Closed due to CoronaVirus in Patiala

March 14, 2020 - PatialaPolitics


ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਨੋਵਲ ਕਰੋਨਾਵਾਇਰਸ ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਅਤੇ ਜਨਤਕ ਹਿੱਤਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੁੱਕੇ ਗਏ ਕਦਮਾਂ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਵੀ ਸਾਰੇ ਸਿਨੇਮਾ ਹਾਲ, ਜਿਮ ਤੇ ਸਵਿਮਿੰਗ ਪੂਲਜ 14 ਮਾਰਚ ਦੀ ਅੱਧੀ ਰਾਤ ਤੋਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਵੱਲੋਂ ਜਾਰੀ ਹੁਕਮਾਂ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲਜ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਇਸ ਤੋਂ ਬਿਨ੍ਹਾਂ ਅੱਜ (14 ਮਾਰਚ) ਅੱਧੀ ਰਾਤ ਤੋਂ ਲਾਗੂ ਹੁਕਮਾਂ ਮੁਤਾਬਕ ਜ਼ਿਲ੍ਹੇ ਅੰਦਰ ਸਾਰੇ ਜਨਤਕ ਇਕੱਠ, ਖੇਡ ਸਮਾਰੋਹ, ਕਾਨਫਰੰਸਾਂ, ਸੱਭਿਆਚਾਰਕ ਸਮਾਗਮ, ਮੇਲੇ ਅਤੇ ਪ੍ਰਦਰਸ਼ਨੀਆਂ ਵੀ ਨਹੀਂ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਦਿਖਾਈ ਜਾਵੇ, ਕਿਉਂਕਿ ਨੋਵਲ ਕਰੋਨਾਵਾਇਰਸ ਦੇ ਮਾਮਲੇ ‘ਚ ਸਥਿਤੀ ਪੂਰੀ ਨਿਯੰਤਰਣ ਹੇਠ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ 24 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਪੂਰੀ ਤਰ੍ਹਾਂ ਸਰਗਰਮ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਆਮ ਲੋਕ ਆਪਣੀ ਸਿਹਤ ਪ੍ਰਤੀ ਚੌਕਸ ਜਰੂਰ ਰਹਿਣ ਪ੍ਰੰਤੂ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫ਼ਵਾਹਾਂ ਉਪਰ ਯਕੀਨ ਕਰਨ। ਉਨ੍ਹਾਂ ਕਿਹਾ ਕਿ ਹੱਥ ਚੰਗੀ ਤਰ੍ਹਾਂ ਧੋਏ ਜਾਣ, ਸਾਫ਼-ਸਫ਼ਾਈ ਰੱਖੀ ਜਾਵੇ ਅਤੇ ਬੁਖਾਰ, ਖਾਂਸੀ, ਜੁਕਾਮ, ਸਾਂਹ ਲੈਣ ‘ਚ ਤਕਲੀਫ਼ ਆਦਿ ਸਮੇਤ ਗੰਭੀਰ ਲੱਛਣਾਂ ਦੀ ਸੂਰਤ ‘ਚ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਜਨਤਕ ਇਕੱਠਾਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਅਤੇ ਇੱਕ ਦੂਜੇ ਨਾਲ ਹੱਥ ਮਿਲਾਉਣ ਆਦਿ ਤੋਂ ਵੀ ਗੁਰੇਜ਼ ਕਰਨ।