9 arrested in Patiala for violating Janta Curfew

March 23, 2020 - PatialaPolitics


ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਆਪਣੇ ਘਰਾਂ ‘ਚ ਹੀ ਰੱਖਣ ਲਈ 22 ਮਾਰਚ ਨੂੰ ਲਗਾਏ ਗਏ ਜਨਤਕ ਕਰਫਿਊ ਦੀ ਉਲੰਘਣਾਂ ਕਰਕੇ ਗਲੀਆਂ ‘ਚ ਵੱਡੇ ਇਕੱਠ ਦੇ ਰੂਪ ‘ਚ ਆਕੇ ਭਾਂਡੇ ਖੜਕਾਉਣ ਵਾਲਿਆਂ ਵਿਰੁੱਧ ਬੀਤੇ ਦਿਨ ਪਟਿਆਲਾ ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ‘ਚ ਅੱਜ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਕੋਤਵਾਲੀ ਵਿਖੇ ਕੁਝ ਲੋਕਾਂ ਵਿਰੁੱਧ ਮੁਕੱਦਮਾ ਨੰਬਰ 65 ਮਿਤੀ 22 ਮਾਰਚ ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 188, 269 ਤਹਿਤ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਮਨਿੰਦਰ ਕੁਮਾਰ, ਸ਼ਾਂਤੀ ਕੁਮਾਰ, ਸੰਦੀਪ ਕੁਮਾਰ, ਜਗਜੀਤ ਸਿੰਘ, ਵਰਿੰਦਰ ਕੁਮਾਰ, ਨਰੇਸ਼ ਕੁਮਾਰ ਅਤੇ ਪ੍ਰਿੰਸ ਕੁਮਾਰ ਵਾਸੀਅਨ ਮੁਹੱਲਾ ਬਗੀਚੀ ਮੰਗਲ ਦਾਸ ਵਜੋਂ ਹੋਈ ਹੈ।
ਐਸ.ਐਸ.ਪੀ. ਨੇ ਕਿਹਾ ਕਿ ਇਨ੍ਹਾਂ ਦੇ ਬਾਕੀ ਦੋਸ਼ੀ ਸਾਥੀਆਂ ਨੂੰ ਪਛਾਣ ਕੇ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਦੀ ਵੱਡੀ ਗਿਣਤੀ ਇਕੱਠੇ ਹੋ ਕੇ ਗ਼ੈਰਜ਼ਿੰਮੇਵਾਰੀ ਦਾ ਸਬੂਤ ਦਿੰਦਿਆਂ ਉਲੰਘਣਾ ਕੀਤੀ ਸੀ।
ਸ. ਸਿੱਧੂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਲਾਪਰਵਾਹੀ ਵਰਤਦਿਆਂ ਕੋਰੋਨਾਵਾਇਰਸ ਦੀ ਲਾਗ ਫੈਲਾਉਣ ਦਾ ਖਦਸ਼ਾ ਪੈਦਾ ਕਰ ਦਿੱਤਾ ਜਿਸ ਨਾਲ ਮਨੁੱਖਾਂ ਦੀ ਜਾਨ ਖ਼ਤਰੇ ‘ਚ ਪੈ ਗਈ ਹੈ ਇਸ ਲਈ ਇਨ੍ਹਾਂ ਵਿਰੁੱਧ ਆਈ.ਪੀ.ਸੀ ਦੀ ਧਾਰਾ 269 (ਕਗਨੀਜ਼ਬਲ) ਤਹਿਤ ਕੇਸ ਦਰਜ ਕੀਤਾ ਗਿਆ ਅਤੇ ਇਸ ‘ਚ 6 ਮਹੀਨੇ ਦੀ ਕੈਦ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਕੱਲਾ ਪੁਲਿਸ ਦਰਜ ਹੋਣ ਨਾਲ ਇਨ੍ਹਾਂ ਦੀ ਪਾਸਪੋਰਟ ਇਨਕੁਆਰੀ, ਪੁਲਿਸ ਇਨਕੁਆਰੀ, ਸਰਕਾਰੀ ਨੌਕਰੀ ਲੈਣ ਸਮੇਂ ਪੁਲਿਸ ਇਨਕੁਆਰੀ ਆਦਿ ਪ੍ਰਭਾਵਤ ਹੋਵੇਗੀ।
ਐਸ.ਐਸ.ਪੀ. ਨੇ ਕਿਹਾ ਕਿ ਕੋਰੋਨਾਵਾਇਰਸ ਇੱਕ ਮਹਾਂਮਾਰੀ ਹੈ ਜੋ ਕਿ ਲਾਗ ਨਾਲ ਹੁੰਦੀ ਹੈ, ਨੂੰ ਰੋਕਣ ਲਈ ਅਜਿਹੇ ਸਖ਼ਤ ਕਦਮ ਉਠਾਉਣੇ ਜਰੂਰੀ ਹਨ, ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ, ਆਪਣੇ ਪਰਿਵਾਰ ਅਤੇ ਦੂਜਿਆਂ ਦੀ ਜਾਨ ਦੀ ਹਿਫ਼ਾਜ਼ਤ ਲਈ ਨਿਰਧਾਰਤ ਨੇਮਾਂ ਦੀ ਪਾਲਣਾ ਹਰ ਹਾਲ ‘ਚ ਯਕੀਨੀ ਬਣਾਂਈ ਜਾਵੇ।