Patiala Police arrests two in fake snatching

August 29, 2019 - PatialaPolitics


ਬੀਤੀ ਸ਼ਾਮ 28 ਅਗਸਤ ਨੂੰ ਆਰੀਆ ਸਮਾਜ ਚੌਕ ਨੇੜੇ ਵਾਪਰੀ 3 ਲੱਖ 30 ਹਜ਼ਾਰ ਦੀ ਖੋਹ ਦੀ ਘਟਨਾ ਨੂੰ ਪਟਿਆਲਾ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਹੱਲ ਕਰਦਿਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਮੇਤ ਰਾਸ਼ੀ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਪੀ. ਸਿਟੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ 28 ਅਗਸਤ ਨੂੰ ਸਰਹੰਦੀ ਗੇਟ ਪਟਿਆਲਾ ਸ਼ਿਵ ਟੈਲੀਕਾਮ ਦੁਕਾਨ ਦੇ ਮਾਲਕ ਦਰਸ਼ਨ ਕੁਮਾਰ ਨੇ ਪੁਲਿਸ ਨੂੰ ਮੁਕੱਦਮਾ ਦਰਜ਼ ਕਰਵਾਉਂਦਿਆਂ ਦੱਸਿਆ ਕਿ ਉਹ ਮੋਬਾਇਲ ਦਾ ਕੰਮ ਕਰਦਾ ਹੈ ਅਤੇ ਉਸ ਦੀ ਦੁਕਾਨ ‘ਤੇ ਸ਼ੁਭਮ ਪੁੱਤਰ ਰਾਜੇਸ਼ ਵਰਮਾ ਵਾਸੀ ਪੁਰਾਣਾ ਬਿਸ਼ਨ ਨਗਰ ਨੇੜੇ ਹਨੂੰਮਾਨ ਮੰਦਰ ਪਟਿਆਲਾ ਬਤੌਰ ਕਮਿਸ਼ਨ ਏਜੰਟ ਕੰਮ ਕਰਦਾ ਹੈ ਜਿਸ ਨੇ ਉਸਨੂੰ ਕਿਹਾ ਕਿ ਮੋਬਾਇਲ ‘ਤੇ ਆਨਲਾਇਨ ਆਫਰ ਚੱਲ ਰਹੀ ਹੈ ਜਿਸ ਕਰਕੇ ਮੇਰੇ ਬੇਟੇ ਡਿੰਪੀ ਨੇ ਮੇਰੇ ਕਹਿਣ ‘ਤੇ ਸ਼ੁਭਮ ਨੂੰ 3 ਲੱਖ 30 ਹਜ਼ਾਰ ਰੁਪਏ ਜਮਾ ਕਰਾਉਣ ਲਈ ਦੇ ਦਿੱਤੇ ਤਾਂ ਜੋ ਇਸ ਵੱਲੋਂ ਦੱਸੀ ਆਫਰ ਦਾ ਫਾਇਦਾ ਲੈ ਕਿ ਮੁਨਾਫਾ ਕਮਾਇਆ ਜਾ ਸਕੇ ਅਤੇ ਸ਼ੁਭਮ ਇਹ ਰਕਮ ਲੈ ਕੇ ਧਰਮਪੁਰਾ ਬਾਜ਼ਾਰ ਪਟਿਆਲਾ ਬੈਂਕ ਵਿੱਚ ਜਮਾ ਕਰਾਉਣ ਲਈ ਕਹਿ ਕੇ ਚਲਾ ਗਿਆ ਇਸ ਦੇ ਕਹਿਣ ਮੁਤਾਬਿਕ ਜਦੋ ਸ਼ੁਭਮ ਇਹ ਰਕਮ ਨੂੰ ਲੈ ਕੇ ਨੇੜੇ ਆਰੀਆ ਸਮਾਜ ਚੌਕ ਪਟਿਆਲਾ ਪਹੁੰਚਿਆ ਤਾਂ ਕੋਈ ਨਾ ਮਾਲੂਮ ਵਿਅਕਤੀਆਂ ਵੱਲੋ ਸ਼ੁਭਮ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਕਤ ਰਕਮ ਖੋਹ ਕੇ ਲੈ ਗਏ ਹਨ ਜਿਸ ਸਬੰਧੀ ਸ਼ੁਭਮ ਨੇ ਫੋਨ ‘ਤੇ ਮਾਲਕ ਨੂੰ ਇਤਲਾਹ ਦਿੱਤੀ।
ਐਸ.ਪੀ. ਨੇ ਦੱਸਿਆ ਕਿ ਇਸ ਘਟਨਾ ਉਪਰੰਤ ਤੁਰੰਤ ਪੁਲਿਸ ਪਾਰਟੀਆਂ ਨੇ ਘਟਨਾ ਵਾਲੀ ਥਾਂ ‘ਤੇ ਪੁੱਜ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਪ ਕਪਤਾਨ ਪੁਲਿਸ ਸ਼੍ਰੀ ਯੋਗੇਸ਼ ਸ਼ਰਮਾ, ਇੰਚਾਰਜ ਸੀ.ਆਈ.ਏ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਇੰਸਪੈਕਟਰ ਸੁਖਦੇਵ ਸਿੰਘ ਵੱਲੋ ਵੱਖ ਵੱਖ ਟੀਮਾਂ ਇਸ ਘਟਨਾ ਦੀ ਤਫਤੀਸ਼ ਵਿਚ ਜੁੱਟ ਗਈਆਂ। ਘਟਨਾ ਵਾਲੀ ਥਾਂ ਦੇ ਆਸ ਪਾਸ ਦੇ ਘਰਾਂ ਵਿਚ ਲੋਕਾਂ ਵੱਲੋ ਵਧੀਆਂ ਤਰੀਕੇ ਨਾਲ ਲਗਾਏ ਗਏ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਲਈ ਗਈ ਜਿਸ ਤੋ ਪੁਲਿਸ ਨੂੰ ਘਟਨਾ ਦੀ ਅਸਲ ਸਚਾਈ ਬਾਰੇ ਪੁਖਤਾ ਸਬੂਤ ਹੱਥ ਲੱਗ ਗਏ।
ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਸਬੂਤਾਂ ਦੇ ਅਧਾਰ ‘ਤੇ ਜਦੋ ਉਕਤ ਸ਼ੁਭਮ ਦੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਲੁੱਟ ਦੀ ਘਟਨਾ ਨੂੰ ਕਿਸੇ ਹੋਰ ਵਿਅਕਤੀਆਂ ਵੱਲੋ ਅੰਜਾਮ ਨਹੀ ਸੀ ਦਿੱਤਾ ਗਿਆ ਬਲਕੇ ਸ਼ੁਭਮ ਵੱਲੋ ਆਪਣੇ ਹੀ ਮੁਹੱਲੇ ਦੇ ਇੱਕ ਹੋਰ ਸਾਥੀ ਗੁਰਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪੁਰਾਣਾ ਬਿਸ਼ਨ ਨਗਰ ਪਟਿਆਲਾ, ਨਾਲ ਸਲਾਹ ਮਸ਼ਵਰਾ ਕਰਕੇ ਥੋੜੇ ਸਮੇਂ ਵਿੱਚ ਜੋ ਵੱਡੀ ਰਕਮ ਕਮਾਉਣ ਦੇ ਲਾਲਚ ਵਿੱਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਇਹ ਰਕਮ ਉਸਨੇ ਆਪਣੇ ਸਾਥੀ ਗੁਰਦੀਪ ਸਿੰਘ ਨੂੰ ਸੌਂਪ ਦਿੱਤੀ ਅਤੇ ਖੁਦ ਘਟਨਾ ਵਾਲੀ ਥਾਂ ‘ਤੇ ਅੱਖਾਂ ਵਿਚ ਮਿਰਚਾਂ ਪਾਉਣ ਦਾ ਨਾਟਕ ਰਚ ਕੇ ਇਸ ਘਟਨਾ ਬਾਰੇ ਝੂਠੀ ਜਾਣਕਾਰੀ ਆਪਣੇ ਮਾਲਕ ਨੂੰ ਦੇ ਕੇ ਮੁਕੱਦਮਾ ਦਰਜ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਲੁੱਟੀ ਗਈ ਰਕਮ 3 ਲੱਖ 30 ਹਜ਼ਾਰ ਅਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਗਿਆ ਹੈ।