Patiala Heritage Festival 2020 Schedule

February 10, 2020 - PatialaPolitics


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰਾਸਤੀ ਉਤਸਵ ਅਤੇ ਸ਼ਿਲਪ ਮੇਲਾ ਹਰ ਵਰ੍ਹੇ ਕਰਵਾਉਣ ਦੇ ਕੀਤੇ ਐਲਾਨ ਦੇ ਮੱਦੇਨਜ਼ਰ ਵਿਰਾਸਤੀ ਅਤੇ ਇਤਿਹਾਸਕ ਸ਼ਹਿਰ ਪਟਿਆਲਾ, ‘ਪਟਿਆਲਾ ਹੈਰੀਟੇਜ਼ ਫੈਸਟੀਵਲ-2020’ ਅਤੇ ਕਰਾਫ਼ਟ ਮੇਲੇ ਦੀ ਤੀਜੀ ਵਾਰ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਹੈਰੀਟੇਜ਼ ਫੈਸਟੀਵਲ ਦੇ ਨੋਡਲ ਅਫ਼ਸਰ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਤੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ਼ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ 22 ਫਰਵਰੀ ਤੋਂ 28 ਫਰਵਰੀ ਤੱਕ ਕਰਵਾਏ ਜਾ ਰਹੇ ਪਟਿਆਲਾ ਵਿਰਾਸਤੀ ਉਤਸਵ-2020 ਦੇ ਵੱਖੋ-ਵੱਖ ਪ੍ਰੋਗਰਾਮ ਕਿਲਾ ਮੁਬਾਰਕ, ਪੋਲੋ ਗਰਾਊਂਡ, ਬਾਰਾਂਦਰੀ ਬਾਗ, ਫ਼ੂਲ ਸਿਨੇਮਾ, ਐਨ.ਆਈ.ਐਸ. ਤੇ ਏਵੀਏਸ਼ਨ ਕਲੱਬ ਵਿਖੇ ਕਰਵਾਏ ਜਾਣਗੇ, ਜਿਥੇ ਦਾਖ਼ਲਾ ਬਿਲਕੁਲ ਮੁਫ਼ਤ ਹੋਵੇਗਾ। ਜਦੋਂ ਕਿ ਇਸਦੇ ਇੱਕ ਹਿੱਸੇ ਵਜੋਂ 5 ਮਾਰਚ ਤੱਕ ਚੱਲਣ ਵਾਲਾ ਕਰਾਫ਼ਟ ਮੇਲਾ ਸ਼ੀਸ਼ ਮਹਿਲ ਵਿਖੇ ਲਗਾਇਆ ਜਾ ਰਿਹਾ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਕਰਵਾਏ ਜਾਣ ਵਾਲੇ ਇਸ ਉਤਸਵ ਵਿੱਚ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਰਾਸਤੀ ਉਤਸਵ ਦੇ ਪ੍ਰੋਗਰਾਮਾਂ ਵਿੱਚ ਕੋਈ ਟਿਕਟ ਨਹੀਂ ਹੋਵੇਗੀ, ਇਸ ਲਈ ਸਮੂਹ ਪਟਿਆਲਵੀਆਂ ਤੇ ਆਮ ਲੋਕਾਂ ਨੂੰ ਇਸ ਵੱਡੇ ਆਯੋਜਨ ਦਾ ਅਨੰਦ ਮਾਣਨ ਦਾ ਖੁੱਲਾ ਸੱਦਾ ਹੈ।
ਹੈਰੀਟੇਜ਼ ਫੈਸਟੀਵਲ ਦਾ ਪ੍ਰੋਗਰਾਮ ਜਾਰੀ ਕਰਦਿਆਂ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 22 ਫਰਵਰੀ ਨੂੰ ਸ਼ਾਮ 6 ਵਜੇ ਪਟਿਆਲਾ ਹੈਰੀਟੇਜ਼ ਫੈਸਟੀਵਲ ਦੀ ਸ਼ੁਰੂਆਤ ਕਿਲਾ ਮੁਬਾਰਕ ਦੇ ਖੁੱਲ੍ਹੇ ਵਿਹੜੇ ‘ਚ ਦਰਬਾਰ ਹਾਲ ਦੇ ਸਾਹਮਣੇ ‘ਪਟਿਆਲਾ ਦੇ ਇਤਿਹਾਸ’ ਬਾਰੇ ਸ੍ਰੀ ਹਰਬਖ਼ਸ਼ ਸਿੰਘ ਲਾਟਾ ਵੱਲੋਂ ਨਿਰਦੇਸ਼ਤ ਡਾਕੂਮੈਂਟਰੀ ਫ਼ਿਲਮ ਦੀ ਪੇਸ਼ਕਾਰੀ ਨਾਲ ਹੋਵੇਗੀ। ਜਦੋਂਕਿ ਕਰਾਫ਼ਟ ਮੇਲੇ ਦੀ ਸ਼ੁਰੂਆਤ ਸ਼ੀਸ਼ ਮਹਿਲ ਵਿਖੇ ਬਾਅਦ ਦੁਪਹਿਰ 3 ਵਜੇ ਹੋਵੇਗੀ, ਜਿਸ ‘ਚ ਦੇਸ਼ ਭਰ ਤੋਂ 150 ਤੋਂ ਵਧੇਰੇ ਸ਼ਿਲਪਕਾਰ ਹਿੱਸਾ ਲੈਣ ਪੁੱਜਣਗੇ ਤੇ ਇੱਥੇ ਵੱਖ-ਵੱਖ ਰਾਜਾਂ ਦਾ ਸੱਭਿਆਚਾਰ, ਖਾਣਾ, ਦਸਤਕਾਰੀ ਵਸਤਾਂ ਦੀ ਦਰਸ਼ਕਾਂ ਲਈ ਉਪਲਬਧ ਹੋਣਗੀਆਂ।
ਇਸ ਮੌਕੇ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 23 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਡਾਗ ਸ਼ੋਅ ਕਰਵਾਇਆ ਜਾਵੇਗਾ, ਜਿਥੇ ਕੁੱਤਿਆਂ ਦੀਆਂ 300 ਤੋਂ ਵਧੇਰੇ ਕਿਸਮਾਂ ਦੀ ਦਿਲਕਸ਼ ਪ੍ਰਦਰਸ਼ਨੀ ਹੋਵੇਗੀ ਤੇ ਤਿੰਨ ਰਿੰਗਾਂ ‘ਚ ਕੁੱਤਿਆਂ ਦੀਆਂ ਕਿਸਮਾਂ ਦੇ ਮੁਕਾਬਲੇ ਵੀ ਹੋਣਗੇ।
23 ਫਰਵਰੀ ਦੀ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਦਮ ਭੂਸ਼ਨ ਰਾਜਾ ਰਾਧਾ ਰੈਡੀ ਵੱਲੋਂ ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਨਾਚ ‘ਕੁਚੀਪੁੜੀ’ ਦੀ ਭਾਵਪੂਰਤ ਪੇਸ਼ਕਾਰੀ ਸਮੇਤ ਖਿਆਲ, ਠੁਮਰੀ ਤੇ ਦਾਦਰਾ ਦੀ ਪ੍ਰਸਿੱਧ ਗਾਇਕਾ ਪਦਮਸ੍ਰੀ ਸ਼ੁਭਾ ਮੁਦਗਲ ਵੱਲੋਂ ਭਾਰਤੀ ਸ਼ਾਸਤਰੀ ਗਾਇਨ ਦੀ ਦਿਲਕਸ਼ ਪੇਸ਼ਕਾਰੀ ਹੋਵੇਗੀ।
ਇਸੇ ਤਰ੍ਹਾਂ 24 ਫਰਵਰੀ ਨੂੰ ਸਵੇਰੇ 11 ਵਜੇ ਬਾਰਾਂਦਰੀ ਬਾਗ ‘ਚ ਫੁੱਲ ਅਤੇ ਭੋਜਨ ਉਤਸਵ ਮਨਾਇਆ ਜਾਵੇਗਾ ਜਿਸ ‘ਚ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਪ੍ਰਸਿੱਧ ਸ਼ੈਫ਼ ਪੁੱਜਣਗੇ ਤੇ ਕੁਕਰੀ ਸ਼ੋਅ ਮੌਕੇ ਖਾਣਾ ਬਨਾਉਣ ਦਾ ਮੁਕਾਬਲਾ ਹੋਵੇਗਾ। ਸ਼ਾਮ ਨੂੰ ਕਿਲਾ ਮੁਬਾਰਕ ਵਿਖੇ ਪਦਮ ਸ੍ਰੀ ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਵੱਲੋਂ ਸਿਤਾਰ ਵਾਦਨ ਦੀ ਸੰਗੀਤਕ ਪੇਸ਼ਕਾਰੀ ਅਤੇ ਭਾਰਤੀ ਕੱਥਕ ਨਰਤਕੀ ਪਦਮਸ੍ਰੀ ਸ਼ੋਵਨਾ ਨਾਰਾਇਣ ਵੱਲੋਂ ਕੱਥਕ ਦੀ ਪੇਸ਼ਕਾਰੀ ਦਿੱਤੀ ਜਾਵੇਗੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਹੋਰ ਦੱਸਿਆ ਕਿ 25 ਫਰਵਰੀ ਨੂੰ ਫੂਲ ਸਿਨੇਮਾ ਵਿਖੇ ਸ੍ਰੀ ਵਿਸ਼ਾਲ ਸ਼ਰਮਾ ਵੱਲੋਂ ਨਿਰਦੇਸ਼ਤ ਫ਼ਿਲਮ ਨਾਨਕ ਨੂਰ-ਏ-ਇਲਾਹੀ ਦੇ ਦੋ ਸ਼ੋਅ ਸਵੇਰੇ 11 ਤੋਂ 12 ਵਜੇ ਅਤੇ 12 ਤੋਂ 1 ਵਜੇ ਤੱਕ ਮੁਫ਼ਤ ਦਿਖਾਏ ਜਾਣਗੇ ਅਤੇ ਸ਼ਾਮ ਨੂੰ 7 ਵਜੇ ਐਨ.ਆਈ.ਐਸ. ਵਿਖੇ ਮਰਹੂਮ ਸ੍ਰੀ ਹਰਪਾਲ ਟਿਵਾਣਾ ਦੇ ਨਾਟਕ ਦੀਵਾ ਬਲੇ ਸਾਰੀ ਰਾਤ ਨੂੰ ਸ੍ਰੀ ਮਨਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ ਪ੍ਰਦਰਸ਼ਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 26 ਫਰਵਰੀ ਨੂੰ ਬਾਅਦ ਦੁਪਹਿਰ 2 ਵਜੇ ਸੰਗਰੂਰ ਰੋਡ ‘ਤੇ ਸਥਿਤ ਨਿਊ ਪੋਲੋ ਗਰਾਊਂਡ (ਏਵੀਏਸ਼ਨ ਕਲੱਬ) ਵਿਖੇ ਪੋਲੋ ਦੇ ਮੈਚ ਹੋਣਗੇ। ਜਦੋਂਕਿ ਸ਼ਾਮ ਨੂੰ ਕਿਲਾ ਮੁਬਾਰਕ ਵਿਖੇ 7 ਵਜੇ ਪ੍ਰਸਿੱਧ ਤਬਲਾ ਵਾਦਕ ਪਦਮ ਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਵੱਲੋਂ ਤਬਲੇ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਇਸੇ ਤਰ੍ਹਾਂ 27 ਫਰਵਰੀ ਨੂੰ ਚੰਡੀਗੜ੍ਹ ਵਿੰਟੇਜ਼ ਕਲੱਬ ਦੇ ਸਹਿਯੋਗ ਨਾਲ ਸਵੇਰੇ 9 ਵਜੇ ਵਿੰਟੇਜ਼ ਕਾਰ ਰੈਲੀ ਕੱਢੀ ਜਾਵੇਗੀ, ਜੋਕਿ ਚੰਡੀਗੜ੍ਹ ਤੋਂ ਸ਼ੁਰੂ ਹੋਕੇ ਪੰਜਾਬੀ ਯੂਨੀਵਰਸਿਟੀ ਤੋਂ ਹੁੰਦੀ ਹੋਈ ਸਰਹਿੰਦ ਬਾਈਪਾਸ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਜ਼ਿਲ੍ਹਾ ਪ੍ਰਬੰਧਕੀ ਕੰਪਲੈਸਕ, ਥਾਪਰ ਯੂਨੀਵਰਸਿਟੀ, ਭੁਪਿੰਦਰਾ ਰੋਡ, ਫੁਹਾਰਾ ਚੌਂਕ ਤੋਂ ਲੋਅਰ ਮਾਲ, ਮਹਿੰਦਰਾ ਕਾਲਜ ਤੋਂ ਹੁੰਦੀ ਹੋਈ, ਫੂਲ ਥੀਏਟਰ ਵਿਖੇ ਸਮਾਪਤ ਹੋਵੇਗੀ, ਇਥੇ ਲੋਕ ਵਿਰਾਸਤੀ ਕਾਰਾਂ ਨਾਲ ਆਪਣੀਆਂ ਫੋਟੋਆਂ ਵੀ ਖਿਚਵਾ ਸਕਣਗੇ। ਜਦੋਂਕਿ ਇਸੇ ਸ਼ਾਮ 7 ਵਜੇ ਐਨ.ਆਈ.ਐਸ. ਵਿਖੇ ਪ੍ਰਸਿੱਧ ਡਿਜ਼ਾਈਨਰ ਹਰਮੀਤ ਬਜ਼ਾਜ਼ ਦੀ ਅਗਵਾਈ ਹੇਠ ਫ਼ੈਸ਼ਨ ਸ਼ੋਅ ਹੋਵੇਗਾ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 28 ਫਰਵਰੀ ਨੂੰ ਸਵੇਰੇ 11 ਵਜੇ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਏਅਰੋ ਮਾਡਲਿੰਗ ਦੇ ਕਰਤੱਬ ਹੋਣਗੇ। ਜਦੋਂਕਿ ਇਸੇ ਸ਼ਾਮ ਨੂੰ 6.30 ਵਜੇ ਪੋਲੋ ਗਰਾਊਂਡ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਉੱਘੇ ਗਾਇਕ ਜ਼ਸਨ ਸਿੰਘ ਅਤੇ ਰਣਜੀਤ ਬਾਵਾ ਵੱਲੋਂ ਪੌਪ ਗਾਇਕੀ ਦੀ ਦਿਲਕਸ਼ ਪੇਸ਼ਕਾਰੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਉਤਸਵ ਦੌਰਾਨ ਸ਼ੀਸ਼ ਮਹਿਲ ਵਿਖੇ 22 ਤੋਂ 24 ਫਰਵਰੀ ਤੱਕ ਡਾਕ ਵਿਭਾਗ ਅਤੇ ਸ੍ਰੀ ਨਰਿੰਦਰਪਾਲ ਸਿੰਘ ਵੱਲੋਂ ਫ਼ੂਲਕੀਆ ਰਿਆਸਤਾਂ ਦੀਆਂ ਡਾਕ ਟਿਕਟਾਂ ਅਤੇ ਪੁਰਾਤਨ ਸਿੱਕਿਆਂ ਦੀ (ਨਿਯੁਮਿਸਮੈਟਿਕ ਐਂਡ ਫ਼ਿਲੈਟਲਿਕ) ਇੱਕ ਵਿਲੱਖਣ ਪ੍ਰਦਰਸ਼ਨੀ ਲਗਾਈ ਜਾਵੇਗੀ, ਜੋਕਿ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ।

ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਆਖਿਆ ਕਿ ਪਟਿਆਲਾ ਇਕ ਵਿਰਾਸਤੀ ਸ਼ਹਿਰ ਹੈ, ਜਿਥੇ ਵਿਰਾਸਤੀ ਮੇਲੇ ਲੱਗਦੇ ਰਹੇ ਹਨ ਤੇ ਹੁਣ ਇਨ੍ਹਾਂ ਮੇਲਿਆਂ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੀ ਵਿਰਾਸਤ ਅਤੇ ਕਲਾ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਨੇ ਅਹਿਮ ਉਪਰਾਲਾ ਕੀਤਾ ਹੈ। ਇਸ ਲਈ ਸਮੂਹ ਪਟਿਆਲਵੀਆਂ ਅਤੇ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਇਸ ਉਤਸਵ ਮੌਕੇ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।