Ex President of Punjab BJP Kamal Sharma passes away
October 27, 2019 - PatialaPolitics
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਦਾ ਅੱਜ ਦੀਵਾਲੀ ਵਾਲੇ ਦਿਨ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਹ ਸ਼ਨੀਵਾਰ ਕਲ੍ਹ ਰਾਤੀਂ ਹੀ ਚੰਡੀਗੜ੍ਹ ਤੋਂ ਫਿਰੋਜ਼ਪੁਰ ਆਪਣੇ ਘਰ ਆਏ ਸਨ। ਸਵੇਰੇ 7 ਵਜੇ ਦੇ ਕਰੀਬ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਿੱਥੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਕੁੱਝ ਹੀ ਮਿੰਟਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਕਮਲ ਸ਼ਰਮਾ ਨੂੰ ਇਸ ਤੋਂ ਪਹਿਲਾਂ ਵੀ ਇੱਕ ਵਾਰ ਦਿਲ ਦਾ ਦੌਰਾ ਪਿਆ ਸੀ ਪ੍ਰੰਤੂ ਉਸ ਸਮੇਂ ਉਹ ਠੀਕ ਹੋ ਗਏ ਸਨ। ਦਿਲ ਦੀ ਬੀਮਾਰੀ ਦੇ ਚੱਲਦੇ ਕਮਲ ਸ਼ਰਮਾ ਨੇ ਆਪਣੀ ਰਿਹਾਇਸ਼ ਵੀ ਚੰਡੀਗੜ੍ਹ ਵਿਚ ਇਸ ਕਰਕੇ ਕਰ ਲਈ ਸੀ ਕਿ ਉਥੇ ਪੀਜੀਆਈ ਸਮੇਤ ਹਾਰਟ ਦੇ ਵੱਡੇ ਹਸਪਤਾਲ ਹਨ। ਸ਼ਰਮਾ ਦਾ ਇਲਾਜ ਚੰਡੀਗੜ੍ਹ ਵਿਚ ਹੀ ਪੀਜੀਆਈ ਤੋਂ ਚੱਲ ਰਿਹਾ ਸੀ। ਕਾਫ਼ੀ ਸਮੇਂ ਬਾਅਦ ਉਹ ਕਲ੍ਹ ਹੀ ਦੀਵਾਲੀ ਦੇ ਤਿਉਹਾਰ ਕਰਕੇ ਆਪਣੇ ਜ਼ੱਦੀ ਘਰ ਫਿਰੋਜ਼ਪੁਰ ਵਿਖੇ ਪਰਿਵਾਰ ਸਮੇਤ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਆਏ ਸਨ। ਪ੍ਰੰਤੂ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਨੂੰ ਮੁੜ ਦਿਲ ਦਾ ਦੌਰਾ ਪੈ ਜਾਵੇਗਾ ਤੇ ਸਦਾ ਲਈ ਵਿੱਛੜ ਜਾਣਗੇ।
ਕਮਲ ਸ਼ਰਮਾ ਦੀ ਮੌਤ ਉਤੇ ਅਕਾਲੀ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਮਲ ਸ਼ਰਮਾ ਇੱਕ ਬਹੁਤ ਹੀ ਵਧੀਆ ਤੇ ਚੰਗੇ ਆਗੂ ਸਨ।