅਰ, ਸਟਰੈਚਰ, ਪੀਣ ਵਾਲਾ ਪਾਣੀ, ਛਾਂ, ਛੋਟੇ ਬੱਚਿਆਂ ਲਈ ਕਰੈਚ, ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਬੂਥ ਲੈਵਲ ਅਫਸਰਾਂ ਵੱਲੋਂ ਵੋਟਰਾਂ ਨੂੰ ਘਰ-ਘਰ ਜਾ ਕੇ ਫੋਟੋ ਵੋਟਰ ਸਲਿਪਾਂ ਮੁਹੱਈਆ ਕਰਵਾਈਆਂ ਜਾਣਗੀਆਂ, ਵੋਟਰ ਇਹ ਫੋਟੋ ਵੋਟਰ ਸਲਿਪ ਜਾਂ ਆਪਣੀ ਪਛਾਣ ਦਾ ਕੋਈ ਹੋਰ ਦਸਤਾਵੇਜ ਦਿਖਾ ਕੇ ਹੀ ਵੋਟ ਦਾ ਇਸਤੇਮਾਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 109-ਨਾਭਾ ਹਲਕੇ ਵਿੱਚ ਕੁਲ 1 ਲੱਖ 81 ਹਜ਼ਾਰ 340 ਵੋਟਰ ਹਨ ਜਿਨ੍ਹਾਂ ‘ਚ 95 ਹਜ਼ਾਰ 270 ਮਰਦ ਵੋਟਰ, 86 ਹਜ਼ਾਰ 65 ਇਸਤਰੀ ਤੇ ਤੀਜੇ ਲਿੰਗ ਦੇ 5 ਵੋਟਰ ਹਨ। ਇਸੇ ਤਰ੍ਹਾਂ 110-ਪਟਿਆਲਾ ਦਿਹਾਤੀ ਵਿੱਚ ਕੁਲ 2 ਲੱਖ 17 ਹਜ਼ਾਰ 841 ਵੋਟਰ ਜਿਨ੍ਹਾਂ ‘ਚ 1 ਲੱਖ 12 ਹਜ਼ਾਰ 863 ਮਰਦ ਵੋਟਰ, 1 ਲੱਖ 4 ਹਜ਼ਾਰ 970 ਇਸਤਰੀ ਤੇ ਇੱਥੇ ਤੀਜੇ ਲਿੰਗ ਵਾਲੇ 8 ਵੋਟਰ ਹਨ। 111-ਰਾਜਪੁਰਾ ਹਲਕੇ ਵਿੱਚ ਕੁਲ 1 ਲੱਖ 73 ਹਜ਼ਾਰ 947 ਵੋਟਰ ਹਨ ਜਿਨ੍ਹਾਂ ‘ਚ 91 ਹਜ਼ਾਰ 893 ਮਰਦ, 82 ਹਜ਼ਾਰ 46 ਇਸਤਰੀ ਤੇ ਇੱਥੇ ਵੀ ਤੀਜੇ ਲਿੰਗ ਵਾਲੇ 8 ਵੋਟਰ ਹਨ।
ਇਸੇ ਤਰ੍ਹਾਂ 112-ਡੇਰਾਬਸੀ ਹਲਕੇ ਵਿੱਚ ਕੁਲ 2 ਲੱਖ 58 ਹਜ਼ਾਰ 622 ਵੋਟਰ ਹਨ ਅਤੇ 1 ਲੱਖ 36 ਹਜ਼ਾਰ 38 ਮਰਦ, 1 ਲੱਖ 22 ਹਜ਼ਾਰ 566 ਇਸਤਰੀ ਵੋਟਰ ਤੇ ਤੀਜੇ ਲਿੰਗ ਵਾਲੇ 18 ਵੋਟਰ ਹਨ। 113-ਘਨੌਰ ਹਲਕਾ ਵਿੱਚ ਕੁਲ 1 ਲੱਖ 63 ਹਜ਼ਾਰ 173 ਵੋਟਰ ਹਨ ਤੇ 87 ਹਜ਼ਾਰ 617 ਮਰਦ, 75 ਹਜ਼ਾਰ 556 ਇਸਤਰੀ ਵੋਟਰ ਤੇ ਤੀਜੇ ਲਿੰਗ ਵਾਲਾ ਕੋਈ ਵੋਟਰ ਨਹੀਂ ਹੈ। ਹਲਕਾ 114-ਸਨੌਰ ਵਿਖੇ ਕੁਲ 2 ਲੱਖ 15 ਹਜ਼ਾਰ 131 ਵੋਟਰ ਹਨ, ਇਨ੍ਹਾਂ ਵਿੱਚ 1 ਲੱਖ 13 ਹਜ਼ਾਰ 391 ਮਰਦ, 1 ਲੱਖ 1 ਹਜ਼ਾਰ 735 ਇਸਤਰੀ, ਤੀਜੇ ਲਿੰਗ ਵਾਲੇ 5 ਵੋਟਰ ਹਨ।
ਹਲਕਾ 115-ਪਟਿਆਲਾ ਸ਼ਹਿਰੀ ਵਿਖੇ ਕੁਲ 1 ਲੱਖ 61 ਹਜ਼ਾਰ 178 ਵੋਟਰ ਹਨ, ਜਿਨ੍ਹਾਂ ਵਿੱਚ 83 ਹਜ਼ਾਰ 247 ਮਰਦ, 77 ਹਜ਼ਾਰ 918 ਇਸਤਰੀ ਵੋਟਰ ਤੇ ਇੱਥੇ ਤੀਜੇ ਲਿੰਗ ਵਾਲੇ 13 ਵੋਟਰ ਹਨ। ਜਦੋਂਕਿ 116-ਸਮਾਣਾ ਹਲਕੇ ਵਿਖੇ ਕੁਲ 1 ਲੱਖ 87 ਹਜ਼ਾਰ 658 ਵੋਟਰ ਹਨ, ਜਿਨ੍ਹਾਂ ਵਿੱਚ 97 ਹਜ਼ਾਰ 468 ਮਰਦ, 90 ਹਜ਼ਾਰ 174 ਇਸਤਰੀ ਤੇ ਤੀਜੇ ਲਿੰਗ ਵਾਲੇ 16 ਵੋਟਰ ਹਨ। ਇਸੇ ਤਰ੍ਹਾਂ 117-ਸ਼ੁਤਰਾਣਾ ਹਲਕੇ ਵਿਖੇ ਕੁਲ 1 ਲੱਖ 75 ਹਜ਼ਾਰ 355 ਵੋਟਰ ਹਨ ਜਿਨ੍ਹਾਂ ਵਿੱਚ 91 ਹਜ਼ਾਰ 620 ਮਰਦ, 83 ਹਜ਼ਾਰ 734 ਇਸਤਰੀ ਤੇ ਇੱਥੇ ਤੀਜੇ ਲਿੰਗ ਵਾਲਾ 1 ਵੋਟਰ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੋਟਾਂ ਪੈਣ ਦਾ ਅਮਲ ਅਮਨ-ਅਮਾਨ, ਨਿਰਪੱਖ ਅਤੇ ਨਿਰਵਿਘਨਤਾ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਪੋਲਿੰਗ ਬੂਥਾਂ ‘ਤੇ ਮਾਈਕਰੋ ਅਬਜ਼ਰਵਰ, ਵੈਬ ਕਾਸਟਿੰਗ ਤੇ ਵਿਸ਼ੇਸ਼ ਵੀਡੀਓਗ੍ਰਾਫ਼ੀ ਕਰਵਾਉਣ ਲਈ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਵੋਟਰ ਨਿਰਭੈਅ ਹੋ ਕੇ ਵੋਟਾਂ ਪਾ ਸਕਣ। ਲੋਕ ਸਭਾ ਪਟਿਆਲਾ ਹਲਕੇ ਅੰਦਰ ਪੈਂਦੇ ਸਾਰੇ ਹਲਕਿਆਂ ਵਿਖੇ 162 ਟੀਮਾਂ ਫਲਾਇੰਗ ਸੁਕੈਡ ਅਤੇ ਸਟੈਟਿਕ ਸਰਵੇਲੈਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ 162 ਹੀ ਜੀ.ਪੀ.ਐਸ. ਤੇ ਕੈਮਰਿਆਂ ਨਾਲ ਲੈਸ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗ਼ਦੀ ਦੀ ਪਟਿਆਲਾ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਬਰਾਮਦਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਿਰਪੱਖ, ਸੁਤੰਤਰ ਤੇ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ।