Patiala Police arrests 5 in bank fraud case
September 28, 2019 - PatialaPolitics
ਬੈਂਕ ਦੇ ਪ੍ਰੀ ਪੇਡ ਏ.ਟੀ.ਐਮ. ਕਾਰਡਾਂ ਨਾਲ ਛੇੜਛਾੜ ਕਰਕੇ ਕਾਰਡਾਂ ਦੀ ਲਿਮਟ ਤੋਂ ਵੱਧ 1 ਕਰੋੜ 22 ਲੱਖ ਰੁਪਏ ਕਢਵਾਕੇ ਬੈਂਕ ਨਾਲ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਅਤੇ ਦੋ ਔਰਤਾਂ ਨੂੰ ਠੱਗੀ ਦੇ ਪੈਸੇ ਨਾਲ ਖਰੀਦੇ ਸੋਨੇ, ਕਾਰ ਅਤੇ ਐਕਟਿਵਾ ਸਮੇਤ ਪਟਿਆਲਾ ਪੁਲਿਸ ਨੇ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਨ ਸਮਾਲ ਫਾਈਨਾਂਸ ਬੈਂਕ ਲਿਮਟਿਡ ਦੇ ਪ੍ਰੀ.ਪੇਡ ਏ.ਟੀ.ਐਮ. ਕਾਰਡਾਂ ਨਾਲ ਛੇੜਛਾੜ ਕਰਕੇ 1 ਕਰੋੜ 22 ਲੱਖ ਰੁਪਏ ਦੀ ਠੱਗੀ ਦੇ ਕੇਸ ‘ਚ ਪਟਿਆਲਾ ਪੁਲਿਸ ਨੇ ਕੁਲਦੀਪ ਕੌਰ, ਅਮਰਜੀਤ ਸਿੰਘ, ਗੁਰਲਾਲ ਸਿੰਘ ਉਰਫ ਲਾਲ, ਨਰਿੰਦਰ ਕੌਰ ਅਤੇ ਕਰਮਜੀਤ ਸਿੰਘ ਉਰਫ਼ ਸੋਨੂੰ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 210 ਮਿਤੀ 25-9-19 ਅ/ਧ 420, 465, 467, 468, 471, 120-ਬੀ ਆਈ.ਪੀ.ਸੀ. ਥਾਣਾ ਤ੍ਰਿਪੜੀ ਦਰਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਨਾਲ ਸਵਾ ਕਰੋੜ ਦੀ ਠੱਗੀ ਕਰਨ ਵਾਲਿਆਂ ਵਿਚ ਕੋਈ ਵੀ ਵਿਅਕਤੀ ਆਈ.ਟੀ. ਮਾਹਰ ਨਹੀ ਹੈ ਇਨ੍ਹਾਂ ਵਿਚੋਂ ਅਮਰਜੀਤ ਸਿੰਘ ਉਮਰ 50 ਸਾਲ ਪੰਜਵੀ ਪਾਸ ਹੈ ਅਤੇ ਗੁਰਲਾਲ ਸਿੰਘ 23 ਸਾਲ ਬਾਰਵੀ, ਕੁਲਦੀਪ ਕੌਰ 45 ਸਾਲ ਅਨਪੜ, ਨਰਿੰਦਰ ਕੌਰ 53 ਸਾਲ ਪੰਜਵੀ ਪਾਸ ਅਤੇ ਕਰਮਜੀਤ ਸਿੰਘ 29 ਸਾਲ ਬਾਰਵੀ ਪਾਸ ਹੈ।
ਐਸ.ਐਸ.ਪੀ. ਨੇ ਕੇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਜਨ ਸਮਾਲ ਫਾਈਨਾਂਸ ਬੈਂਕ ਲਿਮਟਿਡ ਤ੍ਰਿਪੜੀ ਪਟਿਆਲਾ ਦੇ ਮੈਨੇਜਰ ਦੇਵਨ ਸੇਠ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੇ ਬੈਂਕ ਵਿੱਚ ਲੋਕਾਂ ਦੇ ਬਚਤ ਖਾਤੇ, ਚਾਲੂ ਖਾਤੇ, ਐਫ.ਡੀ ਅਤੇ ਲੋਕਾਂ ਦੇ ਨਿਵੇਸ਼ ਦਾ ਪੈਸਾ ਰੱਖਿਆ ਹੋਇਆ ਹੈ ਅਤੇ ਬੈਂਕ ਵੱਲੋ ਆਮ ਲੋਕਾਂ ਨੂੰ ਗਰੁੱਪ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਬੈਂਕ ਵੱਲੋਂ ਕੁਲਦੀਪ ਕੌਰ ਪਤਨੀ ਅਮਰਜੀਤ ਸਿੰਘ ਅਤੇ ਰਾਜਬੀਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਰਸੂਲਪੁਰ ਜੋੜਾ ਜ਼ਿਲ੍ਹਾ ਪਟਿਆਲਾ ਨੂੰ ਸਾਲ 2015 ਵਿੱਚ 30,000/30,000 ਰੁਪਏ ਦਾ ਲੋਨ ਕੀਤਾ ਸੀ ਇੰਨਾਂ ਵੱਲੋਂ ਸਮੇਂ ਸਿਰ ਲੋਨ ਦੀ ਵਾਪਸੀ ਕਰਨ ‘ਤੇ ਇਨ੍ਹਾਂ ਵੱਲੋ ਬੈਂਕ ਨੂੰ ਫਿਰ ਤੋ ਲੋਨ ਲਈ ਅਪਲਾਈ ਕੀਤਾ ਗਿਆ ਤਾਂ ਇੰਨਾਂ ਵੱਲੋ ਪਹਿਲਾਂ ਲਏ ਗਏ ਲੋਨ ਦੇ ਅਦਾਇਗੀ ਟਰੈਕ ਨੂੰ ਦੇਖਦੇ ਹੋਏ ਇੰਨਾਂ ਨੂੰ ਸਾਲ 2017 ਵਿੱਚ 45,000/45,000 ਰੁਪਏ ਅਤੇ ਫਿਰ ਮਾਰਚ 2019 ਵਿੱਚ 60,000/60,000 ਰੁਪਏ ਦਾ ਪ੍ਰਤੀ ਵਿਅਕਤੀ ਗਰੁੱਪ ਲੋਨ ਮੁਹੱਈਆ ਕਰਵਾਕੇ, ਦੋਨਾਂ ਨੂੰ ਇਕ-ਇਕ ਪ੍ਰੀ.ਪੇਡ ਏ.ਟੀ.ਐਮ ਕਾਰਡ ਸਮੇਤ ਪਿੰਨ ਨੰਬਰ ਦਿੱਤਾ ਗਿਆ ਸੀ। ਜੋ ਪਿਛਲੇ ਇੱਕ/ਦੋ ਮਹੀਨਿਆਂ ਤੋ ਬੈਂਕ ਮੈਨੇਜਰ ਵੱਲੋ ਪਾਇਆ ਗਿਆ ਕਿ ਇੰਨਾਂ ਕਾਰਡਾਂ ਤੋ ਲਿਮਟ ਤੋ ਕਾਫੀ ਜਿਆਦਾ ਟਰਾਂਜੈਕਸਨਾਂ ਅਣਅਧਿਕਾਰਤ ਤੌਰ ‘ਤੇ ਵੱਖ ਵੱਖ ਏ.ਟੀ.ਐਮ/ਪੈਟਰੋਲ ਪੰਪ ਅਤੇ ਹੋਰ ਥਾਵਾਂ ਤੋ ਕੀਤੀਆਂ ਗਈਆਂ ਸਨ।
ਐਸ.ਐਸ.ਪੀ. ਸ. ਮਨਦੀਪ ਸਿੰਘ ਸਿੰਧੂ ਨੇ ਅੱਗੇ ਹੋਰ ਦੱਸਿਆ ਕਿ ਕੁਲਦੀਪ ਕੌਰ ਨੇ ਰਾਜਵੀਰ ਕੌਰ ਉਕਤ ਨੂੰ ਵਿਸ਼ਵਾਸ ਵਿੱਚ ਲੈ ਕੇ ਉਸ ਦਾ ਪ੍ਰੀ.ਪੇਡ ਏ.ਟੀ.ਐਮ ਕਾਰਡ ਲੈ ਲਿਆ ਸੀ। ਜੋ ਕੁਲਦੀਪ ਕੌਰ ਨੇ ਆਪਣੇ ਲੜਕੇ ਗੁਰਲਾਲ ਸਿੰਘ ਉਰਫ ਲਾਲ, ਪਤੀ ਅਮਰਜੀਤ ਸਿੰਘ ਨਾਲ ਮਿਲਕੇ ਪਿਛਲੇ ਦੋ ਮਹੀਨਿਆਂ ਵਿੱਚ ਕਾਰਡ ਨੂੰ 195 ਵਾਰ ਵਰਤਕੇ ਕਰੀਬ 59,05,431/-ਰੁਪਏ ਅਤੇ ਕੁਲਦੀਪ ਕੌਰ ਦੀ ਨਣਦ ਨਰਿੰਦਰ ਕੌਰ ਅਤੇ ਉਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਵੱਲੋ ਪਿਛਲੇ ਦੋ ਮਹੀਨਿਆਂ ਵਿੱਚ ਕਾਰਡ ਨੂੰ 443 ਵਾਰ ਵਰਤਕੇ ਕਰੀਬ 62,99,110/- ਰੁਪਏ ਦੀਆਂ ਲਿਮਟ ਤੋ ਵੱਧ ਟਰਾਂਜੈਕਸਨਾਂ ਕਰਕੇ ਇਸ ਠੱਗੀ ਦੀ ਰਕਮ ਨਾਲ ਸੋਨੇ ਦੇ ਗਹਿਣੇ, ਘਰੇਲੂ ਸਮਾਨ, ਕੱਪੜੇ, ਨਵੀ ਬੋਲੈਰੋ ਕਾਰ, ਇਕ ਨਵੀ ਕਾਰ ਆਲਟੋ ਅਤੇ ਇਕ ਐਕਟਿਵਾ ਖਰੀਦ ਲਏ ਅਤੇ ਇਸ ਤੋ ਇਲਾਵਾ ਪੈਟਰੋਲ ਪੰਪਾਂ ਤੋ ਕਾਫੀ ਮਾਤਰਾ ਵਿੱਚ ਕਾਰਡ ਰਾਹੀਂ ਪੈਟਰੋਲ ਤੇ ਡੀਜਲ ਪੁਆ ਕੇ ਬੈਂਕ ਨਾਲ ਕਰੀਬ 1 ਕਰੋੜ 22 ਲੱਖ ਰੁਪਏ ਕਢਵਾਕੇ/ਵਰਤਕੇ ਠੱਗੀ ਮਾਰੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਉਕਤ ਮੁਕੱਦਮੇ ਸਬੰਧੀ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਇੰਚਾਰਜ ਸਾਈਬਰ ਸੈਲ, ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਮੁੱਖ ਅਫਸਰ ਥਾਣਾ ਤ੍ਰਿਪੜੀ ਦੀ ਇਕ ਟੀਮ ਦਾ ਗਠਨ ਕੀਤਾ ਗਿਆ। ਜਿਨ੍ਹਾਂ ਉਕਤ ਮੁਕੱਦਮੇ ਵਿੱਚ ਦੋਸ਼ੀ ਕੁਲਦੀਪ ਕੌਰ, ਅਮਰਜੀਤ ਸਿੰਘ, ਗੁਰਲਾਲ ਸਿੰਘ ਉਰਫ ਲਾਲ ਨੂੰ ਗੱਡੀ ਬੋਲੈਰੋ ਕਾਰ ਸਮੇਤ ਸਿਉਨਾ ਚੌਕ ਤੋ ਅਤੇ ਦੋਸ਼ੀ ਨਰਿੰਦਰ ਕੌਰ ਅਤੇ ਇਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਨੂੰ ਉਹਨਾਂ ਦੇ ਘਰ ਰਣਜੀਤ ਨਗਰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਕੁਲਦੀਪ ਕੌਰ, ਅਮਰਜੀਤ ਸਿੰਘ ਅਤੇ ਇਹਨਾਂ ਦੇ ਲੜਕੇ ਗੁਰਲਾਲ ਸਿੰਘ ਉਰਫ ਲਾਲ ਪਾਸੋ ਕਰੀਬ 325 ਗ੍ਰਾਮ ਸੋਨੇ ਦੇ ਗਹਿਣੇ, ਇਕ ਨਵੀ ਬੋਲੈਰੋ ਕਾਰ, ਇਕ ਹਾਡਾਂ ਐਕਟਿਵਾ ਅਤੇ ਨਰਿੰਦਰ ਕੌਰ ਅਤੇ ਇਸ ਦੇ ਲੜਕੇ ਕਰਮਜੀਤ ਸਿੰਘ ਉਰਫ ਸੋਨੂੰ ਪਾਸੋ ਘਰ ਦੇ ਸਟੋਰ ਵਿੱਚ ਦੱਬੇ ਹੋਏ ਕਰੀਬ ਅੱਧਾ ਕਿੱਲੋ ਸੋਨੇ ਦੇ ਗਹਿਣੇ ਬਰਾਮਦ ਕਰਵਾਏ ਗਏ ਹਨ। ਇਸ ਤੋ ਇਲਾਵਾ ਦੋਸੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋ ਕਾਫੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਹੋਰ ਬੈਂਕਾਂ ਵਿੱਚ ਰੱਖਕੇ ਲੋਨ ਲਿਆ ਹੋਇਆ ਅਤੇ ਲੋਨ ਤੇ ਲਿਆ ਪੈਸਾ ਇਹਨਾਂ ਦੇ ਵੱਖ ਵੱਖ ਬੈਂਕ ਖਾਤਿਆਂ ਵਿੱਚ ਜਮਾਂ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋਸ਼ੀਆਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਰਿਮਾਂਡ ਦੌਰਾਨ ਇੰਨ੍ਹਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਸ ਵਿੱਚ ਜੇਕਰ ਸਬੰਧਤ ਬੈਕ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਸਬੰਧਤ ਪੈਟਰੋਲ ਪੰਪਾਂ, ਜਿੱਥੋ ਕਾਫੀ ਰਕਮ ਦਾ ਪੈਟਰੋਲ/ਡੀਜਲ ਪਾਇਆ ਜਾਂਦਾ ਰਿਹਾ ਹੈ, ਦੀ ਕਿਸੇ ਤਰ੍ਹਾਂ ਦੀ ਸਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਹੈਡਕੁਆਟਰ ਸ੍ਰੀ ਨਵਨੀਤ ਸਿੰਘ ਬੈਸ, ਐਸ.ਪੀ. ਟਰੈਫਿਕ ਸ੍ਰੀ ਪਲਵਿੰਦਰ ਸਿੰਘ ਚੀਮਾਂ, ਐਸ.ਪੀ.ਡੀ. ਹਰਮੀਤ ਸਿੰਘ ਹੁੰਦਲ ਵੀ ਹਾਜ਼ਰ ਸਨ।