Patiala to Sultanpur Lodhi special train time table

November 11, 2019 - PatialaPolitics


ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਸਵੇਰੇ 5 ਵਜੇ ਵਿਸ਼ੇਸ਼ ਟਰੇਨ ਹੁੰਦੀ ਹੈ ਰਵਾਨਾ – ਸਟੇਸ਼ਨ ਮਾਸਟਰ
12 ਤੇ 13 ਨਵੰਬਰ ਨੂੰ ਵੀ ਚਲੇਗੀ ਵਿਸ਼ੇਸ਼ ਟਰੇਨ
ਪਟਿਆਲਾ, 11 ਨਵੰਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ‘ਤੇ ਭਾਰਤੀ ਰੇਲਵੇ ਵੱਲੋਂ ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਟਰੇਨ ਚਲਾਈ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦਿਆ ਸਟੇਸ਼ਨ ਮਾਸਟਰ ਸ. ਅਜੀਤ ਸਿੰਘ ਚੀਮਾ ਨੇ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੰਗਤਾਂ ਦੀ ਸਹੂਲਤ ਲਈ 10, 11, 12 ਅਤੇ 13 ਨਵੰਬਰ ਲਈ ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਰਾਹੀ ਸੰਗਤ ਸਵੇਰੇ ਪਟਿਆਲੇ ਤੋਂ ਚੱਲਕੇ ਸ਼ਾਮ ਨੂੰ ਦਰਸ਼ਨ ਕਰਕੇ ਵਾਪਸ ਪਟਿਆਲੇ ਪਹੁੰਚ ਸਕਦੀ ਹੈ।
ਸਟੇਸ਼ਨ ਮਾਸਟਰ ਨੇ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਟਰੇਨ ਸਵੇਰੇ 5 ਵਜੇ ਪਟਿਆਲਾ ਤੋਂ ਚੱਲਕੇ ਧੂਰੀ, ਲੁਧਿਆਣਾ, ਫਿਲੌਰ ਤੋਂ ਨਕੋਦਰ ਹੁੰਦੇ ਹੋਏ ਲੋਹੀਆਂ ਖਾਸ ਤੱਕ 193 ਕਿਲੋਮੀਟਰ ਦਾ ਸਫ਼ਰ ਤਹਿ ਕਰਦੀ ਹੈ। ਉਨ੍ਹਾਂ ਦੱਸਿਆ ਚਾਰ ਦਿਨ ਚੱਲਣ ਵਾਲੀਆਂ ਇਨ੍ਹਾਂ ਵਿਸ਼ੇਸ਼ ਟਰੇਨਾਂ ਵਿਚ 1 ਏ.ਸੀ. ਡੱਬਾ ਹੈ ਜਿਸ ਦਾ ਕਿਰਾਇਆ 750 ਰੁਪਏ, 4 ਸਲੀਪਰ ਡੱਬੇ ਹਨ ਜਿਨ੍ਹਾਂ ਦਾ ਕਿਰਾਇਆ 230 ਰੁਪਏ ਅਤੇ 6 ਜਨਰਲ ਡੱਬੇ ਹਨ ਜਿਨ੍ਹਾਂ ਦਾ ਕਿਰਾਇਆ 80 ਰੁਪਏ ਹੈ।
ਸ੍ਰੀ ਅਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਵਿਸ਼ੇਸ਼ ਟਰੇਨ ਦੁਪਹਿਰੇ 1:30 ਵਜੇ ਲੋਹੀਆਂ ਖਾਸ ਤੋਂ ਚੱਲਕੇ ਸ਼ਾਮ 6:40 ਵਜੇ ਵਾਪਸ ਪਟਿਆਲਾ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਨੂੰ ਇਹ ਵਿਸ਼ੇਸ਼ ਟਰੇਨਾਂ ਲੋਹੀਆਂ ਖਾਸ ਸਟੇਸ਼ਨ ਤੱਕ ਲੈਕੇ ਜਾਂਦੀਆਂ ਹਨ ਅਤੇ ਅਗਲੇ 8 ਕਿਲੋਮੀਟਰ ਦੇ ਸਫ਼ਰ ਲਈ ਉਥੋਂ ਸੜਕੀ ਆਵਾਜਾਈ ਲਈ ਵੀ ਪ੍ਰਬੰਧ ਹਨ।